ਆਸਟਰੇਲੀਆ 'ਚ ਸਿੱਖ ਇਤਿਹਾਸ ਦੀ ਵੱਡੀ ਖੋਜ: 1920 ਵਿੱਚ ਪਹਿਲੀ ਵਾਰ ਸੁਸ਼ੋਭਿਤ ਹੋਏ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਆਸਟਰੇਲੀਆ 'ਚ ਸਿੱਖ ਇਤਿਹਾਸ ਦੀ ਵੱਡੀ ਖੋਜ: 1920 ਵਿੱਚ ਪਹਿਲੀ ਵਾਰ ਸੁਸ਼ੋਭਿਤ ਹੋਏ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਰੀਬ 15 ਸਾਲਾਂ ਤੋਂ ਵੱਧ ਸਮੇਂ ਦੀ ਲਗਾਤਾਰ ਖੋਜ ਤੋਂ ਬਾਅਦ ਆਸਟਰੇਲੀਆ ਦੇ ਦੋ ਉੱਘੇ ਇਤਿਹਾਸਕਾਰਾਂ ਨੇ ਇਹ ਸਥਾਪਿਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪਾਵਨ ਸਰੂਪ ਆਸਟਰੇਲੀਆ ਕਦੋਂ, ਕਿੱਥੇ ਅਤੇ ਕਿਵੇਂ ਪਹੁੰਚਿਆ ਸੀ। 85 ਸਾਲਾ ਲੈਨ ਕੈਨਾ (Len Kenna) ਅਤੇ 80 ਸਾਲਾ ਕ੍ਰਿਸਟਲ ਜੌਰਡਨ (Crystal Jordan) ਅਨੁਸਾਰ ਪਾਵਨ ਸਰੂਪ ਸਾਲ 1920 ਵਿੱਚ ਆਸਟਰੇਲੀਆ ਲਿਆਂਦਾ ਗਿਆ ਸੀ। ਉਨ੍ਹਾਂ ਨੇ ਨਾ ਸਿਰਫ਼ ਇਸ ਦੇ ਠਹਿਰਾਅ ਅਤੇ ਸਤਿਕਾਰ ਸਹਿਤ ਰੱਖੇ ਜਾਣ ਵਾਲੇ ਅਸਥਾਨਾਂ ਦਾ ਪਤਾ ਲਾਇਆ ਹੈ, ਸਗੋਂ ਉਸ ਇਤਿਹਾਸਕ ਘੋੜਾ-ਬੱਘੀ ਨੂੰ ਵੀ ਲੱਭ ਲਿਆ ਹੈ ਜਿਸ ਵਿੱਚ ਪਾਵਨ ਸਰੂਪ ਸੁਸ਼ੋਭਿਤ ਕਰਕੇ ਲਿਜਾਇਆ ਜਾਂਦਾ ਸੀ। ਦੋਵਾਂ ਖੋਜੀਆਂ ਨੇ 1985 ਤੋਂ ਸਿੱਖਾਂ ਅਤੇ ਹੋਰ ਭਾਰਤੀਆਂ ਦੇ ਆਸਟਰੇਲੀਆਈ ਇਤਿਹਾਸ ਨੂੰ ਦਸਤਾਵੇਜ਼ੀ ਰੂਪ ਦੇਣ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਹੈ। ਉਨ੍ਹਾਂ ਦੇ ਨਵੇਂ ਖ਼ੁਲਾਸੇ ਵਿਕਟੋਰੀਆ ਦੇ ਬੇਨਾਲਾ ਵਿੱਚ ‘ਟੂਮਾਰੋ ਟੂਡੇ ਫਾਊਂਡੇਸ਼ਨ’ ਵਿਖੇ ਰਿਲੀਜ਼ ਹੋਈ ਉਨ੍ਹਾਂ ਦੀ ਨਵੀਂ ਪੁਸਤਕ ‘ਸਿਵਾਸਿੰਘ ਬੇਨਾਲਾ’ (Siva Singh Benalla) ਵਿੱਚ ਦਰਜ ਹਨ। ਪਹਿਲਾ ਅਖੰਡ ਪਾਠ ਅਤੇ ਇਤਿਹਾਸਕ ਬੱਘੀ ਦੀ ਸੰਭਾਲ ਕ੍ਰਿਸਟਲ ਜੌਰਡਨ ਨੇ ‘ਟ੍ਰਿਬਿਊਨ’ ਨਾਲ ਈਮੇਲ ਰਾਹੀਂ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ਆਸਟਰੇਲੀਆ ਵਿੱਚ ਪਹਿਲਾ ਅਖੰਡ ਪਾਠ ਸਾਲ 1920 ਵਿੱਚ ਵਿਕਟੋਰੀਆ ਦੇ ਪੇਂਡੂ ਖੇਤਰ ਵਿੱਚ ਹੋਇਆ ਸੀ, ਜਿਸ ਦੀ ਤਸਵੀਰ ਵੀ ਸੁਰੱਖਿਅਤ ਹੈ। ਇਹ ਕਿਤਾਬ ਸਿਵਾ ਸਿੰਘ ਬੇਨਾਲਾ ਨਾਮਕ ਇੱਕ ਫੇਰੀਵਾਲੇ (ਹਾਕਰ) ਅਤੇ ਕਿਸਾਨ ਦੇ ਜੀਵਨ ਦੁਆਲੇ ਘੁੰਮਦੀ ਹੈ, ਜੋ ਕਰੀਬ 1897 ਤੋਂ ਲੈ ਕੇ 1955 (ਆਪਣੀ ਮੌਤ ਤੱਕ) ਬੇਨਾਲਾ ਜ਼ਿਲ੍ਹੇ ਵਿੱਚ ਰਹੇ। ਉਹ ਇਲਾਕੇ ਦੇ ਸਿੱਖ ਭਾਈਚਾਰੇ ਲਈ ਧਾਰਮਿਕ ਆਗੂ ਵਜੋਂ ਸੇਵਾ ਨਿਭਾਉਂਦੇ ਸਨ, ਅਰਦਾਸਾਂ ਕਰਵਾਉਂਦੇ ਸਨ ਅਤੇ ਉੱਤਰ-ਪੂਰਬੀ ਵਿਕਟੋਰੀਆ ਵਿੱਚ ਸਸਕਾਰ ਦੀਆਂ ਰਸਮਾਂ ਪੂਰੀਆਂ ਕਰਦੇ ਸਨ। ਉਹ ਪਾਵਨ ਸਰੂਪ ਨੂੰ ਆਪਣੀ ਘੋੜਾ-ਬੱਘੀ ਵਿੱਚ ਪੂਰੇ ਅਦਬ ਨਾਲ ਲੈ ਕੇ ਜਾਂਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਮਗਰੋਂ ਇੱਕ ਸਥਾਨਕ ਕਿਸਾਨ ਨੇ ਇਸ ਬੱਘੀ ਨੂੰ ਸੰਭਾਲ ਕੇ ਰੱਖਿਆ। ਕ੍ਰਿਸਟਲ ਅਨੁਸਾਰ ਹੁਣ ਇਸ ਪਵਿੱਤਰ ਬੱਘੀ ਦੀ ਸੰਭਾਲ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਬੇਨਾਲਾ ਵਿੱਚ ਪੱਕੀ ਨੁਮਾਇਸ਼ ਲਈ ਰੱਖਿਆ ਜਾਵੇਗਾ। ਬੇਨਾਲਾ ਕੌਂਸਲ ਨੇ ਸਿਵਾਸਿੰਘ ਦੇ ਸਨਮਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪਾਠ ਦੀ ਯਾਦ ਵਿੱਚ ਇੱਕ ਕੇਂਦਰੀ ਪਾਰਕ ਵਿੱਚ ਯਾਦਗਾਰ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਹੈ। ਦਿੜ੍ਹ ਇਰਾਦੇ ਅਤੇ ਲੰਬੀ ਸਮਰਪਣ ਯਾਤਰਾ ਇਸ ਖੋਜ ਯਾਤਰਾ ਦੀ ਸ਼ੁਰੂਆਤ ਬਾਰੇ ਦੱਸਦਿਆਂ ਕ੍ਰਿਸਟਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ 1985 ਵਿੱਚ ਕੰਮ ਸ਼ੁਰੂ ਕੀਤਾ ਸੀ ਤਾਂ ਆਸਟਰੇਲੀਆ ਵਿੱਚ ਭਾਰਤੀਆਂ ਦੇ ਇਤਿਹਾਸ ਬਾਰੇ ਬਹੁਤ ਘੱਟ ਜਾਣਕਾਰੀ ਸੀ। ਲੈਨ ਕੈਨਾ ਲਈ ਇਹ ਪ੍ਰੇਰਨਾ ਉਨ੍ਹਾਂ ਦੇ ਬਚਪਨ ਤੋਂ ਜੁੜੀ ਹੋਈ ਸੀ, ਜਦੋਂ ਹੈਮਿਲਟਨ (ਵਿਕਟੋਰੀਆ) ਵਿੱਚ ਉਨ੍ਹਾਂ ਦੇ ਘਰ ਇੱਕ ਸਿੱਖ ਫੇਰੀਵਾਲਾ ਅਕਸਰ ਆਉਂਦਾ ਹੁੰਦਾ ਸੀ। ਲੈਨ ਦੀ ਮਾਂ ਉਸ ਕੋਲੋਂ ਸਾਮਾਨ ਖ਼ਰੀਦਦੀ ਅਤੇ ਉਸ ਦੀਆਂ ਦਸਤਾਰਾਂ ਧੋਂਦੀ ਸੀ, ਬਦਲੇ ਵਿੱਚ ਉਹ ਬਜ਼ੁਰਗ ਪਰਿਵਾਰ ਲਈ ਸ਼ਾਮ ਦਾ ਖਾਣਾ ਬਣਾਉਂਦਾ ਅਤੇ ਭਾਰਤ ਦੀਆਂ ਕਹਾਣੀਆਂ ਸੁਣਾਉਂਦਾ ਸੀ। ਦੂਜੇ ਪਾਸੇ ਕ੍ਰਿਸਟਲ ਦੇ ਪਿਤਾ ਦਾ ਜਨਮ 1912 ਵਿੱਚ ਬਰੇਲੀ (ਉੱਤਰ ਪ੍ਰਦੇਸ਼) ਵਿਖੇ ਹੋਇਆ ਸੀ, ਜਿੱਥੇ ਉਨ੍ਹਾਂ ਦੇ ਦਾਦਾ ਬ੍ਰਿਟਿਸ਼ ਫ਼ੌਜ ਵਿੱਚ ਤਾਇਨਾਤ ਸਨ। ਸ਼ੁਰੂਆਤੀ ਦੌਰ ਵਿੱਚ ਬਿਨਾਂ ਇੰਟਰਨੈੱਟ ਅਤੇ ਮੋਬਾਈਲ ਫ਼ੋਨਾਂ ਤੋਂ ਲੈਨ ਨੇ ਟਾਈਪਰਾਈਟਰ ’ਤੇ ਕੰਮ ਕਰਦਿਆਂ ਆਸਟਰੇਲੀਆਈ ਪੁਰਾਲੇਖਾਂ ਅਤੇ ਲੰਡਨ ਸਥਿਤ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਈਸਟ ਇੰਡੀਆ ਕੰਪਨੀ ਦੇ ਰਿਕਾਰਡਾਂ ਦੀ ਘੋਖ ਕੀਤੀ। ਸਾਲ 2000 ਵਿੱਚ ਵਿਕਟੋਰੀਆ ਸਰਕਾਰ ਨੇ ਉਨ੍ਹਾਂ ਨੂੰ ਇਹ ਇਤਿਹਾਸ ਲਿਖਣ ਦਾ ਜ਼ਿੰਮਾ ਸੌਂਪਿਆ ਤਾਂ ਜੋ ਨਸਲਵਾਦ ਘਟਾਇਆ ਜਾ ਸਕੇ। ਸਾਲ 2012 ਵਿੱਚ ਚਾਰ ਗੁਰਦੁਆਰਿਆਂ ਦੇ ਸਹਿਯੋਗ ਨਾਲ ‘ਆਸਟਰੇਲੀਅਨ ਇੰਡੀਅਨ ਹਿਸਟੋਰੀਕਲ ਸੁਸਾਇਟੀ’ ਬਣਾਈ ਗਈ। ਉਨ੍ਹਾਂ ਦੀਆਂ ਪੁਸਤਕਾਂ ਵਿੱਚ ਪੰਜ ਜਿਲਦਾਂ ਵਾਲੀ ਲੜੀ ਅਤੇ 2019 ਵਿੱਚ ਅੰਗਰੇਜ਼ੀ ਤੇ ਪੰਜਾਬੀ ਵਿੱਚ ਛਪੀ ‘ਸਿੱਖ ਹਿਸਟਰੀ ਇਨ ਆਸਟਰੇਲੀਆ’ ਸ਼ਾਮਲ ਹੈ। ਭਾਰਤੀ-ਆਸਟਰੇਲੀਆਈ ਇਤਿਹਾਸਕ ਸਾਂਝ ਸਾਲ 2010 ਵਿੱਚ ਇਸ ਜੋੜੇ ਨੇ ਵਾਰਨਾਮਬੂਲ ਵਿੱਚੋਂ ਪੂਰਨ ਸਿੰਘ ਦੀਆਂ ਅਸਥੀਆਂ ਲੱਭੀਆਂ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਉੱਪਲ ਭੂਪਾ ਲੈ ਕੇ ਆਏ, ਜਿੱਥੋਂ ਬਾਅਦ ਵਿੱਚ ਹਰਿਦੁਆਰ ਜਾ ਕੇ ਗੰਗਾ ਵਿੱਚ ਜਲ-ਪ੍ਰਵਾਹ ਕੀਤਾ ਗਿਆ। ਆਪਣੀ ਪੈਨਸ਼ਨ ਦੇ ਪੈਸਿਆਂ ਨਾਲ ਪਹਿਲੇ ਵਿਸ਼ਵ ਯੁੱਧ ਦੇ ਭਾਰਤੀ-ਆਸਟਰੇਲੀਆਈ ਫ਼ੌਜੀ ਪ੍ਰਾਈਵੇਟ ਗਣੇਸ਼ਾ ਸਿੰਘ ਦੇ ਤਗ਼ਮੇ ਖ਼ਰੀਦ ਕੇ ਦੇਸ਼ ਵਾਪਸ ਲਿਆਉਣ ਵਾਲੇ ਇਸ ਜੋੜੇ ਨੇ ਕਈ ਪ੍ਰਚਲਿਤ ਧਾਰਨਾਵਾਂ ਨੂੰ ਵੀ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪਹਿਲੇ ਸਿੱਖ 1844 ਵਿੱਚ ਦਾਬੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੇ ਰੂਪ ਵਿੱਚ ਕੁਈਨਜ਼ਲੈਂਡ ਪਹੁੰਚੇ ਸਨ। ਉਨ੍ਹਾਂ ਇਹ ਵੀ ਸਾਬਤ ਕੀਤਾ ਕਿ ਆਸਟਰੇਲੀਆ ਦੇ ਸ਼ੁਰੂਆਤੀ ਵਿਕਾਸ ਵਿੱਚ ਭਾਰਤ ਦਾ ਯੋਗਦਾਨ ਬਰਤਾਨੀਆ ਦੇ ਬਰਾਬਰ ਰਿਹਾ ਹੈ। ਬਜ਼ੁਰਗ ਖੋਜਕਰਤਾ ਜੋੜੇ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਇਹ ਵਿਸ਼ਾਲ ਇਤਿਹਾਸਕ ਸੰਗ੍ਰਹਿ ਜਲਦੀ ਹੀ ਵਿਕਟੋਰੀਆ ਦੇ ਕਿਸੇ ਅਜਾਇਬ ਘਰ ਵਿੱਚ ਸਥਾਈ ਤੌਰ ’ਤੇ ਸੰਭਾਲਿਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਸਾਂਝੇ ਵਿਰਸੇ ਤੋਂ ਜਾਣੂ ਹੋ ਸਕਣ।