ਪ੍ਰਸ਼ੰਸਕ ਦੀ ਹਰਕਤ ’ਤੇ ਕਰਨ ਔਜਲਾ ਨੇ ਰੋਕਿਆ ਸ਼ੋਅ, ਬਾਅਦ ’ਚ ਦਿੱਤਾ ਆਟੋਗ੍ਰਾਫ

ਪ੍ਰਸ਼ੰਸਕ ਦੀ ਹਰਕਤ ’ਤੇ ਕਰਨ ਔਜਲਾ ਨੇ ਰੋਕਿਆ ਸ਼ੋਅ, ਬਾਅਦ ’ਚ ਦਿੱਤਾ ਆਟੋਗ੍ਰਾਫ

ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਆਸਟਰੇਲੀਆ ਦੌਰੇ ਦੇ ‘ਪੀ-ਪੌਪ ਕਲਚਰ ਟੂਰ’ ਨੂੰ ਲੈ ਕੇ ਚਰਚਾ ਵਿੱਚ ਹਨ। ਐਡਿਲੇਡ ਵਿੱਚ ਹੋਏ ਉਨ੍ਹਾਂ ਦੇ ਲਾਈਵ ਕੰਸਰਟ ਦੌਰਾਨ ਇੱਕ ਅਣਸੁਖਾਵੀਂ ਘਟਨਾ ਵਾਪਰੀ, ਜਦੋਂ ਇੱਕ ਪ੍ਰਸ਼ੰਸਕ ਨੇ ਸਟੇਜ ਵੱਲ ਜੈਕਟ ਸੁੱਟ ਦਿੱਤੀ। ਇਸ ਤੋਂ ਬਾਅਦ ਕਰਨ ਔਜਲਾ ਨੇ ਕੁਝ ਸਮੇਂ ਲਈ ਆਪਣੀ ਪਰਫਾਰਮੈਂਸ ਰੋਕ ਦਿੱਤੀ। ਘਟਨਾ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜੈਕਟ ਸਟੇਜ ’ਤੇ ਸੁੱਟੇ ਜਾਣ ਤੋਂ ਬਾਅਦ ਕਰਨ ਔਜਲਾ ਨੇ ਮਾਈਕ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਪ੍ਰਸ਼ੰਸਕ ਨੂੰ ਹਿੰਮਤ ਹੋਣ ’ਤੇ ਸਿੱਧੇ ਸਾਹਮਣੇ ਆਉਣ ਲਈ ਕਿਹਾ। ਜਦੋਂ ਜੈਕਟ ਸੁੱਟਣ ਵਾਲੇ ਪ੍ਰਸ਼ੰਸਕ ਦੀ ਪਛਾਣ ਹੋਈ ਤਾਂ ਗਾਇਕ ਨੇ ਤੰਜ ਕੱਸਦਿਆਂ ਉਸ ਨੂੰ ਪੁੱਛਿਆ ਕਿ ਕੀ ਉਹ ਪਾਗਲ ਹੈ। ਹਾਲਾਂਕਿ ਕੁਝ ਹੀ ਸਮੇਂ ਬਾਅਦ ਕਰਨ ਔਜਲਾ ਨੇ ਆਪਣਾ ਗੁੱਸਾ ਸ਼ਾਂਤ ਕਰ ਲਿਆ ਅਤੇ ਮਾਹੌਲ ਨੂੰ ਆਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਪ੍ਰਸ਼ੰਸਕ ਨੂੰ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਪਿਆਰ ਕਾਰਨ ਅਜਿਹਾ ਕਰ ਰਿਹਾ ਹੈ ਜਾਂ ਗੁੱਸੇ ਵਿੱਚ, ਪਰ ਅਜਿਹਾ ਨਾ ਕਰਨ। ਗਾਇਕ ਨੇ ਇਹ ਵੀ ਕਿਹਾ ਕਿ ਉਹ ਉੱਥੇ ਮਜ਼ਾਕ ਬਣਾਉਣ ਲਈ ਨਹੀਂ ਆਏ ਅਤੇ ਸਮਾਂ ਬਰਬਾਦ ਨਾ ਕੀਤਾ ਜਾਵੇ। ਬਾਅਦ ਵਿੱਚ ਕਰਨ ਔਜਲਾ ਨੇ ਉਸੇ ਜੈਕਟ ’ਤੇ ਆਟੋਗ੍ਰਾਫ ਦੇ ਕੇ ਮਾਮਲਾ ਸੁਲਝਾ ਲਿਆ। ਇਸ ਤਰ੍ਹਾਂ ਸ਼ੁਰੂਆਤੀ ਤਣਾਅ ਤੋਂ ਬਾਅਦ ਘਟਨਾ ਦਾ ਅੰਤ ਸੁਖਾਵੇਂ ਢੰਗ ਨਾਲ ਹੋ ਗਿਆ। ਕਰਨ ਔਜਲਾ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਲੇਖਕ ਵਜੋਂ ਕੀਤੀ ਸੀ। ਸਾਲ 2014 ਵਿੱਚ ਜੱਸੀ ਗਿੱਲ ਦੇ ਗੀਤ ‘ਰੇਂਜ’ ਰਾਹੀਂ ਉਨ੍ਹਾਂ ਨੂੰ ਵੱਖਰੀ ਪਛਾਣ ਮਿਲੀ। ਲਗਾਤਾਰ ਹਿੱਟ ਗੀਤ ਲਿਖਣ ਕਾਰਨ ਉਨ੍ਹਾਂ ਨੂੰ ‘ਗੀਤਾਂ ਦੀ ਮਸ਼ੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।