ਦਿੱਲੀ-ਹਲਵਾਰਾ ਹਵਾਈ ਰੂਟ 'ਤੇ ਮੁਸਾਫ਼ਰਾਂ ਦੀ ਖੱਜਲ-ਖ਼ੁਆਰੀ: 6 ਦਿਨਾਂ ਵਿੱਚ ਤੀਜੀ ਵਾਰ ਉਡਾਣ ਹੋਈ ਰੱਦ
- ਦੇਸ਼
- (Asia/Kolkata)
ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਕੀਤੀ ਗਈ ਦਿੱਲੀ-ਹਲਵਾਰਾ ਹਵਾਈ ਸੇਵਾ ਲਗਾਤਾਰ ਤਕਨੀਕੀ ਜਾਂ ਸੰਚਾਲਨ ਸਮੱਸਿਆਵਾਂ ਕਾਰਨ ਯਾਤਰੀਆਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਸ਼ਨੀਵਾਰ ਨੂੰ ਦਿੱਲੀ-ਹਲਵਾਰਾ-ਦਿੱਲੀ ਹਵਾਈ ਸੇਵਾ ਇੱਕ ਵਾਰ ਫਿਰ ਰੱਦ ਕਰ ਦਿੱਤੀ ਗਈ, ਜਿਸ ਕਾਰਨ 102 ਯਾਤਰੀਆਂ ਨੂੰ ਭਾਰੀ ਖੱਜਲ-ਖ਼ੁਆਰੀ ਝੱਲਣੀ ਪਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 7 ਅਤੇ 9 ਸਤੰਬਰ ਨੂੰ ਇਸੇ ਰੂਟ ਦੀਆਂ ਉਡਾਣਾਂ ਰੱਦ ਹੋ ਚੁੱਕੀਆਂ ਹਨ, ਜਿਸ ਨਾਲ ਪਿਛਲੇ ਛੇ ਦਿਨਾਂ ਵਿੱਚ ਇਹ ਤੀਜੀ ਘਟਨਾ ਹੈ। ਮਿਲੀ ਜਾਣਕਾਰੀ ਅਨੁਸਾਰ, ਦਿੱਲੀ ਤੋਂ ਹਲਵਾਰਾ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ (AI-481) ਹਲਵਾਰਾ ਹਵਾਈ ਅੱਡੇ 'ਤੇ ਨਹੀਂ ਪਹੁੰਚ ਸਕੀ। ਇਸੇ ਜਹਾਜ਼ ਨੇ ਹਲਵਾਰਾ ਤੋਂ ਯਾਤਰੀਆਂ ਨੂੰ ਲੈ ਕੇ ਉਡਾਣ ਨੰਬਰ AI-482 ਵਜੋਂ ਵਾਪਸ ਦਿੱਲੀ ਲਈ ਉੱਡਣਾ ਸੀ। ਸਵੇਰੇ-ਸਵੇਰੇ ਭਾਰੀ ਸਮਾਨ ਸਮੇਤ ਅੱਡੇ 'ਤੇ ਪਹੁੰਚੇ ਯਾਤਰੀਆਂ ਨੂੰ ਜਦੋਂ ਉਡਾਣ ਰੱਦ ਹੋਣ ਦਾ ਪਤਾ ਲੱਗਾ, ਤਾਂ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਇਸ ਰੱਦ ਹੋਈ ਉਡਾਣ ਦਾ ਸਭ ਤੋਂ ਵੱਡਾ ਅਸਰ ਉਨ੍ਹਾਂ 65 ਯਾਤਰੀਆਂ 'ਤੇ ਪਿਆ, ਜਿਨ੍ਹਾਂ ਨੇ ਦਿੱਲੀ ਪਹੁੰਚ ਕੇ ਅੱਗੇ ਵਿਦੇਸ਼ਾਂ ਲਈ ਆਪਣੀਆਂ ਕਨੈਕਟਿੰਗ ਫਲਾਈਟਾਂ ਫੜਨੀਆਂ ਸਨ। ਇਨ੍ਹਾਂ ਪ੍ਰਭਾਵਿਤ ਯਾਤਰੀਆਂ ਵਿੱਚ ਕਈ ਪਰਿਵਾਰ ਛੋਟੇ ਬੱਚਿਆਂ ਸਮੇਤ ਸ਼ਾਮਲ ਸਨ। ਯਾਤਰੀਆਂ ਦਾ ਦੋਸ਼ ਹੈ ਕਿ ਏਅਰਲਾਈਨ ਵੱਲੋਂ ਉਨ੍ਹਾਂ ਨੂੰ ਸਮੇਂ ਸਿਰ ਜਾਣਕਾਰੀ ਨਹੀਂ ਦਿੱਤੀ ਗਈ। ਦੂਜੇ ਪਾਸੇ, ਏਅਰ ਇੰਡੀਆ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਯਾਤਰੀਆਂ ਨੂੰ ਤੜਕੇ ਲਗਭਗ ਸਾਢੇ ਤਿੰਨ ਵਜੇ ਹੀ ਈ-ਮੇਲ ਰਾਹੀਂ ਸੂਚਿਤ ਕਰ ਦਿੱਤਾ ਗਿਆ ਸੀ। ਉਡਾਣ ਰੱਦ ਹੋਣ ਤੋਂ ਬਾਅਦ ਕੁਝ ਯਾਤਰੀਆਂ ਨੇ ਦੁਪਹਿਰ ਦੀ ਉਡਾਣ ਵਿੱਚ ਸੀਟਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਜ਼ਿਆਦਾਤਰ ਯਾਤਰੀਆਂ ਨੂੰ ਸੜਕੀ ਰਸਤੇ ਟੈਕਸੀਆਂ ਰਾਹੀਂ ਦਿੱਲੀ ਲਈ ਰਵਾਨਾ ਹੋਣਾ ਪਿਆ। ਇਸ ਸਥਿਤੀ ਦਾ ਫਾਇਦਾ ਚੁੱਕਦਿਆਂ ਟੈਕਸੀ ਚਾਲਕਾਂ ਨੇ ਮਨਮਰਜ਼ੀ ਦਾ ਕਿਰਾਇਆ ਵਸੂਲਣਾ ਸ਼ੁਰੂ ਕਰ ਦਿੱਤਾ। ਯਾਤਰੀਆਂ ਮੁਤਾਬਕ ਹਲਵਾਰਾ ਅਤੇ ਸੁਧਾਰ ਤੋਂ ਦਿੱਲੀ ਦਾ ਟੈਕਸੀ ਕਿਰਾਇਆ ਜੋ ਆਮ ਤੌਰ 'ਤੇ 5 ਤੋਂ ਸਾਢੇ 5 ਹਜ਼ਾਰ ਰੁਪਏ ਹੁੰਦਾ ਹੈ, ਲਈ ਟੈਕਸੀ ਵਾਲਿਆਂ ਨੇ 10 ਤੋਂ 12 ਹਜ਼ਾਰ ਰੁਪਏ ਤੱਕ ਦੀ ਮੰਗ ਕੀਤੀ। ਆਉਣ ਅਤੇ ਜਾਣ ਦੋਵਾਂ ਗੇੜਿਆਂ ਲਈ ਇੱਕ ਹੀ ਜਹਾਜ਼ 'ਤੇ ਨਿਰਭਰਤਾ ਹੋਣ ਕਾਰਨ ਇਸ ਰੂਟ 'ਤੇ ਇਹ ਸਮੱਸਿਆ ਵਾਰ-ਵਾਰ ਪੈਦਾ ਹੋ ਰਹੀ ਹੈ।
Leave a Reply