ਨੇਪਾਲ ਹੜ੍ਹ ਤ੍ਰਾਸਦੀ: 32 ਲਾਪਤਾ ਕੈਨੇਡੀਅਨਾਂ ’ਚੋਂ ਇੱਕ ਘਰ ਪਰਤਿਆ, ਬਾਕੀਆਂ ਦੀ ਭਾਲ ਜਾਰੀ
- ਵਿਦੇਸ਼
- (Asia/Kolkata)
ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਲਾਪਤਾ ਹੋਏ 32 ਕੈਨੇਡੀਅਨ ਨਾਗਰਿਕਾਂ ਅਤੇ ਪੱਕੇ ਰਿਹਾਇਸ਼ੀਆਂ ਵਿੱਚੋਂ ਇੱਕ ਵਿਅਕਤੀ ਸੁਰੱਖਿਅਤ ਆਪਣੇ ਘਰ ਵਾਪਸ ਪਹੁੰਚ ਗਿਆ ਹੈ। ਹਾਲਾਂਕਿ, ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਰਿਵਾਰਕ ਮੈਂਬਰ ਲਾਪਤਾ ਜੀਆਂ ਦੀ ਸੁਰੱਖਿਅਤ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਪੋਰਟ ਮੂਡੀ ਵਾਸੀ ਕੈਨੇਡੀਅਨ ਨਾਗਰਿਕ ਖੇਵਲ ਸ਼ਾਹ ਨੇ ਆਪਣੇ ਵੱਡੇ ਭਰਾ ਧਵਲ ਸ਼ਾਹ ਅਤੇ ਭਾਬੀ ਮੇਘਾ ਸ਼ਾਹ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ। ਜਾਣਕਾਰੀ ਮੁਤਾਬਕ ਇਹ ਪਰਿਵਾਰ ਧਾਰਮਿਕ ਯਾਤਰਾ ਲਈ ਨੇਪਾਲ ਰਾਹੀਂ ਮਾਊਂਟ ਕੈਲਾਸ਼ (ਕੈਲਾਸ਼ ਮਾਨਸਰੋਵਰ) ਗਿਆ ਸੀ। ਇਸ ਦੌਰਾਨ ਖੇਤਰ ਵਿੱਚ ਆਏ ਭਿਆਨਕ ਹੜ੍ਹਾਂ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਪਰਿਵਾਰ ਦੇ ਕੁਝ ਮੈਂਬਰ ਲਾਪਤਾ ਹੋ ਗਏ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨੇਪਾਲ ਵਿੱਚ ਲਾਪਤਾ 32 ਕੈਨੇਡੀਅਨ ਨਾਗਰਿਕਾਂ ਅਤੇ ਪੱਕੇ ਰਿਹਾਇਸ਼ੀਆਂ ਵਿੱਚੋਂ ਫਿਲਹਾਲ ਸਿਰਫ਼ ਇੱਕ ਵਿਅਕਤੀ ਹੀ ਸੁਰੱਖਿਅਤ ਵਾਪਸ ਆ ਸਕਿਆ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਸਰਕਾਰ ਨੇਪਾਲ ਸਰਕਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਅਨੀਤਾ ਆਨੰਦ ਨੇ ਇਹ ਵੀ ਸਪੱਸ਼ਟ ਕੀਤਾ ਕਿ ਨੇਪਾਲੀ ਪ੍ਰਸ਼ਾਸਨ ਵੱਲੋਂ ਬੀਤੇ ਦਿਨ ਬਚਾਏ ਗਏ 121 ਵਿਦੇਸ਼ੀ ਨਾਗਰਿਕਾਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਫਿਲਹਾਲ ਕਿਸੇ ਵੀ ਕੈਨੇਡੀਅਨ ਨਾਗਰਿਕ ਦਾ ਨਾਮ ਸ਼ਾਮਲ ਨਹੀਂ ਹੈ। ਇਸ ਦੌਰਾਨ ਕੈਨੇਡਾ ਸਰਕਾਰ ਨੇ ਸੰਕਟ ਦੀ ਘੜੀ ਵਿੱਚ ਮਾਨਵਤਾਵਾਦੀ ਸਹਾਇਤਾ ਲਈ ਰੈੱਡ ਕਰਾਸ ਰਾਹੀਂ ਨੇਪਾਲ ਨੂੰ 50 ਲੱਖ ਡਾਲਰ ਦੀ ਰਾਹਤ ਰਾਸ਼ੀ ਭੇਜਣ ਦਾ ਐਲਾਨ ਕੀਤਾ ਹੈ। ਖੇਵਲ ਸ਼ਾਹ ਮੁਤਾਬਕ, ਉਸ ਦੇ ਭਰਾ ਧਵਲ ਅਤੇ ਭਾਬੀ ਮੇਘਾ ਨਾਲ ਸੋਮਵਾਰ ਨੂੰ ਆਖਰੀ ਵਾਰ ਗੱਲਬਾਤ ਹੋਈ ਸੀ। ਉਸ ਸਮੇਂ ਉਹ ਨੇਪਾਲ ਤੋਂ ਤਿੱਬਤ ਦੀ ਸਰਹੱਦ ਪਾਰ ਕਰਨ ਲਈ ਇਮੀਗ੍ਰੇਸ਼ਨ ਦਫ਼ਤਰ ਵਿੱਚ ਮੌਜੂਦ ਸਨ। ਇਸ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ। ਦੱਸਿਆ ਗਿਆ ਹੈ ਕਿ ਇਹ ਇਲਾਕਾ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਹੈ। ਖੇਵਲ ਸ਼ਾਹ ਨੇ ਕਿਹਾ ਕਿ ਨੇਪਾਲ ਸਰਕਾਰ ਅਤੇ ਰਾਹਤ ਟੀਮਾਂ ਆਪਣੇ ਪੱਧਰ ’ਤੇ ਬਚਾਅ ਕਾਰਜ ਕਰ ਰਹੀਆਂ ਹਨ, ਪਰ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਨ੍ਹਾਂ ਯਤਨਾਂ ਵਿੱਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ। ਉਨ੍ਹਾਂ ਉਮੀਦ ਜਤਾਈ ਕਿ ਲਾਪਤਾ ਲੋਕਾਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਲੱਭ ਕੇ ਬਾਹਰ ਕੱਢਿਆ ਜਾ ਸਕੇਗਾ।
Leave a Reply