ਪੰਜਾਬ 'ਚ ਸਿਆਸੀ ਹਲਚਲ: 'ਆਪ' ਨੇ ਦਲ-ਬਦਲੂ ਵਿਧਾਇਕਾਂ ਖ਼ਿਲਾਫ਼ ਖੋਲ੍ਹਿਆ ਮੋਰਚਾ, ਮੈਂਬਰੀ ਅਯੋਗ ਕਰਾਰ ਦੇਣ ਲਈ ਸਪੀਕਰ ਕੋਲ ਪਟੀਸ਼ਨ ਦਾਇਰ
- ਪੰਜਾਬ
- (Asia/Kolkata)
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਵੱਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਸੂਬੇ ਦੀ ਰਾਜਨੀਤੀ ਵਿੱਚ ਵੱਡਾ ਉਥਲ-ਪੁਥਲ ਦੇਖਣ ਨੂੰ ਮਿਲ ਰਿਹਾ ਹੈ। ਪਾਰਟੀ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਲ ਇੱਕ ਪਟੀਸ਼ਨ ਦਾਇਰ ਕਰਕੇ ਦਲ-ਬਦਲੀ ਕਰਨ ਵਾਲੇ ਦੋ ਵਿਧਾਇਕਾਂ ਦੀ ਪੰਜਾਬ ਵਿਧਾਨ ਸਭਾ ਮੈਂਬਰਸ਼ਿਪ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਹੈ। ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫ਼ਾ ਪ੍ਰਵਾਨ, ਪਠਾਣਮਾਜਰਾ ਨੇ ਵੀ ਦਿੱਤਾ ਅਸਤੀਫ਼ਾ ਇਸੇ ਘਟਨਾਕ੍ਰਮ ਦੌਰਾਨ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਦੂਜੇ ਪਾਸੇ, ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਵੀ ਭਾਜਪਾ ਵਿੱਚ ਸ਼ਾਮਲ ਹੋਣ ਦੇ ਕੁੱਝ ਸਮੇਂ ਬਾਅਦ ਹੀ ਵਿਧਾਇਕੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ, ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਅਜੇ ਤੱਕ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ। 10ਵੇਂ ਸ਼ਡਿਊਲ ਤਹਿਤ ਕਾਰਵਾਈ ਦੀ ਮੰਗ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਚੀਫ਼ ਵ੍ਹਿੱਪ ਬਲਜਿੰਦਰ ਕੌਰ ਨੇ ਸੋਮਵਾਰ ਨੂੰ ਸਪੀਕਰ ਕੋਲ ਰਸਮੀ ਪਟੀਸ਼ਨ ਦਾਇਰ ਕੀਤੀ। ਇਸ ਵਿੱਚ ਭਾਰਤੀ ਸੰਵਿਧਾਨ ਦੇ 10ਵੇਂ ਸ਼ਡਿਊਲ (ਦਲ-ਬਦਲ ਵਿਰੋਧੀ ਕਾਨੂੰਨ) ਦੇ ਤਹਿਤ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਠਹਿਰਾਉਣ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨ ਦਾਇਰ ਹੋਣ ਤੋਂ ਬਾਅਦ ਹੁਣ ਇਸ ਮਾਮਲੇ 'ਚ ਅੰਤਿਮ ਫੈਸਲਾ ਵਿਧਾਨ ਸਭਾ ਸਪੀਕਰ ਦੇ ਹੱਥ ਵਿੱਚ ਹੈ। ਦਿੱਲੀ ਸਥਿਤ ਭਾਜਪਾ ਦਫ਼ਤਰ 'ਚ ਕੀਤਾ ਸੀ ਪਾਰਟੀ 'ਚ ਪ੍ਰਵੇਸ਼ ਜ਼ਿਕਰਯੋਗ ਹੈ ਕਿ ਸਮਾਣਾ ਤੋਂ 'ਆਪ' ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਲੰਘੇ ਦਿਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਅੱਜ ਇਨ੍ਹਾਂ ਆਗੂਆਂ ਦੀ ਤਿੱਕੜੀ ਨੇ ਦਿੱਲੀ ਸਥਿਤ ਭਾਜਪਾ ਦਫ਼ਤਰ ਵਿੱਚ ਰਸਮੀ ਤੌਰ 'ਤੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਭਾਜਪਾ ਦੇ ਪੰਜਾਬ ਇੰਚਾਰਜ ਸਤੀਸ਼ ਪੂਨੀਆ ਅਤੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਤਿੰਨਾਂ ਨੇਤਾਵਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।
Leave a Reply