ਭਾਜਪਾ ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਤੇ ਸਮ੍ਰਿਤੀ ਇਰਾਨੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਭਾਜਪਾ ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਤੇ ਸਮ੍ਰਿਤੀ ਇਰਾਨੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸੋਮਵਾਰ ਨੂੰ ਪਾਰਟੀ ਦੇ ਨਵੇਂ ਅਹੁਦੇਦਾਰਾਂ ਦੀ ਟੀਮ ਦਾ ਐਲਾਨ ਕੀਤਾ। ਨਵੀਂ ਟੀਮ ਵਿੱਚ ਤਜਰਬੇਕਾਰ ਅਤੇ ਨੌਜਵਾਨ ਆਗੂਆਂ ਦਾ ਸੁਮੇਲ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਾਰਟੀ ਦੀ ਨਵੀਂ ਟੀਮ ਵਿੱਚ ਪੰਜਾਬ ਸਮੇਤ ਕਈ ਸੂਬਿਆਂ ਨੂੰ ਮਹੱਤਵਪੂਰਨ ਨੁਮਾਇੰਦਗੀ ਦਿੱਤੀ ਗਈ ਹੈ। ਨਵੀਂ ਟੀਮ ਵਿੱਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸੀਨੀਅਰ ਆਰਐੱਸਐੱਸ ਆਗੂ ਰਾਮ ਮਾਧਵ ਨੂੰ 13 ਨਵੇਂ ਮੀਤ ਪ੍ਰਧਾਨਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਮੀਤ ਪ੍ਰਧਾਨ ਵਜੋਂ ਬਰਕਰਾਰ ਰੱਖਿਆ ਗਿਆ ਹੈ, ਜਦਕਿ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਵੀ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਪਾਰਟੀ ਦੇ ਨਵੇਂ ਜਨਰਲ ਸਕੱਤਰਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਵਾਪਸੀ ਹੋਈ ਹੈ। ਇਸ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਮੌਜੂਦਾ ਆਬਜ਼ਰਵਰ ਸਤੀਸ਼ ਪੂਨੀਆ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਕਰੀਬੀ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੂੰ ਵੀ ਜਨਰਲ ਸਕੱਤਰਾਂ ਦੀ ਨਵੀਂ ਸੂਚੀ ਵਿੱਚ ਥਾਂ ਦਿੱਤੀ ਗਈ ਹੈ। ਵਿਨੋਦ ਤਾਵੜੇ ਅਤੇ ਸੁਨੀਲ ਬਾਂਸਲ ਨੂੰ ਜਨਰਲ ਸਕੱਤਰ ਵਜੋਂ ਬਰਕਰਾਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਆਰਐੱਸਐੱਸ ਦੇ ਸੀਨੀਅਰ ਆਗੂ ਬੀ.ਐੱਲ. ਸੰਤੋਸ਼ ਸੰਗਠਨ ਦੇ ਜਨਰਲ ਸਕੱਤਰ ਦੇ ਅਹੁਦੇ ’ਤੇ ਬਣੇ ਰਹਿਣਗੇ। ਨਵੀਂ ਟੀਮ ਵਿੱਚ ਸਭ ਤੋਂ ਅਹਿਮ ਨਿਯੁਕਤੀਆਂ ਵਿੱਚੋਂ ਇੱਕ ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਨੂੰ ਭਾਜਪਾ ਦਾ ਖ਼ਜ਼ਾਨਚੀ ਬਣਾਇਆ ਜਾਣਾ ਹੈ। ਹਾਲਾਂਕਿ, ਇਹ ਦੇਖਣਾ ਬਾਕੀ ਰਹੇਗਾ ਕਿ ਭਾਜਪਾ ਦੇ ‘ਇੱਕ ਵਿਅਕਤੀ, ਇੱਕ ਅਹੁਦਾ’ ਨਿਯਮ ਤਹਿਤ ਗੋਇਲ ਨੂੰ ਕੇਂਦਰੀ ਕੈਬਨਿਟ ਤੋਂ ਹਟਾਇਆ ਜਾਂਦਾ ਹੈ ਜਾਂ ਨਹੀਂ। ਉੱਤਰਾਖੰਡ ਤੋਂ ਲੋਕ ਸਭਾ ਮੈਂਬਰ ਅਨਿਲ ਬਲੂਨੀ ਨੂੰ ਪਾਰਟੀ ਦੇ ਮੀਡੀਆ ਮੁਖੀ ਵਜੋਂ ਬਰਕਰਾਰ ਰੱਖਿਆ ਗਿਆ ਹੈ। ਇਸੇ ਤਰ੍ਹਾਂ ਤਰੁਣ ਚੁੱਘ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਭਾਜਪਾ ਦੇ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਾਇਆ ਗਿਆ ਹੈ। ਨਵੀਂ ਸੂਚੀ ਵਿੱਚ ਕੁੱਲ 13 ਮੀਤ ਪ੍ਰਧਾਨ ਅਤੇ ਅੱਠ ਜਨਰਲ ਸਕੱਤਰ ਸ਼ਾਮਲ ਹਨ। ਅਰੁਣ ਸਿੰਘ, ਦੁਸ਼ਯੰਤ ਗੌਤਮ ਅਤੇ ਰਾਧਾ ਮੋਹਨ ਅਗਰਵਾਲ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਭਾਜਪਾ ਦੀ ਇਹ ਨਵੀਂ ਟੀਮ ਅਗਲੇ ਸਾਲ ਹੋਣ ਵਾਲੀਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਨਿਤਿਨ ਨਬੀਨ ਵੱਲੋਂ ਐਲਾਨੀ ਗਈ ਟੀਮ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਖਾਸ ਨੁਮਾਇੰਦਗੀ ਮਿਲੀ ਹੈ। ਇਨ੍ਹਾਂ ਸੂਬਿਆਂ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।