ਸੁਲਤਾਨਪੁਰ ਲੋਧੀ ਵਿਖੇ ਆਪ ਨੂੰ ਮਿਲੀ ਮਜਬੂਤੀ,ਪਿੰਡ ਤਰਫ਼ਹਾਜੀ ਦੀ ਪੰਚਾਇਤ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ
- ਕਪੂਰਥਲਾ
- (Asia/Kolkata)
ਇੰਦਰਜੀਤ ਚਾਹਲ ਹਲਕਾ ਸੁਲਤਾਨਪੁਰ ਲੋਧੀ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਪਿੰਡ ਤਰਫ਼ਹਾਜੀ ਦੀ ਮੌਜੂਦਾ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਆਗੂ ਕਾਂਗਰਸ ਅਤੇ ਹੋਰ ਪਾਰਟੀਆਂ ਨੂੰ ਅਲਵਿਦਾ ਆਖ ਕੇ ‘ਆਪ’ ਵਿੱਚ ਸ਼ਾਮਿਲ ਹੋ ਗਏ। ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਸਾਰਿਆਂ ਦਾ ਪਾਰਟੀ ਵਿੱਚ ਰਸਮੀ ਸਵਾਗਤ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਪਿੰਡ ਤਰਫ਼ਹਾਜੀ ਵਿੱਚ ਸਿਰਫ਼ ਇੱਕ ਘਰ ਨੂੰ ਛੱਡ ਕੇ, ਪੂਰਾ ਪਿੰਡ ਹੀ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਪਾਰਟੀਆਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਅਤੇ 'ਆਪ' ਦੀ ਇਮਾਨਦਾਰ ਸੋਚ 'ਤੇ ਮੋਹਰ ਲਗਾ ਰਹੇ ਹਨ।ਸੱਜਣ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ, "ਅੱਜ ਪੰਜਾਬ ਦਾ ਹਰ ਵਰਗ ਸੁਖੀ ਹੈ। ਸਾਡੀ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਕੇ ਵੱਡੀ ਆਰਥਿਕ ਰਾਹਤ ਦਿੱਤੀ ਹੈ, ਪਿੰਡਾਂ-ਸ਼ਹਿਰਾਂ ਵਿੱਚ ਆਮ ਆਦਮੀ ਕਲੀਨਿਕ ਖੋਲ੍ਹ ਕੇ ਸਿਹਤ ਸਹੂਲਤਾਂ ਘਰ-ਘਰ ਪਹੁੰਚਾਈਆਂ ਹਨ, ਅਤੇ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਜਾਂ ਸਿਫ਼ਾਰਿਸ਼ ਦੇ ਮੈਰਿਟ ਦੇ ਅਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ।" ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਸਿੱਧੀਆਂ ਪੰਚਾਇਤਾਂ ਤੱਕ ਪਹੁੰਚ ਰਹੀਆਂ ਹਨ ਅਤੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਰਿਹਾ ਹੈ।ਉਨ੍ਹਾਂ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਪੰਚਾਂ-ਸਰਪੰਚਾਂ ਅਤੇ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਅੰਦਰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਹਰ ਇੱਕ ਆਗੂ ਅਤੇ ਵਰਕਰ ਦੀ ਆਵਾਜ਼ ਨੂੰ ਪ੍ਰਸ਼ਾਸਨਿਕ ਅਤੇ ਸਰਕਾਰੀ ਪੱਧਰ 'ਤੇ ਪੂਰੀ ਅਹਿਮੀਅਤ ਦਿੱਤੀ ਜਾਵੇਗੀ।ਨਵੇਂ ਸ਼ਾਮਿਲ ਹੋਏ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਉਹ 'ਆਪ' ਸਰਕਾਰ ਦੇ ਇਨ੍ਹਾਂ ਇਤਿਹਾਸਕ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹੀ ਪਾਰਟੀ ਵਿੱਚ ਆਏ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਪੂਰਾ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।ਇਸ ਮੌਕੇ ਇਲਾਕੇ ਦੇ ਕਈ ਹੋਰ ਪ੍ਰਮੁੱਖ ਆਗੂ ਅਤੇ ਵਲੰਟੀਅਰ ਵੀ ਹਾਜ਼ਰ ਸਨ।
Leave a Reply