ਕੈਨੇਡਾ 'ਚ ਕਾਰੋਬਾਰੀ ਦੀ ਦੁਕਾਨ 'ਤੇ ਗੋਲੀਬਾਰੀ, ਫੋਨ ਨਾ ਚੁੱਕਣ ਨੂੰ ਦੱਸਿਆ ਹਮਲੇ ਦਾ ਕਾਰਨ
- ਵਿਦੇਸ਼
- (Asia/Kolkata)
ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਇੱਕ ਮਿਠਾਈ ਦੀ ਦੁਕਾਨ 'ਤੇ ਕਾਰ ਸਵਾਰਾਂ ਵੱਲੋਂ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਘਟਨਾ ਦੀ ਜ਼ਿੰਮੇਵਾਰੀ 'ਆਰਜੂ ਬਿਸ਼ਨੋਈ' ਨਾਮ ਦੇ ਇੱਕ ਸੋਸ਼ਲ ਮੀਡੀਆ ਅਕਾਊਂਟ ਤੋਂ ਪਾਈ ਗਈ ਪੋਸਟ ਰਾਹੀਂ ਲਈ ਗਈ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਗੋਲੀਬਾਰੀ ਆਰਜੂ ਬਿਸ਼ਨੋਈ, ਉਸ ਦੇ ਛੋਟੇ ਭਰਾ ਟਾਈਸਨ ਬਿਸ਼ਨੋਈ ਅਤੇ ਸ਼ੁਭਮ ਲੋਕਾਰ ਵੱਲੋਂ ਕੀਤੀ ਗਈ। ਪੋਸਟ ਮੁਤਾਬਕ ਹਮਲਾਵਰ ਕਈ ਦਿਨਾਂ ਤੋਂ ਦੁਕਾਨ ਦੇ ਮਾਲਕ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਸ ਵੱਲੋਂ ਫੋਨ ਨਹੀਂ ਚੁੱਕਿਆ ਜਾ ਰਿਹਾ ਸੀ। ਦਾਅਵਾ ਕੀਤਾ ਗਿਆ ਕਿ ਇਸੇ ਕਾਰਨ ਉਸ ਨੂੰ "ਸਬਕ ਸਿਖਾਉਣ" ਅਤੇ ਆਪਣੀ ਪਛਾਣ ਦੱਸਣ ਲਈ ਫਾਇਰਿੰਗ ਕੀਤੀ ਗਈ। ਇਸੇ ਪੋਸਟ ਵਿੱਚ ਬਿਸ਼ਨੋਈ ਭਰਾਵਾਂ ਦੇ ਵੱਖ ਹੋਣ ਸਬੰਧੀ ਚੱਲ ਰਹੀਆਂ ਅਫ਼ਵਾਹਾਂ ਨੂੰ ਵੀ ਰੱਦ ਕਰਦਿਆਂ ਕਿਹਾ ਗਿਆ ਕਿ ਉਹ ਸਾਰੇ ਇਕੱਠੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਕਾਰ ਵਿੱਚ ਬੈਠਾ ਇੱਕ ਵਿਅਕਤੀ ਪਹਿਲਾਂ ਪਿਸਤੌਲ ਵਿੱਚ ਗੋਲੀਆਂ ਵਾਲਾ ਮੈਗਜ਼ੀਨ ਲੋਡ ਕਰਦਾ ਹੈ। ਇਸ ਤੋਂ ਬਾਅਦ ਗੱਡੀ ਨੂੰ ਕੁਝ ਅੱਗੇ ਲਿਜਾ ਕੇ ਦੁਕਾਨ ਵੱਲ ਸਿੱਧੀਆਂ ਕਰੀਬ 6 ਤੋਂ 7 ਗੋਲੀਆਂ ਚਲਾਈਆਂ ਜਾਂਦੀਆਂ ਹਨ। ਦੂਜੇ ਪਾਸੇ, ਸਥਾਨਕ ਪੁਲੀਸ ਨੇ ਇਸ ਮਾਮਲੇ ਬਾਰੇ ਅਜੇ ਤੱਕ ਕੋਈ ਜਨਤਕ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਸ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੰਭਵ ਹੈ ਦੁਕਾਨ ਦੇ ਮਾਲਕ ਨੇ ਪੁਲੀਸ ਕੋਲ ਇਸ ਘਟਨਾ ਦੀ ਸ਼ਿਕਾਇਤ ਦਰਜ ਨਾ ਕਰਵਾਈ ਹੋਵੇ। ਜਦੋਂ ਮਾਮਲੇ ਦੀ ਪੁਸ਼ਟੀ ਲਈ ਦੁਕਾਨ ਦੇ ਮਾਲਕ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਸ ਨੇ ਗੋਲੀਬਾਰੀ ਦੀ ਕਿਸੇ ਵੀ ਘਟਨਾ ਤੋਂ ਸਪੱਸ਼ਟ ਇਨਕਾਰ ਕੀਤਾ। ਇਸ ਤੋਂ ਬਾਅਦ ਉਸ ਨੇ ਆਪਣੇ ਦੋਸਤਾਂ ਰਾਹੀਂ ਮੀਡੀਆ ਨੂੰ ਇਸ ਸਬੰਧੀ ਖ਼ਬਰ ਪ੍ਰਕਾਸ਼ਿਤ ਨਾ ਕਰਨ ਦੀ ਵੀ ਬੇਨਤੀ ਕਰਵਾਈ। ਫਿਲਹਾਲ, ਸਥਾਨਕ ਮੀਡੀਆ ਨੇ ਕਿਸੇ ਵਿਅਕਤੀ ਦਾ ਨਾਂ ਜਨਤਕ ਕੀਤੇ ਬਿਨਾਂ ਇਸ ਗੋਲੀਬਾਰੀ ਦੀ ਘਟਨਾ ਸਬੰਧੀ ਖ਼ਬਰ ਪ੍ਰਕਾਸ਼ਿਤ ਕੀਤੀ ਹੈ।
Leave a Reply