ਭਾਰਤ ਸਾਹਮਣੇ ਨਿਊਜ਼ੀਲੈਂਡ ਨੇ ਰੱਖਿਆ 334 ਦੌੜਾਂ ਦਾ ਟੀਚਾ, ਵਿਲ ਯੰਗ ਨੇ ਜੜਿਆ ਸ਼ਾਨਦਾਰ ਸੈਂਕੜਾ

ਭਾਰਤ ਸਾਹਮਣੇ ਨਿਊਜ਼ੀਲੈਂਡ ਨੇ ਰੱਖਿਆ 334 ਦੌੜਾਂ ਦਾ ਟੀਚਾ, ਵਿਲ ਯੰਗ ਨੇ ਜੜਿਆ ਸ਼ਾਨਦਾਰ ਸੈਂਕੜਾ

ਨਿਊਜ਼ੀਲੈਂਡ ਨੇ ਭਾਰਤ ਖ਼ਿਲਾਫ਼ ਚੌਥੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਜਿੱਤ ਲਈ 334 ਦੌੜਾਂ ਦਾ ਟੀਚਾ ਰੱਖਿਆ ਹੈ। ਮਾਊਂਟ ਮੌਂਗਾਨੁਈ ਵਿੱਚ ਖੇਡੇ ਜਾ ਰਹੇ ਇਸ ਮੁਕਾਬਲੇ ਦੌਰਾਨ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਵਿਲ ਯੰਗ ਨੇ 108 ਗੇਂਦਾਂ ’ਤੇ 125 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤੀ ਗੇਂਦਬਾਜ਼ੀ ਅਤੇ ਫੀਲਡਿੰਗ ਦੀਆਂ ਸ਼ੁਰੂਆਤੀ ਕਮਜ਼ੋਰੀਆਂ ਦਾ ਫਾਇਦਾ ਉਠਾਉਂਦਿਆਂ ਕੀਵੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ, ਪਰ ਭਾਰਤੀ ਗੇਂਦਬਾਜ਼ਾਂ ਨੇ ਆਖਰੀ ਓਵਰਾਂ ਵਿੱਚ ਵਾਪਸੀ ਕਰਦਿਆਂ ਨਿਊਜ਼ੀਲੈਂਡ ਨੂੰ 333 ਦੌੜਾਂ ’ਤੇ ਆਊਟ ਕਰ ਦਿੱਤਾ। ਪੰਜ ਮੈਚਾਂ ਦੀ ਇਸ ਲੜੀ ਵਿੱਚ ਭਾਰਤ ਪਹਿਲੇ ਦੋ ਮੁਕਾਬਲੇ ਜਿੱਤ ਕੇ 2-0 ਨਾਲ ਅੱਗੇ ਹੈ। ਲੜੀ ਦਾ ਤੀਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੂੰ ਵਿਲ ਯੰਗ ਅਤੇ ਟਿਮ ਸੀਫਰਟ ਨੇ ਮਜ਼ਬੂਤ ਸ਼ੁਰੂਆਤ ਦਿਵਾਈ। ਦੋਵਾਂ ਨੇ ਪਹਿਲੀ ਵਿਕਟ ਲਈ 12 ਓਵਰਾਂ ਵਿੱਚ 85 ਦੌੜਾਂ ਜੋੜੀਆਂ। ਸੀਫਰਟ ਨੇ 48 ਗੇਂਦਾਂ ’ਤੇ 58 ਦੌੜਾਂ ਬਣਾਈਆਂ। ਉਨ੍ਹਾਂ ਨੇ 41 ਗੇਂਦਾਂ ਵਿੱਚ ਆਪਣਾ ਪਹਿਲਾ ਵਨਡੇ ਅਰਧ ਸੈਂਕੜਾ ਪੂਰਾ ਕੀਤਾ। ਆਪਣੀ ਪਾਰੀ ਦੌਰਾਨ ਉਨ੍ਹਾਂ ਨੇ ਛੇ ਚੌਕੇ ਅਤੇ ਤਿੰਨ ਛੱਕੇ ਲਗਾਏ। ਸੀਫਰਟ ਨੇ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਖ਼ਿਲਾਫ਼ ਹਮਲਾਵਰ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਬਰਾੜ ਦੀ ਗੇਂਦ ’ਤੇ ਇੱਕ ਛੱਕਾ ਅਤੇ ਦੋ ਚੌਕੇ ਲਗਾਏ। ਇਸ ਤੋਂ ਬਾਅਦ ਔਕਿਬ ਨਬੀ ਦੀਆਂ ਲਗਾਤਾਰ ਦੋ ਗੇਂਦਾਂ ’ਤੇ ਚੌਕੇ ਜੜੇ। ਦੂਜੇ ਪਾਸੇ ਵਿਲ ਯੰਗ ਨੂੰ ਪਾਰੀ ਦੇ ਸ਼ੁਰੂ ਵਿੱਚ ਹੀ ਦੋ ਜੀਵਨਦਾਨ ਮਿਲੇ। ਜਦੋਂ ਉਹ ਪੰਜ ਦੌੜਾਂ ’ਤੇ ਸਨ ਤਾਂ ਔਕਿਬ ਨਬੀ ਦੀ ਗੇਂਦ ’ਤੇ ਪਹਿਲੀ ਸਲਿੱਪ ਵਿੱਚ ਰੋਹਿਤ ਸ਼ਰਮਾ ਉਨ੍ਹਾਂ ਦਾ ਕੈਚ ਨਹੀਂ ਫੜ ਸਕੇ। ਅਗਲੀ ਹੀ ਗੇਂਦ ’ਤੇ ਵਿਕਟਕੀਪਰ ਈਸ਼ਾਨ ਕਿਸ਼ਨ ਵੀ ਕੈਚ ਲੈਣ ਵਿੱਚ ਅਸਫਲ ਰਹੇ। ਯੰਗ ਨੇ ਇਨ੍ਹਾਂ ਮੌਕਿਆਂ ਦਾ ਪੂਰਾ ਲਾਭ ਉਠਾਇਆ ਅਤੇ ਆਪਣੀ ਪਾਰੀ ਨੂੰ ਵੱਡੇ ਸਕੋਰ ਵਿੱਚ ਬਦਲ ਦਿੱਤਾ। ਗੁਰਨੂਰ ਬਰਾੜ ਨੇ ਟਿਮ ਸੀਫਰਟ ਨੂੰ ਈਸ਼ਾਨ ਕਿਸ਼ਨ ਦੇ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਸੀਫਰਟ ਦੇ ਆਊਟ ਹੋਣ ਤੋਂ ਬਾਅਦ ਯੰਗ ਨੇ ਹਮਲਾਵਰ ਅੰਦਾਜ਼ ਜਾਰੀ ਰੱਖਿਆ ਅਤੇ 108 ਗੇਂਦਾਂ ’ਤੇ 125 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ਾਂ ਵਿੱਚੋਂ ਅਕਸ਼ਰ ਪਟੇਲ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਨੇ ਮੈਚ ਦੇ ਆਖਰੀ 10 ਓਵਰਾਂ ਵਿੱਚ ਨਿਊਜ਼ੀਲੈਂਡ ਦੀ ਦੌੜਾਂ ਬਣਾਉਣ ਦੀ ਰਫ਼ਤਾਰ ’ਤੇ ਕਾਬੂ ਪਾਇਆ। ਇਸ ਦੌਰਾਨ ਕੀਵੀ ਟੀਮ ਸਿਰਫ਼ 68 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਦੇ ਕਪਤਾਨ ਮਿਚੇਲ ਸੈਂਟਨਰ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਉਨ੍ਹਾਂ ਦੀ ਪਾਰੀ ਦੀ ਮਦਦ ਨਾਲ ਟੀਮ 300 ਦੌੜਾਂ ਦਾ ਅੰਕੜਾ ਪਾਰ ਕਰਨ ਵਿੱਚ ਸਫਲ ਰਹੀ। ਹੁਣ ਭਾਰਤ ਨੂੰ ਇਹ ਮੁਕਾਬਲਾ ਜਿੱਤਣ ਲਈ 334 ਦੌੜਾਂ ਬਣਾਉਣੀਆਂ ਹੋਣਗੀਆਂ।