ਪੰਜਾਬ ਸਿਆਸਤ 'ਚ ਵੱਡਾ ਫੈਸਲਾ: ਅੰਮ੍ਰਿਤਸਰ (ਉੱਤਰੀ) ਅਤੇ ਸਨੌਰ ਸੀਟਾਂ 'ਖ਼ਾਲੀ' ਐਲਾਨੀਆਂ, ਸਪੀਕਰ ਵੱਲੋਂ ਜੌੜਾਮਾਜਰਾ ਨੂੰ ਨੋਟਿਸ
- ਪੰਜਾਬ
- (Asia/Kolkata)
ਪੰਜਾਬ ਦੀ ਰਾਜਨੀਤੀ ਵਿੱਚ ਚੱਲ ਰਹੀ ਹਲਚਲ ਦਰਮਿਆਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੱਡਾ ਪ੍ਰਸ਼ਾਸਨਿਕ ਕਦਮ ਚੁੱਕਿਆ ਹੈ। ਸਪੀਕਰ ਨੇ ਅੰਮ੍ਰਿਤਸਰ (ਉੱਤਰੀ) ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਇਸ ਪ੍ਰਵਾਨਗੀ ਤੋਂ ਬਾਅਦ ਹਲਕਾ ਅੰਮ੍ਰਿਤਸਰ (ਉੱਤਰੀ) (15) ਅਤੇ ਹਲਕਾ ਸਨੌਰ (114) ਦੀਆਂ ਸੀਟਾਂ ਨੂੰ ਰਸਮੀ ਤੌਰ 'ਤੇ 'ਖ਼ਾਲੀ' (ਵੇਕੈਂਟ) ਐਲਾਨ ਦਿੱਤਾ ਗਿਆ ਹੈ। ਵਿਧਾਨ ਸਭਾ ਸਕੱਤਰੇਤ ਨੇ ਇਨ੍ਹਾਂ ਦੋਵੇਂ ਸੀਟਾਂ ਦੇ ਖ਼ਾਲੀ ਹੋਣ ਸੰਬੰਧੀ ਅਧਿਕਾਰਤ ਨੋਟੀਫ਼ਿਕੇਸ਼ਨ ਜਾਰੀ ਕਰਕੇ ਇਸ ਦੀ ਸੂਚਨਾ ਭਾਰਤੀ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ। ਚੋਣਾਂ ਨੇੜੇ ਹੋਣ ਕਾਰਨ ਉਪ ਚੋਣਾਂ ਦੀ ਸੰਭਾਵਨਾ ਨਹੀਂ ਨਿਯਮਾਂ ਅਤੇ ਸੰਵਿਧਾਨਕ ਪ੍ਰਬੰਧਾਂ ਅਨੁਸਾਰ, ਇਨ੍ਹਾਂ ਦੋਵੇਂ ਖ਼ਾਲੀ ਹੋਈਆਂ ਸੀਟਾਂ 'ਤੇ ਉਪ-ਚੋਣ (By-election) ਕਰਵਾਏ ਜਾਣ ਦੀ ਹੁਣ ਕੋਈ ਸੰਭਾਵਨਾ ਨਹੀਂ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਛੇ ਮਹੀਨਿਆਂ ਤੋਂ ਵੀ ਘੱਟ ਸਮਾਂ ਬਾਕੀ ਰਹਿ ਗਿਆ ਹੈ, ਅਤੇ ਕਾਨੂੰਨ ਮੁਤਾਬਕ ਜੇਕਰ ਵਿਧਾਨ ਸਭਾ ਦਾ ਬਕਾਇਆ ਕਾਰਜਕਾਲ 6 ਮਹੀਨੇ ਤੋਂ ਘੱਟ ਹੋਵੇ ਤਾਂ ਉਪ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ। ਦਲ-ਬਦਲੂ ਵਿਰੋਧੀ ਕਾਨੂੰਨ ਤਹਿਤ 5 ਨਵੰਬਰ ਨੂੰ ਸੁਣਵਾਈ ਦੂਜੇ ਪਾਸੇ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਮਾਣਾ ਹਲਕੇ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਜਵਾਬ ਤਲਬ ਕੀਤਾ ਹੈ। ਸਪੀਕਰ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 5 ਨਵੰਬਰ ਲਈ ਨਿਰਧਾਰਿਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਦੀ ਚੀਫ਼ ਵ੍ਹਿੱਪ ਬਲਜਿੰਦਰ ਕੌਰ ਨੇ ਸਪੀਕਰ ਕੋਲ ਇੱਕ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ਵਿੱਚ ਭਾਰਤੀ ਸੰਵਿਧਾਨ ਦੇ ਦਸਵੇਂ ਸ਼ਡਿਊਲ (ਦਲ-ਬਦਲੂ ਵਿਰੋਧੀ ਕਾਨੂੰਨ) ਦੇ ਹਵਾਲੇ ਨਾਲ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਗਈ ਹੈ। ਅਸਤੀਫ਼ਿਆਂ ਦੀ ਗਿਣਤੀ ਹੋਈ ਤਿੰਨ ਦੋਵਾਂ ਵਿਧਾਇਕਾਂ ਨੇ ਸੋਮਵਾਰ ਨੂੰ ਹੀ ਆਪਣੇ ਅਸਤੀਫ਼ੇ ਸਪੀਕਰ ਨੂੰ ਸੌਂਪੇ ਸਨ, ਜਿਨ੍ਹਾਂ ਨੂੰ ਕੁਝ ਹੀ ਘੰਟਿਆਂ ਦੇ ਅੰਦਰ ਪ੍ਰਵਾਨ ਕਰ ਲਿਆ ਗਿਆ। ਇਸ ਤੋਂ ਪਹਿਲਾਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਅਸਤੀਫ਼ਾ ਦਿੱਤਾ ਸੀ, ਜੋ ਸਪੀਕਰ ਦੁਆਰਾ ਮਨਜ਼ੂਰ ਕਰ ਲਿਆ ਗਿਆ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਹਰਮੀਤ ਸਿੰਘ ਪਠਾਨਮਾਜਰਾ ਦੇ ਅਸਤੀਫ਼ੇ ਪ੍ਰਵਾਨ ਹੋਣ ਨਾਲ ਇਸ ਵਿਧਾਨ ਸਭਾ ਕਾਰਜਕਾਲ ਦੌਰਾਨ ਅਸਤੀਫ਼ਾ ਦੇਣ ਵਾਲੇ ਵਿਧਾਇਕਾਂ ਦੀ ਗਿਣਤੀ ਹੁਣ ਤਿੰਨ ਹੋ ਗਈ ਹੈ।
Leave a Reply