ਮੁਸ਼ਕਲ ਸਮੇਂ ‘ਚ ਮਿਲਿਆ ਸਹਾਰਾ: 8 ਲੱਖ ਤੋਂ ਵੱਧ ਦਾ ਇਲਾਜ ਸਰਕਾਰ ਨੇ ਕੀਤਾ

ਮੁਸ਼ਕਲ ਸਮੇਂ ‘ਚ ਮਿਲਿਆ ਸਹਾਰਾ: 8 ਲੱਖ ਤੋਂ ਵੱਧ ਦਾ ਇਲਾਜ ਸਰਕਾਰ ਨੇ ਕੀਤਾ

ਪਟਿਆਲਾ ਦੇ ਇਕ ਸਧਾਰਣ ਡਰਾਈਵਰ ਗੁਰਪਿੰਦਰ ਜੀਤ ਸਿੰਘ ਲਈ ਪਿਛਲੇ ਕੁਝ ਮਹੀਨੇ ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ਵਾਂਗ ਸਾਬਤ ਹੋਏ। ਲਗਭਗ ਪੰਜ ਮਹੀਨੇ ਪਹਿਲਾਂ ਉਸਦੀ 65 ਸਾਲਾ ਮਾਤਾ ਬਲਜੀਤ ਕੌਰ ਦੀ ਤਬੀਅਤ ਅਚਾਨਕ ਖ਼ਰਾਬ ਹੋਣੀ ਸ਼ੁਰੂ ਹੋ ਗਈ, ਜਿਸ ਕਾਰਨ ਉਹ ਹੌਲੀ-ਹੌਲੀ ਖਾਣਾ-ਪੀਣਾ ਵੀ ਛੱਡ ਗਈ। ਪਰਿਵਾਰ ਲਈ ਇਹ ਸਿਰਫ਼ ਬਿਮਾਰੀ ਨਹੀਂ, ਸਗੋਂ ਹਰ ਰੋਜ਼ ਵਧਦਾ ਚਿੰਤਾ ਅਤੇ ਦਰਦ ਸੀ। ਗੁਰਪਿੰਦਰ ਜੀਤ ਨੇ ਪਹਿਲਾਂ ਨਿੱਜੀ ਡਾਕਟਰਾਂ ਕੋਲ ਇਲਾਜ ਕਰਵਾਇਆ, ਪਰ ਹਾਲਤ ਵਿੱਚ ਸੁਧਾਰ ਨਾ ਆਉਣ ‘ਤੇ ਮਾਤਾ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਰੈਫਰ ਕੀਤਾ ਗਿਆ। ਉੱਥੇ ਟੈਸਟ ਅਤੇ ਇਲਾਜ ਦੇ ਬਾਵਜੂਦ ਸਿਹਤ ਹੋਰ ਗੰਭੀਰ ਹੋ ਗਈ। ਜਦੋਂ ਰਿਪੋਰਟ ਆਈ, ਤਾਂ ਪਤਾ ਲੱਗਾ ਕਿ ਬਲਜੀਤ ਕੌਰ ਨੂੰ ਬੱਚੇਦਾਨੀ ਦਾ ਕੈਂਸਰ ਹੈ, ਜਿਸ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਸ ਗੰਭੀਰ ਸਥਿਤੀ ਵਿੱਚ ਗੁਰਪਿੰਦਰ ਨੇ ਬਿਨਾਂ ਦੇਰ ਕੀਤੇ ਆਪਣੀ ਮਾਂ ਨੂੰ ਸੰਗਰੂਰ ਸਥਿਤ ਟਾਟਾ ਕੈਂਸਰ ਹਸਪਤਾਲ ਲਿਜਾਇਆ। ਇਲਾਜ ਦੀ ਸ਼ੁਰੂਆਤ ਨਾਲ ਹੀ 60 ਹਜ਼ਾਰ ਰੁਪਏ ਤੋਂ ਵੱਧ ਦਾ ਖਰਚ ਆ ਗਿਆ, ਜੋ ਇੱਕ ਆਮ ਡਰਾਈਵਰ ਲਈ ਬਹੁਤ ਵੱਡੀ ਰਕਮ ਸੀ। ਇਸ ਦੌਰਾਨ ਉਸਦੇ ਮਨ ਵਿੱਚ ਇੱਕੋ ਚਿੰਤਾ ਸੀ—ਮਾਂ ਦੀ ਜ਼ਿੰਦਗੀ ਕਿਵੇਂ ਬਚਾਈ ਜਾਵੇ। ਇਸੇ ਸਮੇਂ ਉਸਨੂੰ ਹਸਪਤਾਲ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਜਾਣਕਾਰੀ ਮਿਲੀ। ਗੁਰਪਿੰਦਰ ਨੇ ਤੁਰੰਤ ਰਜਿਸਟ੍ਰੇਸ਼ਨ ਕਰਵਾਇਆ ਅਤੇ ਕੁਝ ਹੀ ਸਮੇਂ ਵਿੱਚ ਉਸਨੂੰ ਸਮਾਰਟ ਕਾਰਡ ਮਿਲ ਗਿਆ। ਇਸ ਤੋਂ ਬਾਅਦ ਮਾਂ ਦਾ ਪੂਰਾ ਇਲਾਜ ਯੋਜਨਾ ਦੇ ਅਧੀਨ ਕੀਤਾ ਗਿਆ। ਮਹਿੰਗੇ ਟੈਸਟ, ਕੀਮੋਥੈਰੇਪੀ, ਦਵਾਈਆਂ, ਆਪਰੇਸ਼ਨ, ਆਈਸੀਯੂ ਅਤੇ ਵੈਂਟੀਲੇਟਰ ਸਮੇਤ ਸਾਰਾ ਖਰਚ ਸਰਕਾਰ ਨੇ ਝੱਲਿਆ। ਡਾਕਟਰਾਂ ਦੇ ਮੁਤਾਬਕ, ਮਰੀਜ਼ ਦੀ ਸਥਿਤੀ ਕਾਫ਼ੀ ਜਟਿਲ ਸੀ ਕਿਉਂਕਿ ਕੈਂਸਰ ਬੱਚੇਦਾਨੀ ਤੋਂ ਲੀਵਰ ਅਤੇ ਫੇਫੜਿਆਂ ਤੱਕ ਫੈਲ ਚੁੱਕਾ ਸੀ। ਪਹਿਲਾਂ ਤਿੰਨ ਵਾਰ ਕੀਮੋਥੈਰੇਪੀ ਦਿੱਤੀ ਗਈ, ਪਰ ਸਰੀਰ ਦੀ ਕਮਜ਼ੋਰੀ ਕਾਰਨ ਸਾਈਡ ਇਫੈਕਟ ਸਾਹਮਣੇ ਆਏ। ਇਸ ਤੋਂ ਬਾਅਦ ਹੌਲੀ-ਹੌਲੀ ਡੋਜ਼ ਘਟਾ ਕੇ ਹੋਰ ਨੌ ਵਾਰ ਕੀਮੋਥੈਰੇਪੀ ਕੀਤੀ ਗਈ। ਇਲਾਜ ਤੋਂ ਬਾਅਦ ਟਿਊਮਰ ਇੱਕ ਥਾਂ ‘ਤੇ ਸਿਮਟ ਗਿਆ ਅਤੇ ਡਾਕਟਰਾਂ ਨੇ ਲਗਭਗ ਅੱਠ ਘੰਟਿਆਂ ਦੇ ਆਪਰੇਸ਼ਨ ਰਾਹੀਂ ਇਸਨੂੰ ਹਟਾ ਦਿੱਤਾ। ਆਪਰੇਸ਼ਨ ਤੋਂ ਬਾਅਦ ਮਰੀਜ਼ ਕੁਝ ਦਿਨ ਆਈਸੀਯੂ ਅਤੇ ਵੈਂਟੀਲੇਟਰ ‘ਤੇ ਰਹੀ ਅਤੇ ਫਿਰ ਵਾਰਡ ਵਿੱਚ ਸ਼ਿਫਟ ਕੀਤੀ ਗਈ। ਇਸ ਦੌਰਾਨ ਗੁਰਪਿੰਦਰ ਹਰ ਵੇਲੇ ਆਪਣੀ ਮਾਂ ਦੇ ਨਾਲ ਰਿਹਾ ਅਤੇ ਉਸਦੀ ਸੇਵਾ ਕਰਦਾ ਰਿਹਾ। ਲਗਭਗ ਅੱਠ ਦਿਨਾਂ ਦੇ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਮਾਂ ਦੀ ਸਿਹਤ ਵਿੱਚ ਸੁਧਾਰ ਆਉਣਾ ਸ਼ੁਰੂ ਹੋਇਆ। 24 ਨਵੰਬਰ 2025 ਤੋਂ ਸ਼ੁਰੂ ਹੋਇਆ ਇਲਾਜ ਦਾ ਇਹ ਸਫ਼ਰ ਅਜੇ ਵੀ ਜਾਰੀ ਹੈ ਅਤੇ ਅਗਲੇ ਟੈਸਟ ਅਤੇ ਫਾਲੋਅਪ ਲਈ ਉਹ ਮੁੱਲਾਂਪੁਰ ਦੇ ਹਸਪਤਾਲ ਜਾਣਗੇ। ਡਾਕਟਰਾਂ ਦੇ ਅਨੁਸਾਰ, ਇਸ ਇਲਾਜ ‘ਤੇ ਕੁੱਲ ਖਰਚ ਲਗਭਗ 8 ਤੋਂ 10 ਲੱਖ ਰੁਪਏ ਤੱਕ ਆਇਆ ਹੈ, ਜਿਸ ਦਾ ਵੱਡਾ ਹਿੱਸਾ ਸਰਕਾਰੀ ਯੋਜਨਾ ਅਧੀਨ ਕਵਰ ਕੀਤਾ ਗਿਆ। ਕੁਝ ਦਵਾਈਆਂ ਦਾ ਖਰਚ ਗੁਰਪਿੰਦਰ ਨੇ ਖੁਦ ਉਠਾਇਆ, ਪਰ ਬਾਕੀ ਇਲਾਜ ਮੁਫ਼ਤ ਰਿਹਾ। ਗੁਰਪਿੰਦਰ ਜੀਤ ਕਹਿੰਦਾ ਹੈ ਕਿ ਉਸ ਲਈ ਇਹ ਮਦਦ ਸ਼ਬਦਾਂ ਤੋਂ ਪਰੇ ਹੈ ਅਤੇ ਹੁਣ ਉਸਨੂੰ ਇਹ ਸਹਾਰਾ ਮਿਲਿਆ ਹੈ ਕਿ ਉਸਦੀ ਮਾਂ ਬਿਨਾਂ ਇਲਾਜ ਦੇ ਨਹੀਂ ਰਹੇਗੀ। ਇਹ ਕਹਾਣੀ ਸਿਰਫ਼ ਇੱਕ ਇਲਾਜ ਦੀ ਨਹੀਂ, ਸਗੋਂ ਇੱਕ ਪੁੱਤਰ ਦੇ ਸੰਘਰਸ਼, ਮਾਂ ਲਈ ਪਿਆਰ ਅਤੇ ਸਰਕਾਰੀ ਯੋਜਨਾ ਦੀ ਮਹੱਤਤਾ ਨੂੰ ਦਰਸਾਉਂਦੀ ਹੈ, ਜਿਸ ਨੇ ਇੱਕ ਪਰਿਵਾਰ ਨੂੰ ਟੁੱਟਣ ਤੋਂ ਬਚਾ ਲਿਆ।