ਸਰਕਾਰੀ ਸਕੂਲ ’ਚ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ, ਸਬਮਰਸੀਬਲ ਪੰਪ ਲਾ ਕੇ ਕੀਤੀ ਪਹਿਲਕਦਮੀ

ਸਰਕਾਰੀ ਸਕੂਲ ’ਚ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ, ਸਬਮਰਸੀਬਲ ਪੰਪ ਲਾ ਕੇ ਕੀਤੀ ਪਹਿਲਕਦਮੀ

 ਡੇਰਾਬੱਸੀ : ਪਿੰਡ ਹੈਬਤਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਪਾਣੀ ਦੀ ਸਮੱਸਿਆ ਦਾ ਆਖ਼ਰਕਾਰ ਸਥਾਈ ਹੱਲ ਹੋ ਗਿਆ ਹੈ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਗ੍ਰਾਮ ਪੰਚਾਇਤ ਸਰਪੰਚ ਸ਼੍ਰੀਮਤੀ ਜਸਵਿੰਦਰ ਕੌਰ ਦੇ ਸਾਂਝੇ ਉਪਰਾਲੇ ਅਤੇ ਸਮੁੱਚੀ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਕੂਲ ਦੇ ਵਿਹੜੇ ਵਿਚ ਸਬਮਰਸੀਬਲ ਪੰਪ ਲਗਾਇਆ ਗਿਆ। ਇਹ ਪਹਿਲਕਦਮੀ ਹੁਣ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਾਫ਼ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਏਗੀ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਰਚਨਾ ਮਹਾਜਨ ਨੇ ਕਿਹਾ ਕਿ ਸਾਲਾਂ ਤੋਂ ਸਕੂਲ ਨੂੰ ਪੀਣ ਵਾਲੇ ਪਾਣੀ ਅਤੇ ਹੋਰ ਲੋੜਾਂ ਲਈ ਸੰਘਰਸ਼ ਕਰਨਾ ਪਿਆ। ਉਨ੍ਹਾਂ ਵਿਧਾਇਕ ਰੰਧਾਵਾ ਅਤੇ ਸਰਪੰਚ ਜਸਵਿੰਦਰ ਕੌਰ ਦੇ ਸਰਗਰਮ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਵੱਡੀ ਰਾਹਤ ਹੈ। ਹੁਣ ਬੱਚਿਆਂ ਨੂੰ ਸਾਫ਼ ਪਾਣੀ ਮਿਲੇਗਾ ਅਤੇ ਵਿੱਦਿਅਕ ਮਾਹੌਲ ਵੀ ਬਿਹਤਰ ਹੋਵੇਗਾ। ਇਸ ਪ੍ਰੋਗਰਾਮ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ, ਅਧਿਆਪਕ ਮਾਸਟਰ ਹਰਤੇਜ ਸਿੰਘ, ਸਮੂਹ ਸਕੂਲ ਸਟਾਫ਼ ਅਤੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਸਾਰਿਆਂ ਨੇ ਵਿਧਾਇਕ ਅਤੇ ਸਰਪੰਚ ਦਾ ਧੰਨਵਾਦ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਨੇ ਕਿਹਾ, ਇਹ ਪ੍ਰੋਜੈਕਟ ਪਿੰਡ ਵਾਸੀਆਂ ਅਤੇ ਸਕੂਲ ਵਿਚਕਾਰ ਭਾਈਚਾਰਕ ਸਹਿਯੋਗ ਦੀ ਇਕ ਸ਼ਾਨਦਾਰ ਉਦਾਹਰਣ ਹੈ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਬੱਚਿਆਂ ਦੀ ਸਿੱਖਿਆ ਅਤੇ ਭਲਾਈ ਨੂੰ ਪਹਿਲ ਦੇਣਾ ਸਾਡਾ ਫਰਜ਼ ਹੈ। ਉਹ ਭਵਿੱਖ ਵਿੱਚ ਵੀ ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹਾਂ। ਸਰਪੰਚ ਜਸਵਿੰਦਰ ਕੌਰ ਨੇ ਵੀ ਗ੍ਰਾਮ ਪੰਚਾਇਤ ਦੇ ਸਹਿਯੋਗ ਨੂੰ ਰੇਖਾਂਕਿਤ ਕਰਦਿਆਂ ਸਕੂਲ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ਉਲੀਕਣ ਦੇ ਸੰਕੇਤ ਦਿੱਤੇ। ਇਸ ਪਹਿਲਕਦਮੀ ਨਾਲ ਹੈਬਤਪੁਰ ਪਿੰਡ ਵਿੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕਦਮ ਸਕੂਲ ਲਈ ਹੀ ਨਹੀਂ ਸਗੋਂ ਸਮੁੱਚੇ ਭਾਈਚਾਰੇ ਲਈ ਲਾਹੇਵੰਦ ਸਾਬਤ ਹੋਵੇਗਾ।