ਭਾਰਤੀ ਫ਼ੌਜ ਦੀ ਤਾਕਤ 'ਚ ਵੱਡਾ ਵਾਧਾ: 2.12 ਲੱਖ ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ, 82% ਸਾਜ਼ੋ-ਸਾਮਾਨ ਹੋਵੇਗਾ ਸਵਦੇਸ਼ੀ
- ਦੇਸ਼
- (Asia/Kolkata)
ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦੀਆਂ ਜੰਗੀ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਰੱਖਿਆ ਮੰਤਰਾਲੇ ਨੇ 2.12 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਫ਼ੌਜੀ ਸਾਜ਼ੋ-ਸਾਮਾਨ ਦੀ ਖਰੀਦ ਨੂੰ ਹਰੀ ਝੰਡੀ ਦੇ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਰੱਖਿਆ ਖਰੀਦ ਕੌਂਸਲ (DAC) ਦੀ ਮੀਟਿੰਗ ਵਿੱਚ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ। ਇਸ ਕੁੱਲ ਖਰੀਦ ਦਾ ਲਗਭਗ 82 ਫ਼ੀਸਦ ਹਿੱਸਾ ਭਾਰਤੀ ਸਨਅਤਾਂ ਤੋਂ ਹੀ ਖਰੀਦਿਆ ਜਾਵੇਗਾ, ਜੋ ਦੇਸ਼ ਦੀ ਸਵਦੇਸ਼ੀ ਉਤਪਾਦਨ ਸਮਰੱਥਾ ਨੂੰ ਵੱਡਾ ਹੁਲਾਰਾ ਦੇਵੇਗਾ। ਰੱਖਿਆ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਭਾਰਤੀ ਸੈਨਾ ਲਈ ਭਾਰੀ ਵਾਹਨ, ‘ਸੈਲਫ-ਪ੍ਰੋਪੈਲਡ ਟਰੈਕਡ ਗੰਨ ਸਿਸਟਮ’, ਬਹੁ-ਮੰਤਵੀ ਹਲਕੇ ਹੈਲੀਕਾਪਟਰ, ਬਹੁਤ ਘੱਟ ਦੂਰੀ ਦੀ ਹਵਾਈ ਰੱਖਿਆ ਪ੍ਰਣਾਲੀ ਅਤੇ ਮਨੁੱਖ ਰਹਿਤ ਜਵਾਬੀ ਹਵਾਈ ਪ੍ਰਣਾਲੀ (C-UAS) ਦੀ ਖਰੀਦ ਨੂੰ ਮੰਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਕੌਂਸਲ ਨੇ ਏਕੀਕ੍ਰਿਤ ਨਿਗਰਾਨੀ ਤੇ ਹਮਲਾ ਪ੍ਰਣਾਲੀਆਂ, ਮਨੁੱਖ ਰਹਿਤ ਟੋਹੀ ਹਵਾਈ ਜਹਾਜ਼ਾਂ ਅਤੇ ਲੰਮੀ ਦੂਰੀ ਦੀ ਕਾਮੀਕੇਜ਼ ਡਰੋਨ ਪ੍ਰਣਾਲੀ ਦੀ ਖਰੀਦ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਜਲ ਸੈਨਾ ਲਈ ‘ਐਕਟਿਵ ਔਫਬੋਰਡ ਡਿਕੋਇ ਸਿਸਟਮ’ ਅਤੇ ਹੋਰ ਜ਼ਰੂਰੀ ਉਪਕਰਨ ਖਰੀਦੇ ਜਾਣਗੇ। ਮੰਤਰਾਲੇ ਨੇ ਦੱਸਿਆ ਕਿ ਬਹੁ-ਮੰਤਵੀ ਹਲਕੇ ਹੈਲੀਕਾਪਟਰਾਂ ਦੀ ਵਰਤੋਂ ਥਲ ਸੈਨਾ ਅਤੇ ਹਵਾਈ ਸੈਨਾ ਦੋਵਾਂ ਵੱਲੋਂ ਜਾਸੂਸੀ, ਨਿਗਰਾਨੀ, ਜੰਗੀ ਮਦਦ, ਖੋਜ ਤੇ ਬਚਾਅ ਕਾਰਜਾਂ ਅਤੇ ਆਫ਼ਤ ਰਾਹਤ ਕੰਮਾਂ ਲਈ ਕੀਤੀ ਜਾਵੇਗੀ। ਇਸੇ ਤਰ੍ਹਾਂ ਬਹੁਤ ਘੱਟ ਦੂਰੀ ਦੀ ਹਵਾਈ ਰੱਖਿਆ ਪ੍ਰਣਾਲੀ ਛੋਟੇ ਪੈਮਾਨੇ ਦੇ ਹਵਾਈ ਖ਼ਤਰਿਆਂ ਦਾ ਸਾਹਮਣਾ ਕਰੇਗੀ, ਜਦਕਿ ਮਨੁੱਖ ਰਹਿਤ ਜਵਾਬੀ ਹਵਾਈ ਪ੍ਰਣਾਲੀ ਟੈਂਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ। ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਦਾ ਦੂਜਾ ਗੇੜ ਸ਼ੁਰੂ: ਰਾਜਨਾਥ ਸਿੰਘ ਮਾਣਕਸ਼ਾਹ ਸੈਂਟਰ ਵਿਖੇ ਜਲ ਸੈਨਾ ਦੇ ਪੰਜਵੇਂ ਸਾਲਾਨਾ ਸੈਮੀਨਾਰ 'ਸਵਾਵਲੰਬਨ' ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਹੁਣ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਦੇ ਦੂਜੇ ਗੇੜ ਵਿੱਚ ਦਾਖ਼ਲ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਗੇੜ 'ਚ ਸ਼ਾਨਦਾਰ ਸਫ਼ਲਤਾ ਮਿਲੀ ਹੈ ਅਤੇ ਹੁਣ ਦੂਜੇ ਗੇੜ 'ਚ ਆਧੁਨਿਕ ਤਕਨਾਲੋਜੀ, ਵਿਸ਼ਵ ਪੱਧਰੀ ਗੁਣਵੱਤਾ ਅਤੇ ਘੱਟ ਲਾਗਤ ਵਾਲੇ ਹਥਿਆਰ ਤਿਆਰ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਰੱਖਿਆ ਮੰਤਰੀ 28 ਅਤੇ 29 ਅਕਤੂਬਰ ਨੂੰ ਫਿਲਪੀਨਜ਼ ਦੇ ਸ਼ਹਿਰ ਸੇਬੂ ਦਾ ਦੌਰਾ ਕਰਨਗੇ, ਜਿੱਥੇ ਉਹ 13ਵੀਂ ਆਸੀਆਨ ਰੱਖਿਆ ਮੰਤਰੀ ਮੀਟਿੰਗ ਪਲੱਸ (ADMM-Plus) ਵਿੱਚ ਸ਼ਿਰਕਤ ਕਰਨਗੇ। ਇਸ ਸੰਮੇਲਨ ਦੌਰਾਨ ਅੱਤਵਾਦ ਦੇ ਖ਼ਤਰੇ ਅਤੇ ਖੇਤਰੀ ਸੁਰੱਖਿਆ ਚੁਣੌਤੀਆਂ 'ਤੇ ਵਿਸ਼ੇਸ਼ ਚਰਚਾ ਕੀਤੀ ਜਾਵੇਗੀ।
Leave a Reply