1. ਕਾਂਗਰਸੀ ਵਿਧਾਇਕ ਦੇ ਵਿਰੋਧ ਕਾਰਨ ਜੌਲਜੀਬੀ ਮੇਲੇ ’ਚ ਤਣਾਅ, ਸੱਭਿਆਚਾਰਕ ਪ੍ਰੋਗਰਾਮ ਰੋਕਣ ਦੀ ਭਾਜਪਾ ਦੀ ਚਿਤਾਵਨੀ

1. ਕਾਂਗਰਸੀ ਵਿਧਾਇਕ ਦੇ ਵਿਰੋਧ ਕਾਰਨ ਜੌਲਜੀਬੀ ਮੇਲੇ ’ਚ ਤਣਾਅ, ਸੱਭਿਆਚਾਰਕ ਪ੍ਰੋਗਰਾਮ ਰੋਕਣ ਦੀ ਭਾਜਪਾ ਦੀ ਚਿਤਾਵਨੀ

ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਭਾਰਤ-ਨੇਪਾਲ ਸਰਹੱਦ ’ਤੇ ਲੱਗਣ ਵਾਲੇ ਇਤਿਹਾਸਕ ਜੌਲਜੀਬੀ ਮੇਲੇ ਦੇ ਉਦਘਾਟਨੀ ਸਮਾਗਮ ਦੌਰਾਨ ਸ਼ਨੀਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਧਾਰਚੂਲਾ ਤੋਂ ਕਾਂਗਰਸੀ ਵਿਧਾਇਕ ਹਰੀਸ਼ ਸਿੰਘ ਧਾਮੀ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਮੰਚ ’ਤੇ ਮਾਈਕ ਅਤੇ ਕੁਰਸੀਆਂ ਸੁੱਟ ਦਿੱਤੀਆਂ। ਵਿਧਾਇਕ ਨੇ ਇਹ ਵਿਰੋਧ ਮੰਚ ਤੋਂ ਸੰਬੋਧਨ ਕਰਨ ਦਾ ਮੌਕਾ ਨਾ ਮਿਲਣ ਕਾਰਨ ਕੀਤਾ। ਇਸ ਦੌਰਾਨ ਸਾਊਂਡ ਸਿਸਟਮ ਨਾਲ ਜੁੜੇ ਮੁਲਾਜ਼ਮਾਂ ਨਾਲ ਵੀ ਉਨ੍ਹਾਂ ਦੀ ਤਿੱਖੀ ਬਹਿਸ ਹੋਈ।
 

ਘਟਨਾ ਤੋਂ ਬਾਅਦ ਸਮਾਗਮ ਵਾਲੀ ਥਾਂ ’ਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਇਸ ਹੰਗਾਮੇ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸ਼ਨੀਵਾਰ ਨੂੰ 10 ਦਿਨਾਂ ਤੱਕ ਚੱਲਣ ਵਾਲੇ ਜੌਲਜੀਬੀ ਮੇਲੇ ਦਾ ਉਦਘਾਟਨ ਕਰਨ ਪਹੁੰਚੇ ਸਨ।
 

ਵਿਧਾਇਕ ਹਰੀਸ਼ ਧਾਮੀ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਮੇਲੇ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਪਰ ਇਸ ਦੇ ਬਾਵਜੂਦ ਮੰਚ ਤੋਂ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਦਾ ਮਾਈਕ ਵੀ ਬੰਦ ਕਰ ਦਿੱਤਾ ਗਿਆ। ਮੁੱਖ ਮੰਤਰੀ ਦੇ ਸਮਾਗਮ ਵਾਲੀ ਥਾਂ ਤੋਂ ਚਲੇ ਜਾਣ ਮਗਰੋਂ ਵਿਧਾਇਕ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਮੰਚ ’ਤੇ ਭੰਨਤੋੜ ਕੀਤੀ ਅਤੇ ਮਾਈਕ ਤੇ ਕੁਰਸੀਆਂ ਸੁੱਟ ਦਿੱਤੀਆਂ।
 

ਇਸ ਦੌਰਾਨ ਹਰੀਸ਼ ਧਾਮੀ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ‘ਡਰਪੋਕ ਅਤੇ ਭਗੌੜਾ’ ਕਰਾਰ ਦਿੰਦਿਆਂ ਉਨ੍ਹਾਂ ਨੂੰ ਧਾਰਚੂਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀ ਚੁਣੌਤੀ ਵੀ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਦੇ ਮੁੱਦਿਆਂ ’ਤੇ ਵਿਰੋਧੀ ਧਿਰ ਦੀ ਆਵਾਜ਼ ਸੁਣਨ ਤੋਂ ਡਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਰਹੀ ਹੈ।
 

ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਵਿਧਾਇਕ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਦੇ ਧਿਆਨ ਵਿੱਚ ਦੋ ਸਥਾਨਕ ਮੁੱਦੇ ਲਿਆਉਣਾ ਚਾਹੁੰਦੇ ਸਨ। ਇਨ੍ਹਾਂ ਵਿੱਚ ਦੋ ਦਿਨ ਪਹਿਲਾਂ ਇਲਾਕੇ ਵਿੱਚ ਹੋਈ ਅੱਠ ਸਾਲਾ ਬੱਚੀ ਦੀ ਮੌਤ ਅਤੇ ਕਨਾਰ ਵਿੱਚ ਸੜਕ ਨਾਲ ਸਬੰਧਤ ਸਮੱਸਿਆ ਸ਼ਾਮਲ ਸੀ।
 

ਉਨ੍ਹਾਂ ਸਵਾਲ ਕੀਤਾ ਕਿ ਲੋਕਾਂ ਦੇ ਮੁੱਦਿਆਂ ਨੂੰ ਉਠਾਉਣਾ ਕੀ ਕੋਈ ਅਪਰਾਧ ਹੈ। ਵਿਧਾਇਕ ਅਨੁਸਾਰ ਮੇਲਾ ਸਿਰਫ਼ ਸਰਕਾਰ ਦੀ ਪ੍ਰਸ਼ੰਸਾ ਕਰਨ ਦਾ ਮੰਚ ਨਹੀਂ, ਸਗੋਂ ਲੋਕਾਂ ਦੀਆਂ ਸਮੱਸਿਆਵਾਂ, ਦੁੱਖ-ਦਰਦ ਅਤੇ ਅਧਿਕਾਰਾਂ ਬਾਰੇ ਆਵਾਜ਼ ਉਠਾਉਣ ਦਾ ਲੋਕਤੰਤਰੀ ਮੰਚ ਵੀ ਹੈ।
 

ਦੂਜੇ ਪਾਸੇ, ਹੰਗਾਮੇ ਤੋਂ ਬਾਅਦ ਕਾਂਗਰਸੀ ਵਰਕਰ ਵੀ ਸਮਾਗਮ ਵਾਲੀ ਥਾਂ ’ਤੇ ਪਹੁੰਚ ਗਏ। ਉਨ੍ਹਾਂ ਨੇ ਜ਼ਿਲ੍ਹੇ ਦੇ ਇੱਕ ਹੋਰ ਕਾਂਗਰਸੀ ਵਿਧਾਇਕ ਮਯੂੰਖ ਸਿੰਘ ਮਹਿਰ ਨੂੰ ਉਦਘਾਟਨੀ ਸਮਾਰੋਹ ਵਿੱਚ ਸੱਦਾ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ।
 

ਜ਼ਿਲ੍ਹਾ ਕਾਂਗਰਸ ਪ੍ਰਧਾਨ ਮੁਕੇਸ਼ ਪੰਤ ਨੇ ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਨੂੰ ਅਣਗੌਲਿਆਂ ਕਰਕੇ ਸਰਕਾਰ ਨੇ ਸਾਰੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਨਜ਼ਰਅੰਦਾਜ਼ ਕੀਤਾ ਹੈ।
 

ਉੱਧਰ, ਭਾਜਪਾ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਬੁਦਿਆਲ ਨੇ ਕਾਂਗਰਸੀ ਵਿਧਾਇਕ ਦੇ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਸਮੇਂ ਦੀ ਘਾਟ ਹੋਣ ਕਾਰਨ ਸਮਾਗਮ ਦਾ ਸਮਾਂ ਪਹਿਲਾਂ ਹੀ ਘਟਾ ਦਿੱਤਾ ਗਿਆ ਸੀ। ਉਨ੍ਹਾਂ ਵਿਧਾਇਕ ਵੱਲੋਂ ਵਰਤੀ ਗਈ ਭਾਸ਼ਾ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਇਸ ਨੂੰ ਨਿਰਾਸ਼ਾ ਵਿੱਚੋਂ ਨਿਕਲਿਆ ਵਤੀਰਾ ਦੱਸਿਆ।
 

ਬੁਦਿਆਲ ਨੇ ਹਰੀਸ਼ ਧਾਮੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਐਤਵਾਰ ਦੁਪਹਿਰ ਤੱਕ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਭਾਜਪਾ ਵੱਲੋਂ ਜੌਲਜੀਬੀ ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਨਹੀਂ ਹੋਣ ਦਿੱਤੇ ਜਾਣਗੇ।
 

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ 10 ਦਿਨਾਂ ਦੇ ਜੌਲਜੀਬੀ ਮੇਲੇ ਦਾ ਉਦਘਾਟਨ ਕਰਦਿਆਂ ਇਸ ਨੂੰ ਭਾਰਤ, ਨੇਪਾਲ ਅਤੇ ਚੀਨ ਦੇ ਕੰਟਰੋਲ ਹੇਠਲੇ ਤਿੱਬਤ ਵਿਚਕਾਰ ਇਤਿਹਾਸਕ ਵਪਾਰਕ ਸਬੰਧਾਂ ਅਤੇ ਸਰਹੱਦੀ ਖੇਤਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਦੱਸਿਆ ਸੀ।
 

ਇਸ ਮੇਲੇ ਵਿੱਚ ਤਿੱਬਤ ਤੋਂ ਲਿਆਂਦੇ ਗਏ ਊਨੀ ਸਾਮਾਨ ਤੋਂ ਇਲਾਵਾ ਭਾਰਤੀ ਅਤੇ ਨੇਪਾਲੀ ਵਪਾਰੀਆਂ ਦੀਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਹੈ ਅਤੇ ਉਨ੍ਹਾਂ ਦੀ ਵਿਕਰੀ ਵੀ ਕੀਤੀ ਜਾਂਦੀ ਹੈ।