ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 'ਚ ਵੱਡਾ ਇਜ਼ਾਫ਼ਾ, ਸਰਕਾਰ ਨੇ ਸਪਲਾਈ ਯਕੀਨੀ ਬਣਾਉਣ ਲਈ ਲਿਆ ਫੈਸਲਾ

ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 'ਚ ਵੱਡਾ ਇਜ਼ਾਫ਼ਾ, ਸਰਕਾਰ ਨੇ ਸਪਲਾਈ ਯਕੀਨੀ ਬਣਾਉਣ ਲਈ ਲਿਆ ਫੈਸਲਾ

ਜ਼ਰੂਰੀ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਕੱਚੇ ਮਾਲ ਦੀ ਵਧਦੀ ਲਾਗਤ ਦੇ ਮੱਦੇਨਜ਼ਰ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਤਿੰਨ ਵੱਖ-ਵੱਖ ਨੋਟੀਫਿਕੇਸ਼ਨ ਜਾਰੀ ਕਰਕੇ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਮੁੱਖ ਕੀਮੋਥੈਰੇਪੀ ਦਵਾਈਆਂ, ਐਂਟੀ-ਟੈਟਨਸ ਇਮਿਊਨੋਗਲੋਬੂਲਿਨ ਇੰਜੈਕਸ਼ਨਾਂ ਅਤੇ ਬੱਚਿਆਂ ਦੇ ਅਹਿਮ ਟੀਕਿਆਂ ਦੀਆਂ ਸੀਲਿੰਗ ਕੀਮਤਾਂ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਥਾਰਟੀ ਨੇ ਕਿਹਾ ਕਿ ਇਹ ਕਦਮ ਵਧ ਰਹੀਆਂ ਉਤਪਾਦਨ ਲਾਗਤਾਂ ਅਤੇ ਦਵਾਈਆਂ ਦੀ ਸੰਭਾਵਿਤ ਕਿੱਲਤ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਕੈਂਸਰ ਦੀਆਂ ਦੋ ਮੁੱਖ ਦਵਾਈਆਂ 50 ਫੀਸਦੀ ਮਹਿੰਗੀਆਂ NPPA ਨੇ ਡਰੱਗਜ਼ (ਪ੍ਰਾਈਸਿਜ਼ ਕੰਟਰੋਲ) ਆਰਡਰ (DPCO) 2013 ਦੇ ਪੈਰਾਗ੍ਰਾਫ 19 ਤਹਿਤ ਮਿਲੀਆਂ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰਦਿਆਂ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਪਹਿਲੀ ਲਾਈਨ ਦੀਆਂ ਦੋ ਮਹੱਤਵਪੂਰਨ ਦਵਾਈਆਂ ਕਾਰਬੋਪਲਾਟਿਨ (Carboplatin) ਅਤੇ ਸਿਸਪਲਾਟਿਨ (Cisplatin) ਦੀਆਂ ਕੀਮਤਾਂ ਵਿੱਚ 50 ਫੀਸਦੀ ਦਾ ਵਾਧਾ ਕੀਤਾ ਹੈ। ਹੁਣ ਕਾਰਬੋਪਲਾਟਿਨ (10 ਮਿਲੀਗ੍ਰਾਮ ਪ੍ਰਤੀ ਮਿਲੀਲੀਟਰ) ਇੰਜੈਕਸ਼ਨ ਦੀ ਕੀਮਤ 90.74 ਰੁਪਏ ਪ੍ਰਤੀ ਮਿਲੀਲੀਟਰ ਹੋਵੇਗੀ, ਜਦਕਿ ਸਿਸਪਲਾਟਿਨ (1 ਮਿਲੀਗ੍ਰਾਮ ਪ੍ਰਤੀ ਮਿਲੀਲੀਟਰ) ਦੀ ਨਵੀਂ ਕੀਮਤ 10.89 ਰੁਪਏ ਪ੍ਰਤੀ ਮਿਲੀਲੀਟਰ ਨਿਰਧਾਰਤ ਕੀਤੀ ਗਈ ਹੈ। ਅਥਾਰਟੀ ਦੇ ਅਨੁਸਾਰ, ਪਿਛਲੇ ਕੁਝ ਸਾਲਾਂ ਵਿੱਚ ਇਨ੍ਹਾਂ ਦਵਾਈਆਂ ਦੇ ਨਿਰਮਾਣ ਲਈ ਵਰਤੇ ਜਾਣ ਵਾਲੇ ਐਕਟਿਵ ਫਾਰਮਾਸਿਊਟੀਕਲ ਇੰਗਰੀਡੀਐਂਟਸ (API) ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ, ਜਿਸ ਕਾਰਨ ਉਤਪਾਦਨ ਲਾਭਕਾਰੀ ਨਹੀਂ ਰਿਹਾ। ਹਸਪਤਾਲਾਂ, ਕੈਂਸਰ ਮਾਹਿਰਾਂ ਅਤੇ ਨਿਰਮਾਤਾਵਾਂ ਨੇ ਪਹਿਲਾਂ ਹੀ ਇਨ੍ਹਾਂ ਦਵਾਈਆਂ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਚਿੰਤਾ ਜਤਾਈ ਸੀ। ਸੋਧੀਆਂ ਕੀਮਤਾਂ ਦੀ ਛੇ ਮਹੀਨਿਆਂ ਬਾਅਦ ਮੁੜ ਸਮੀਖਿਆ ਕੀਤੀ ਜਾਵੇਗੀ। ਐਂਟੀ-ਟੈਟਨਸ ਇਮਿਊਨੋਗਲੋਬੂਲਿਨ ਦੀਆਂ ਕੀਮਤਾਂ ਵਿੱਚ ਵੀ 50 ਫੀਸਦੀ ਵਾਧਾ NPPA ਨੇ ਐਂਟੀ-ਟੈਟਨਸ ਇਮਿਊਨੋਗਲੋਬੂਲਿਨ ਇੰਜੈਕਸ਼ਨ ਦੀਆਂ ਕੀਮਤਾਂ ਵਿੱਚ ਵੀ 50 ਫੀਸਦੀ ਦਾ ਵਾਧਾ ਮਨਜ਼ੂਰ ਕੀਤਾ ਹੈ। ਇਹ ਦਵਾਈ ਸਿਰਫ਼ ਮੈਸਰਜ਼ ਭਾਰਤ ਸੇਰਮਜ਼ ਐਂਡ ਵੈਕਸੀਨਜ਼ ਲਿਮਿਟਡ ਵੱਲੋਂ ਤਿਆਰ ਕੀਤੀ ਜਾਂਦੀ ਹੈ। ਨਵੀਆਂ ਦਰਾਂ ਅਨੁਸਾਰ, 250 IU ਵਾਲੇ ਵਾਇਲ ਦੀ ਕੀਮਤ 1,912.02 ਰੁਪਏ ਅਤੇ 500 IU ਵਾਲੇ ਵਾਇਲ ਦੀ ਕੀਮਤ 2,881.19 ਰੁਪਏ ਹੋਵੇਗੀ। ਦਸੰਬਰ 2024 ਵਿੱਚ NPPA ਨੇ ਇਕੱਲੇ ਨਿਰਮਾਤਾ ਹੋਣ ਕਰਕੇ ਇਸ ਉਤਪਾਦ 'ਤੇ 7.67 ਫੀਸਦੀ ਦੀ ਮੋਨੋਪੋਲੀ ਕਟੌਤੀ ਲਾਗੂ ਕੀਤੀ ਸੀ। ਕੰਪਨੀ ਨੇ ਦਲੀਲ ਦਿੱਤੀ ਸੀ ਕਿ ਆਯਾਤ ਕੀਤੇ ਜਾਣ ਵਾਲੇ ਕੱਚੇ ਮਾਲ ਦੀ ਵਧਦੀ ਲਾਗਤ ਅਤੇ ਕਰੰਸੀ ਦੇ ਉਤਾਰ-ਚੜ੍ਹਾਅ ਕਾਰਨ ਉਸ ਨੂੰ ਲਗਾਤਾਰ ਨੁਕਸਾਨ ਝੱਲਣਾ ਪੈ ਰਿਹਾ ਹੈ। ਫਾਰਮਾਸਿਊਟੀਕਲ ਵਿਭਾਗ ਦੇ ਦਖ਼ਲ ਤੋਂ ਬਾਅਦ 18 ਮਈ 2026 ਦੀ ਮੀਟਿੰਗ ਵਿੱਚ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਗਿਆ। ਬੱਚਿਆਂ ਦੇ ਟੀਕਿਆਂ ਦੀਆਂ ਕੀਮਤਾਂ ਵਿੱਚ ਵੀ ਸੋਧ ਤੀਜੇ ਨੋਟੀਫਿਕੇਸ਼ਨ ਅਧੀਨ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਤਿਆਰ ਕੀਤੇ ਜਾਣ ਵਾਲੇ ਤਿੰਨ ਮਹੱਤਵਪੂਰਨ ਬੱਚਿਆਂ ਦੇ ਟੀਕਿਆਂ ਦੀਆਂ ਕੀਮਤਾਂ ਵਿੱਚ ਵੀ ਸੋਧ ਕੀਤੀ ਗਈ ਹੈ। ਇਸ ਦੌਰਾਨ ਪਹਿਲਾਂ ਲਗਾਈ ਗਈ 17.10 ਫੀਸਦੀ ਦੀ ਮੋਨੋਪੋਲੀ ਕਟੌਤੀ ਹਟਾ ਦਿੱਤੀ ਗਈ ਹੈ ਅਤੇ ਸਾਲ 2026 ਲਈ 0.64956 ਫੀਸਦੀ ਦੇ ਥੋਕ ਮੁੱਲ ਸੂਚਕ ਅੰਕ (WPI) ਦਾ ਪ੍ਰਭਾਵ ਵੀ ਸ਼ਾਮਲ ਕੀਤਾ ਗਿਆ ਹੈ। ਸੋਧ ਤੋਂ ਬਾਅਦ BCG ਵੈਕਸੀਨ ਦੀ ਕੀਮਤ 8.20 ਰੁਪਏ ਤੋਂ ਵਧ ਕੇ 9.89 ਰੁਪਏ ਪ੍ਰਤੀ 0.10 ਮਿਲੀਲੀਟਰ ਖੁਰਾਕ ਹੋ ਗਈ ਹੈ। ਇਸੇ ਤਰ੍ਹਾਂ, ਮੀਜ਼ਲਜ਼-ਰੁਬੇਲਾ ਵੈਕਸੀਨ (0.5 ਮਿਲੀਲੀਟਰ ਵਾਇਲ) ਦੀ ਕੀਮਤ 72.90 ਰੁਪਏ ਤੋਂ ਵਧ ਕੇ 87.93 ਰੁਪਏ ਹੋ ਗਈ ਹੈ, ਜਦਕਿ ਮੀਜ਼ਲਜ਼ ਵੈਕਸੀਨ ਦੀ ਕੀਮਤ 51.40 ਰੁਪਏ ਤੋਂ ਵਧ ਕੇ 62.00 ਰੁਪਏ ਕਰ ਦਿੱਤੀ ਗਈ ਹੈ। ਸੀਰਮ ਇੰਸਟੀਚਿਊਟ ਨੇ ਦਲੀਲ ਦਿੱਤੀ ਸੀ ਕਿ ਵੈਕਸੀਨਾਂ ਦਾ ਨਿਰਮਾਣ ਆਮ ਦਵਾਈਆਂ ਨਾਲੋਂ ਕਾਫ਼ੀ ਵੱਖਰੀ ਅਤੇ ਜਟਿਲ ਪ੍ਰਕਿਰਿਆ ਹੈ। ਸਰਕਾਰ ਨੇ ਬੱਚਿਆਂ ਲਈ ਟੀਕਿਆਂ ਦੀ ਨਿਰੰਤਰ ਸਪਲਾਈ ਨੂੰ ਧਿਆਨ ਵਿੱਚ ਰੱਖਦਿਆਂ ਇਸ ਮੰਗ ਨੂੰ ਸਵੀਕਾਰ ਕੀਤਾ। ਨਿਰਧਾਰਿਤ ਕੀਮਤਾਂ ਤੋਂ ਵੱਧ ਵਸੂਲੀ 'ਤੇ ਹੋਵੇਗੀ ਕਾਰਵਾਈ NPPA ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਨਿਰਮਾਤਾਵਾਂ ਨੂੰ ਨਵੀਆਂ ਸੀਲਿੰਗ ਕੀਮਤਾਂ (ਜੀਐੱਸਟੀ ਤੋਂ ਇਲਾਵਾ) ਤੁਰੰਤ ਲਾਗੂ ਕਰਣੀਆਂ ਹੋਣਗੀਆਂ। ਜੇਕਰ ਕੋਈ ਕੰਪਨੀ ਨਿਰਧਾਰਿਤ ਦਰਾਂ ਤੋਂ ਵੱਧ ਕੀਮਤ ਵਸੂਲਦੀ ਹੈ ਤਾਂ ਉਸ ਤੋਂ ਵਿਆਜ ਸਮੇਤ ਵਾਧੂ ਰਕਮ ਜ਼ਰੂਰੀ ਵਸਤਾਂ ਐਕਟ, 1955 ਤਹਿਤ ਵਾਪਸ ਲਈ ਜਾਵੇਗੀ। ਅਥਾਰਟੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਨਿਰਮਾਤਾ ਇਨ੍ਹਾਂ ਦਵਾਈਆਂ ਜਾਂ ਟੀਕਿਆਂ ਦਾ ਉਤਪਾਦਨ ਬੰਦ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਘੱਟੋ-ਘੱਟ ਛੇ ਮਹੀਨੇ ਪਹਿਲਾਂ ਸਰਕਾਰ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ।