ਜਨਮ ਦਿਨ ਦੀ ਪਾਰਟੀ ਤੋਂ ਘਰ ਪਰਤ ਰਹੇ ਦੋ ਦੋਸਤਾਂ ਦੀ ਕਾਰ ਟਰੈਕਟਰ-ਟਰਾਲੀ ਨਾਲ ਟਕਰਾਈ, ਮੌਕੇ ’ਤੇ ਮੌਤ

ਜਨਮ ਦਿਨ ਦੀ ਪਾਰਟੀ ਤੋਂ ਘਰ ਪਰਤ ਰਹੇ ਦੋ ਦੋਸਤਾਂ ਦੀ ਕਾਰ ਟਰੈਕਟਰ-ਟਰਾਲੀ ਨਾਲ ਟਕਰਾਈ, ਮੌਕੇ ’ਤੇ ਮੌਤ

ਜਲੰਧਰ ਵਿੱਚ ਐਤਵਾਰ ਤੜਕੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਨੇ ਦੋ ਪਰਿਵਾਰਾਂ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ। ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਦੋ ਨੌਜਵਾਨਾਂ ਦੀ ਕਾਰ ਪੁਲੀਸ ਲਾਈਨ ਨੇੜੇ ਫਲਾਈਓਵਰ ’ਤੇ ਨਗਰ ਨਿਗਮ ਦੀ ਖੜ੍ਹੀ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਦੋਵਾਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
 

ਮ੍ਰਿਤਕਾਂ ਦੀ ਪਛਾਣ ਮਸ਼ਹੂਰ ਸੰਗੀਤ ਕੰਪਨੀ ‘ਸਪੀਡ ਰਿਕਾਰਡਜ਼’ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਵਿਦਿਤ ਔਲਖ ਅਤੇ ‘ਪੱਪੀ ਸਵੀਟਸ’ ਦੇ ਮਾਲਕ ਦੇ ਪੁੱਤਰ ਆਰਵ ਤਲਵਾੜ ਵਜੋਂ ਹੋਈ ਹੈ। ਦੋਵਾਂ ਦੀ ਉਮਰ ਕਰੀਬ 18 ਤੋਂ 19 ਸਾਲ ਦੱਸੀ ਜਾ ਰਹੀ ਹੈ।
 

ਮਿਲੀ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਫੋਕਸਵੈਗਨ ਕਾਰ ਵਿੱਚ ਸਵਾਰ ਹੋ ਕੇ ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਬੀਐੱਮਸੀ ਚੌਕ ਤੋਂ ਬੀਐੱਸਐੱਫ ਚੌਕ ਵੱਲ ਜਾ ਰਹੀ ਸੀ ਤਾਂ ਪੁਲੀਸ ਲਾਈਨ ਨੇੜੇ ਫਲਾਈਓਵਰ ’ਤੇ ਸਫ਼ਾਈ ਕਾਰਜਾਂ ਲਈ ਖੜ੍ਹੀ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਜਾ ਟਕਰਾਈ।
 

ਪੁਲੀਸ ਮੁਤਾਬਕ ਹਾਦਸੇ ਸਮੇਂ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਫਲਾਈਓਵਰ ਦੀ ਸਫ਼ਾਈ ਕਰ ਰਹੇ ਸਨ। ਇਸ ਦੌਰਾਨ ਇਕੱਠਾ ਹੋਇਆ ਕੂੜਾ ਚੁੱਕਣ ਲਈ ਟਰੈਕਟਰ-ਟਰਾਲੀ ਸੜਕ ’ਤੇ ਖੜ੍ਹੀ ਕੀਤੀ ਗਈ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਕਾਰ ਇਸ ਨਾਲ ਟਕਰਾ ਗਈ।
 

ਹਾਦਸੇ ਦੀ ਸੂਚਨਾ ਐਤਵਾਰ ਤੜਕੇ ਕਰੀਬ 3 ਵਜੇ ਥਾਣਾ ਬਾਰਾਦਰੀ ਦੀ ਪੁਲੀਸ ਨੂੰ ਮਿਲੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਟੀਮ ਤੁਰੰਤ ਘਟਨਾ ਸਥਾਨ ’ਤੇ ਪਹੁੰਚੀ ਅਤੇ ਦੋਵਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ।
 

ਥਾਣਾ ਬਾਰਾਦਰੀ ਦੇ ਐੱਸਐੱਚਓ ਸਾਹਿਲ ਚੌਧਰੀ ਨੇ ਦੱਸਿਆ ਕਿ ਕਾਰ ਵਿੱਚ ਸ਼ੁਰੂਆਤ ਵਿੱਚ ਕੁੱਲ ਪੰਜ ਨੌਜਵਾਨ ਸਵਾਰ ਸਨ। ਹਾਲਾਂਕਿ, ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਤਿੰਨ ਹੋਰ ਨੌਜਵਾਨ ਆਪਣੇ-ਆਪਣੇ ਘਰਾਂ ਵਿੱਚ ਉਤਰ ਗਏ ਸਨ। ਇਸ ਕਾਰਨ ਹਾਦਸੇ ਸਮੇਂ ਕਾਰ ਵਿੱਚ ਸਿਰਫ਼ ਦੋ ਨੌਜਵਾਨ ਹੀ ਮੌਜੂਦ ਸਨ।
 

ਘਟਨਾ ਦੀ ਖ਼ਬਰ ਮਿਲਦਿਆਂ ਹੀ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ। ਐੱਸਐੱਚਓ ਅਨੁਸਾਰ ਦੋਵਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਤਰ੍ਹਾਂ ਦੀ ਪੁਲੀਸ ਜਾਂ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲੋੜੀਂਦੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਕੇ ਦੋਵਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ।