ਕੈਨੇਡਾ ਅਤੇ ਤੁਰਕੀ ਵਿਚਾਲੇ ਨਵੀਂ ਰਣਨੀਤਕ ਭਾਈਵਾਲੀ: ਵਪਾਰ, ਰੱਖਿਆ ਅਤੇ ਊਰਜਾ ਖੇਤਰ ਵਿੱਚ ਸਹਿਯੋਗ ਵਧਾਉਣ 'ਤੇ ਬਣੀ ਸਹਿਮਤੀ

ਕੈਨੇਡਾ ਅਤੇ ਤੁਰਕੀ ਵਿਚਾਲੇ ਨਵੀਂ ਰਣਨੀਤਕ ਭਾਈਵਾਲੀ: ਵਪਾਰ, ਰੱਖਿਆ ਅਤੇ ਊਰਜਾ ਖੇਤਰ ਵਿੱਚ ਸਹਿਯੋਗ ਵਧਾਉਣ 'ਤੇ ਬਣੀ ਸਹਿਮਤੀ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੱਯਪ ਅਰਦੋਗਨ ਨੇ ਦੋਹਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਨਵੀਂ ਅਤੇ ਮਹੱਤਵਪੂਰਨ ਰਣਨੀਤਕ ਭਾਈਵਾਲੀ ਦਾ ਐਲਾਨ ਕੀਤਾ ਹੈ। ਇਹ ਸਹਿਮਤੀ ਵਪਾਰ, ਰੱਖਿਆ, ਭਲਾਈ, ਸੁਰੱਖਿਆ ਅਤੇ ਊਰਜਾ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣ ਦੇ ਮਕਸਦ ਨਾਲ ਕੀਤੀ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਸਮੇਂ ਤੁਰਕੀ ਦੇ ਤਿੰਨ ਦਿਨਾਂ ਸਰਕਾਰੀ ਦੌਰੇ 'ਤੇ ਹਨ। ਤੁਰਕੀ ਦੇ ਰਾਸ਼ਟਰਪਤੀ ਭਵਨ (ਅੰਕਾਰਾ) ਵਿਖੇ ਇੱਕ ਸਾਂਝੇ ਬਿਆਨ ਦੌਰਾਨ ਦੋਹਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਨਵੀਂ ਭਾਈਵਾਲੀ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਇਸ ਮੌਕੇ ਪ੍ਰਧਾਨ ਮੰਤਰੀ ਕਾਰਨੀ ਨੇ ਤੁਰਕੀ ਨੂੰ ਇੱਕ ਬੇਹੱਦ ਮਹੱਤਵਪੂਰਨ ਅੰਤਰਰਾਸ਼ਟਰੀ ਭਾਈਵਾਲ ਕਰਾਰ ਦਿੰਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਕੋਈ ਵੀ ਦੇਸ਼ ਇਕੱਲਿਆਂ ਆਪਣੀ ਤਾਕਤ ਵਿੱਚ ਵਾਧਾ ਨਹੀਂ ਕਰ ਸਕਦਾ। ਉਨ੍ਹਾਂ ਜ਼ੋਰ ਦਿੱਤਾ ਕਿ ਭਰੋਸੇਯੋਗ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਨਾਲ ਹੀ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਵਧਾਈ ਜਾ ਸਕਦੀ ਹੈ। ਦੂਜੇ ਪਾਸੇ, ਰਾਸ਼ਟਰਪਤੀ ਅਰਦੋਗਨ ਨੇ ਇਸ ਇਤਿਹਾਸਕ ਸਮਝੌਤੇ ਨੂੰ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਦੱਸਿਆ। ਉਨ੍ਹਾਂ ਮੰਨਿਆ ਕਿ ਲੰਬੇ ਸਮੇਂ ਤੋਂ ਕੂਟਨੀਤਕ ਸਬੰਧ ਹੋਣ ਦੇ ਬਾਵਜੂਦ ਦੋਹਾਂ ਦੇਸ਼ਾਂ ਵਿਚਾਲੇ ਇੱਕ ਦੂਰੀ ਬਣੀ ਹੋਈ ਸੀ, ਜਿਸ ਨੂੰ ਖ਼ਤਮ ਕਰਨ ਲਈ ਹੁਣ ਸਵੇਂ ਕਦਮ ਚੁੱਕੇ ਗਏ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਜਲਦ ਹੀ ਇੱਕ ਉੱਚ ਪੱਧਰੀ ਵਪਾਰਕ ਵਫ਼ਦ ਨਾਲ ਕੈਨੇਡਾ ਦਾ ਦੌਰਾ ਕਰਨਗੇ। ਇਸ ਨਵੀਂ ਰਣਨੀਤਕ ਸਾਂਝੇਦਾਰੀ ਦੇ ਚਾਰ ਮੁੱਖ ਥੰਮ੍ਹ ਤੈਅ ਕੀਤੇ ਗਏ ਹਨ—ਵਪਾਰ ਤੇ ਨਿਵੇਸ਼, ਰੱਖਿਆ ਤੇ ਸੁਰੱਖਿਆ, ਊਰਜਾ, ਅਤੇ ਲੋਕਾਂ ਤੋਂ ਲੋਕਾਂ (People-to-People) ਵਿਚਾਲੇ ਸਬੰਧ ਸੁਧਾਰਨਾ। ਆਉਣ ਵਾਲੇ ਮਹੀਨੇ ਦੋਹਾਂ ਦੇਸ਼ਾਂ ਦੇ ਅਧਿਕਾਰੀ ਅੰਕਾਰਾ ਵਿੱਚ ਇੱਕ ਵਿਸ਼ੇਸ਼ ਬੈਠਕ ਕਰਨਗੇ, ਜਿੱਥੇ ਮੁਕਤ ਵਪਾਰ ਸਮਝੌਤੇ (FTA) ਨੂੰ ਲੈ ਕੇ ਪਹਿਲੇ ਦੌਰ ਦੀ ਰਸਮੀ ਗੱਲਬਾਤ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਰੱਖਿਆ ਉਦਯੋਗ ਵਿੱਚ ਵੀ ਮਿਲ ਕੇ ਕੰਮ ਕਰਨ ਲਈ ਨਵੇਂ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ ਹਨ। ਊਰਜਾ ਅਤੇ ਖਣਿਜ ਖੇਤਰ ਵਿੱਚ ਵੱਡੇ ਨਿਵੇਸ਼ ਦੀਆਂ ਯੋਜਨਾਵਾਂ 'ਤੇ ਵੀ ਚਰਚਾ ਹੋਈ ਹੈ। ਦੋਵੇਂ ਦੇਸ਼ ਹਵਾਈ ਆਵਾਜਾਈ ਸਮਝੌਤੇ ਨੂੰ ਵੀ ਅੰਤਿਮ ਰੂਪ ਦੇਣ ਜਾ ਰਹੇ ਹਨ, ਜਿਸ ਨਾਲ ਕੈਨੇਡਾ ਅਤੇ ਤੁਰਕੀ ਵਿਚਾਲੇ ਯਾਤਰੀ ਉਡਾਣਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਕਿਸੇ ਵੀ ਮੌਜੂਦਾ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਤੁਰਕੀ ਦਾ ਪਹਿਲਾ ਦੁਵੱਲਾ ਦੌਰਾ ਹੈ। ਇਹ ਦੌਰਾ ਇੱਕ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਮਨੁੱਖੀ ਅਧਿਕਾਰ ਸੰਗਠਨ ਤੁਰਕੀ ਵਿੱਚ ਵਿਰੋਧੀ ਆਵਾਜ਼ਾਂ ਅਤੇ ਸਮਾਜਿਕ ਜਥੇਬੰਦੀਆਂ 'ਤੇ ਹੋ ਰਹੀਆਂ ਕਾਰਵਾਈਆਂ ਨੂੰ ਲੈ ਕੇ ਚਿੰਤਾ ਜਤਾ ਰਹੇ ਹਨ। ਪ੍ਰਧਾਨ ਮੰਤਰੀ ਕਾਰਨੀ ਦੀ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਕੈਨੇਡਾ ਦੇ ਆਰਥਿਕ ਅਤੇ ਵਪਾਰਕ ਸਬੰਧਾਂ ਵਿੱਚ ਵਿਵਿਧਤਾ ਲਿਆ ਕੇ ਅਮਰੀਕਾ 'ਤੇ ਉਸ ਦੀ ਨਿਰਭਰਤਾ ਨੂੰ ਘੱਟ ਕਰਨਾ ਹੈ। ਦੂਜੇ ਪਾਸੇ, ਤੁਰਕੀ ਸਾਲ 2050 ਤੱਕ ਆਪਣੀ ਪ੍ਰਮਾਣੂ ਊਰਜਾ ਉਤਪਾਦਨ ਸਮਰੱਥਾ ਨੂੰ 20 ਗੀਗਾਵਾਟ ਤੱਕ ਵਧਾਉਣ ਦਾ ਟੀਚਾ ਰੱਖਦਾ ਹੈ। ਇਸ ਯੋਜਨਾ ਤਹਿਤ ਦੋਵੇਂ ਦੇਸ਼ ਕੈਨੇਡਾ ਦੀ ਪ੍ਰਸਿੱਧ 'ਕੈਂਡੂ' (CANDU) ਪ੍ਰਮਾਣੂ ਤਕਨਾਲੋਜੀ ਦੀ ਮਦਦ ਨਾਲ ਤੁਰਕੀ ਵਿੱਚ ਨਵੇਂ ਪ੍ਰਮਾਣੂ ਬਿਜਲੀ ਘਰ ਸਥਾਪਤ ਕਰਨ ਦੀਆਂ ਸੰਭਾਵਨਾਵਾਂ 'ਤੇ ਵੀ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ।