1. ਐਪਸਟੀਨ ਦੇ ਜਨਮ ਦਿਨ ਵਾਲੇ ਪੱਤਰ ਦਾ ਵਿਵਾਦ: ਟਰੰਪ ਵਾਲ ਸਟ੍ਰੀਟ ਜਰਨਲ ਖ਼ਿਲਾਫ਼ ਕੇਸ ਹਾਰੇ

1. ਐਪਸਟੀਨ ਦੇ ਜਨਮ ਦਿਨ ਵਾਲੇ ਪੱਤਰ ਦਾ ਵਿਵਾਦ: ਟਰੰਪ ਵਾਲ ਸਟ੍ਰੀਟ ਜਰਨਲ ਖ਼ਿਲਾਫ਼ ਕੇਸ ਹਾਰੇ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਐਪਸਟੀਨ ਨਾਲ ਜੁੜੇ ਪੱਤਰ ਦੇ ਵਿਵਾਦ ਵਿੱਚ ਵੱਡਾ ਕਾਨੂੰਨੀ ਝਟਕਾ ਲੱਗਾ ਹੈ। ਮਿਆਮੀ ਦੀ ਸੰਘੀ ਅਦਾਲਤ ਨੇ ਅਖ਼ਬਾਰ ‘ਦਿ ਵਾਲ ਸਟ੍ਰੀਟ ਜਰਨਲ’ (WSJ) ਅਤੇ ਮੀਡੀਆ ਕਾਰੋਬਾਰੀ ਰੂਪਰਟ ਮਰਡੋਕ ਖ਼ਿਲਾਫ਼ ਟਰੰਪ ਵੱਲੋਂ ਦਾਇਰ 10 ਅਰਬ ਡਾਲਰ ਦੇ ਮਾਣਹਾਨੀ ਦੇ ਮੁਕੱਦਮੇ ਨੂੰ ਸਥਾਈ ਤੌਰ ’ਤੇ ਖ਼ਾਰਜ ਕਰ ਦਿੱਤਾ ਹੈ।
 

ਅਮਰੀਕੀ ਜ਼ਿਲ੍ਹਾ ਜੱਜ ਡੈਰਿਨ ਗੇਲਜ਼ ਨੇ ਆਪਣੇ ਫ਼ੈਸਲੇ ਵਿੱਚ ਟਰੰਪ ਦੀ ਪਟੀਸ਼ਨ ’ਤੇ ਸਖ਼ਤ ਟਿੱਪਣੀ ਕਰਦਿਆਂ ਇਸ ਨੂੰ ‘ਡੁੱਬਦੇ ਨੂੰ ਤਿਣਕੇ ਦਾ ਸਹਾਰਾ’ ਲੱਭਣ ਦੀ ਕੋਸ਼ਿਸ਼ ਕਰਾਰ ਦਿੱਤਾ। ਅਦਾਲਤ ਨੇ ਮਾਮਲੇ ਨੂੰ ‘ਵਿਦ ਪ੍ਰੈਜੂਡਿਸ’ ਤਹਿਤ ਖ਼ਾਰਜ ਕੀਤਾ ਹੈ। ਇਸ ਦਾ ਮਤਲਬ ਹੈ ਕਿ ਟਰੰਪ ਇਸੇ ਮਾਮਲੇ ਨੂੰ ਮੁੜ ਅਦਾਲਤ ਵਿੱਚ ਨਵੇਂ ਸਿਰੇ ਤੋਂ ਦਾਇਰ ਨਹੀਂ ਕਰ ਸਕਣਗੇ।
 

ਅਦਾਲਤ ਅਨੁਸਾਰ ਟਰੰਪ ਇਹ ਸਾਬਤ ਕਰਨ ਵਿੱਚ ਅਸਫਲ ਰਹੇ ਕਿ ਅਖ਼ਬਾਰ ਨੇ ਉਨ੍ਹਾਂ ਬਾਰੇ ਰਿਪੋਰਟ ਪ੍ਰਕਾਸ਼ਿਤ ਕਰਦਿਆਂ ਜਾਣਬੁੱਝ ਕੇ ਝੂਠੀਆਂ ਜਾਣਕਾਰੀਆਂ ਦਿੱਤੀਆਂ ਜਾਂ ਕਿਸੇ ਬਦਨੀਤੀ ਨਾਲ ਕੰਮ ਕੀਤਾ ਸੀ। ਜੱਜ ਨੇ ਕਿਹਾ ਕਿ ਪਟੀਸ਼ਨ ਰਾਹੀਂ ਅਖ਼ਬਾਰ ਦੀ ਜਾਂਚ-ਪੜਤਾਲ ਆਧਾਰਿਤ ਪੱਤਰਕਾਰੀ ਵਿੱਚ ਜ਼ਬਰਦਸਤੀ ਖ਼ਾਮੀਆਂ ਕੱਢਣ ਦੀ ਕੋਸ਼ਿਸ਼ ਕੀਤੀ ਗਈ।
 

ਜ਼ਿਕਰਯੋਗ ਹੈ ਕਿ ਜੱਜ ਗੇਲਜ਼ ਨੇ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਵੀ ਟਰੰਪ ਦਾ ਮੁਕੱਦਮਾ ਖ਼ਾਰਜ ਕਰ ਦਿੱਤਾ ਸੀ। ਹਾਲਾਂਕਿ, ਉਸ ਸਮੇਂ ਉਨ੍ਹਾਂ ਨੂੰ ਸ਼ਿਕਾਇਤ ਵਿੱਚ ਸੋਧ ਕਰਕੇ ਨਵੀਂ ਪਟੀਸ਼ਨ ਦਾਇਰ ਕਰਨ ਦਾ ਮੌਕਾ ਦਿੱਤਾ ਗਿਆ ਸੀ। ਪਰ ਸੋਧੀ ਹੋਈ ਸ਼ਿਕਾਇਤ ਵੀ ਕਾਨੂੰਨੀ ਮਾਪਦੰਡਾਂ ’ਤੇ ਖਰੀ ਨਹੀਂ ਉਤਰ ਸਕੀ।
 

ਕੀ ਹੈ ਐਪਸਟੀਨ ਦੇ ਪੱਤਰ ਦਾ ਪੂਰਾ ਵਿਵਾਦ?
 

ਇਹ ਮਾਮਲਾ ‘ਵਾਲ ਸਟ੍ਰੀਟ ਜਰਨਲ’ ਵੱਲੋਂ ਪਿਛਲੇ ਸਾਲ ਪ੍ਰਕਾਸ਼ਿਤ ਕੀਤੀ ਗਈ ਇਕ ਰਿਪੋਰਟ ਨਾਲ ਸਬੰਧਤ ਹੈ। ਅਖ਼ਬਾਰ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਾਲ 2003 ਵਿੱਚ ਜੈਫਰੀ ਐਪਸਟੀਨ ਦੇ 50ਵੇਂ ਜਨਮ ਦਿਨ ਮੌਕੇ ਤਿਆਰ ਕੀਤੀ ਗਈ ਐਲਬਮ ਵਿੱਚ ਇਕ ਇਤਰਾਜ਼ਯੋਗ ਪੱਤਰ ਅਤੇ ਚਿੱਤਰ ਸ਼ਾਮਲ ਸਨ, ਜਿਨ੍ਹਾਂ ’ਤੇ ਡੋਨਲਡ ਟਰੰਪ ਦਾ ਨਾਂ ਦਰਜ ਸੀ।
 

ਟਰੰਪ ਨੇ ਇਸ ਪੱਤਰ ਨਾਲ ਆਪਣਾ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਨੇ ਅਖ਼ਬਾਰ ਦੀ ਰਿਪੋਰਟ ਨੂੰ ਝੂਠੀ, ਮਨਘੜਤ ਅਤੇ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲੀ ਦੱਸਦਿਆਂ 10 ਅਰਬ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਸੀ।
 

ਦੂਜੇ ਪਾਸੇ, ਜੱਜ ਨੇ ਆਪਣੇ ਹੁਕਮ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਅਖ਼ਬਾਰ ਨੇ ਰਿਪੋਰਟ ਵਿੱਚ ਟਰੰਪ ਦਾ ਪੱਖ ਅਤੇ ਉਨ੍ਹਾਂ ਵੱਲੋਂ ਪੱਤਰ ਲਿਖਣ ਤੋਂ ਕੀਤੇ ਗਏ ਇਨਕਾਰ ਨੂੰ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ।
 

ਮੀਡੀਆ ਅਦਾਰਿਆਂ ਨਾਲ ਟਕਰਾਅ ਵਿਚਾਲੇ ਆਇਆ ਫ਼ੈਸਲਾ
 

ਅਦਾਲਤ ਦਾ ਇਹ ਫ਼ੈਸਲਾ ਟਰੰਪ ਪ੍ਰਸ਼ਾਸਨ ਅਤੇ ਮੀਡੀਆ ਸੰਸਥਾਵਾਂ ਵਿਚਾਲੇ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਅਹਿਮ ਮੰਨਿਆ ਜਾ ਰਿਹਾ ਹੈ। ਆਪਣੇ ਦੂਜੇ ਕਾਰਜਕਾਲ ਦੌਰਾਨ ਟਰੰਪ ਕਈ ਮੀਡੀਆ ਅਦਾਰਿਆਂ ਨਾਲ ਕਾਨੂੰਨੀ ਵਿਵਾਦਾਂ ਵਿੱਚ ਉਲਝੇ ਹੋਏ ਹਨ। ਇਨ੍ਹਾਂ ਵਿੱਚ ਬੀਬੀਸੀ ਅਤੇ ਐਸੋਸੀਏਟਿਡ ਪ੍ਰੈੱਸ ਵਰਗੀਆਂ ਸੰਸਥਾਵਾਂ ਵੀ ਸ਼ਾਮਲ ਹਨ।
 

ਇਸ ਫ਼ੈਸਲੇ ਤੋਂ ਬਾਅਦ ਵ੍ਹਾਈਟ ਹਾਊਸ ਵੱਲੋਂ ਤੁਰੰਤ ਕੋਈ ਜਨਤਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।