ਨਿੱਜੀਕਰਨ ਖ਼ਿਲਾਫ਼ ਗਰਜੇ ਬਿਜਲੀ ਕਾਮੇ

ਨਿੱਜੀਕਰਨ ਖ਼ਿਲਾਫ਼ ਗਰਜੇ ਬਿਜਲੀ ਕਾਮੇ

 ਮੰਡੀ ਬਰੀਵਾਲਾ : ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਅਤੇ ਸਾਂਝੇ ਫੋਰਮ ਦੀਆਂ ਸਟੇਟ ਕਮੇਟੀਆਂ ਦੇ ਸੱਦੇ ’ਤੇ ਚੰਡੀਗੜ੍ਹ ਬਿਜਲੀ ਬੋਰਡ ਦਾ ਮੁਕੰਮਲ ਨਿੱਜੀਕਰਨ ਕਰਕੇ ਕੰਪਨੀਆਂ ਦੇ ਹਵਾਲੇ ਕਰਨ ਵਿਰੁੱਧ ਸਬ ਡਵੀਜ਼ਨ ਬਰੀਵਾਲਾ ਵਿਖੇ ਸਾਂਝੇ ਤੌਰ ’ਤੇ ਰੋਸ ਰੈਲੀ ਕੀਤੀ ਗਈ।

ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਹੈ ਕਿ ਕੇਂਦਰ ਦੀ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਸਾਰੇ ਸਰਕਾਰੀ ਅਦਾਰਿਆਂ ਦਾ ਭੋਗ ਪਾਉਣ ਵੱਲ ਵੱਧ ਰਹੀ ਹੈ ਅਤੇ ਇਹ ਸਭ ਕੁੱਝ ਅੰਬਾਨੀਆ ਦੇ ਹਵਾਲੇ ਕਰਨਾ ਚਾਹੁੰਦੀ ਹੈ, ਪੱਕੇ ਰੁਜ਼ਗਾਰ ਦਾ ਭੋਗ ਪਾਕੇ ਠੇਕਾ ਨੀਤੀ ਲਾਗੂ ਕਰ ਰਹੀ ਹੈ ਜਿਸ ਨਾਲ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਮੁਲਾਜ਼ਮਾਂ ਦਾ ਮਾੜਾ ਹਾਲ ਹੋਵੇਗਾ।

ਆਗੂਆਂ ਨੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਅਤੇ ਯੂਪੀ ਦੇ ਬਿਜਲੀ ਬੋਰਡ ਦਾ ਨਿੱਜੀਕਰਨ ਕਰਨਾ ਤੁਰੰਤ ਬੰਦ ਕਰੇ, ਪੱਕੀ ਭਰਤੀ ਚਾਲੂ ਕੀਤੀ ਜਾਵੇ, ਹਰ ਕਿਸਮ ਦੇ ਕੱਚੇ ਕਾਮਿਆਂ ਨੂੰ ਪੱਕੇ ਕੀਤਾ ਜਾਵੇ, ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਸਮੇਤ ਏਰੀਅਰ ਤੁਰੰਤ ਜਾਰੀ ਕੀਤੀਆਂ ਜਾਣ, 2,59 ਦਾ ਫਾਰਮੂਲਾ ਇਕਸਾਰ ਲਾਗੂ ਕੀਤਾ ਜਾਵੇ, ਸਕੇਲਾ ਦਾ ਏਰੀਅਰ ਇੱਕਮੁੱਠ ਜਾਰੀ ਕੀਤਾ ਜਾਵੇ, ਪੰਜਾਬ ਰਾਜ ਬਿਜਲੀ ਬੋਰਡ ਦਾ ਪਹਿਲਾਂ ਵਾਲਾ ਸਰੂਪ ਬਹਾਲ ਕੀਤਾ ਜਾਵੇ, ਕਿਸਾਨਾਂ ਦੀਆਂ ਵੱਖ-ਵੱਖ ਸਕੀਮਾਂ ਤਹਿਤ ਜ਼ਮੀਨਾਂ ਹਥਿਆਉਣੀਆਂ ਬੰਦ ਕੀਤੀਆਂ ਜਾਣ, ਮਜ਼ਦੂਰਾਂ ਨੂੰ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ, ਨਵੇਂ ਕਾਨੂੰਨ ਤਹਿਤ ਡਿਊਟੀ ਦੇ ਸਮੇਂ ’ਚ ਵਾਧਾ ਕਰਨ ਵਾਲਾ ਕਾਨੂੰਨ ਵਾਪਸ ਲਿਆ ਜਾਵੇ, ਜਥੇਬੰਦੀਆਂ ਨੂੰ ਮੀਟਿੰਗ ਦੇ ਕੇ ਮੰਗ ਪੱਤਰ ਅਨੁਸਾਰ ਮਸਲੇ ਹੱਲ ਕੀਤੇ ਜਾਣ ਨਹੀਂ ਤਾਂ ਸਟੇਟ ਕਮੇਟੀਆਂ ਦੇ ਸੱਦੇ ’ਤੇ ਸੰਘਰਸ਼ ਨੂੰ ਹੋਰ ਵਿਸ਼ਾਲ ਅਤੇ ਤਿੱਖਾ ਕੀਤਾ ਜਾਵੇਗਾ। ਅੱਜ ਦੀ ਰੋਸ ਰੈਲੀ ਨੂੰ ਗੁਰਾਦਿੱਤਾ ਸਿੰਘ, ਸੁਰਿੰਦਰ ਸਿੰਘ, ਗੁਰਮੇਲ ਸਿੰਘ, ਸੁੰਦਰ ਸਿੰਘ, ਸੁਖਬੀਰ ਸਿੰਘ, ਦਵਿੰਦਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਪੈਨਸ਼ਨਰ ਆਗੂ ਅਮਰਜੀਤ ਪਾਲ ਸ਼ਰਮਾ ਨੇ ਸੰਘਰਸ਼ ਦੀ ਹਮਾਇਤ ਕੀਤੀ ਹੈ। ਇਸ ਸਮੇਂ ਕਾਫ਼ੀ ਗਿਣਤੀ ’ਚ ਵਰਕਰ ਹਾਜ਼ਰ ਸਨ।