ਅਮਰੀਕਾ ਵਿੱਚ 13 ਅਗਸਤ ਨੂੰ ਹੋਵੇਗੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ, ਦਖ਼ਲ ਦੀ ਮੰਗ

ਅਮਰੀਕਾ ਵਿੱਚ 13 ਅਗਸਤ ਨੂੰ ਹੋਵੇਗੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ, ਦਖ਼ਲ ਦੀ ਮੰਗ

ਚੰਡੀਗੜ੍ਹ ਦੀ ਵਿਰਾਸਤ ਨਾਲ ਜੁੜੇ ਇਤਿਹਾਸਕ ਫਰਨੀਚਰ ਦੀ ਵਿਦੇਸ਼ਾਂ ਵਿੱਚ ਨਿਲਾਮੀ ਦਾ ਸਿਲਸਿਲਾ ਜਾਰੀ ਹੈ। ਇਸੇ ਕੜੀ ਤਹਿਤ ਪ੍ਰਸਿੱਧ ਡਿਜ਼ਾਈਨਰ ਪੀਅਰੇ ਜੀਨੇਰੇਟ ਵੱਲੋਂ ਡਿਜ਼ਾਈਨ ਕੀਤੀਆਂ ਅੱਠ ਵਿਰਾਸਤੀ ਫਰਨੀਚਰ ਵਸਤੂਆਂ ਦੀ 13 ਅਗਸਤ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਨਿਲਾਮੀ ਕੀਤੀ ਜਾਣੀ ਹੈ। ਨਿਲਾਮੀ ਲਈ ਸੂਚੀਬੱਧ ਵਸਤੂਆਂ ਵਿੱਚ ਇੱਕ ਦਫ਼ਤਰੀ ਕੁਰਸੀ, ਇੱਕ ਲਿਨਨ ਚੈਸਟ, ਇੱਕ ਡੈਸਕ ਅਤੇ ਕੁਰਸੀ, ਇੱਕ ਡਾਇਨਿੰਗ ਕੁਰਸੀ, ਇੱਕ ਫਾਈਲ ਰੈਕ, ਇੱਕ ਲਿਖਣ ਵਾਲੀ ਕੁਰਸੀ, ਇੱਕ ਕਮੇਟੀ ਟੇਬਲ ਅਤੇ ਇੱਕ ਡੇਅਬੈੱਡ ਸ਼ਾਮਲ ਹਨ। ਇਨ੍ਹਾਂ ਦੀ ਅਨੁਮਾਨਿਤ ਕੀਮਤ 49,000 ਤੋਂ 63,000 ਅਮਰੀਕੀ ਡਾਲਰ ਦੇ ਵਿਚਕਾਰ ਦੱਸੀ ਗਈ ਹੈ, ਜੋ ਭਾਰਤੀ ਮੁਦਰਾ ਅਨੁਸਾਰ ਲਗਭਗ 40.94 ਲੱਖ ਰੁਪਏ ਤੋਂ 52.61 ਲੱਖ ਰੁਪਏ ਦੇ ਬਰਾਬਰ ਹੈ। ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਕ ਸਲਾਹਕਾਰ ਪ੍ਰੀਸ਼ਦ ਦੇ ਮੈਂਬਰ ਅਜੈ ਜੱਗਾ ਨੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਭਿਆਚਾਰ ਸਕੱਤਰ ਡਾ. ਸਈਦ ਆਬਿਦ ਰਾਸ਼ਿਦ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇੱਕ ਪੱਤਰ ਭੇਜ ਕੇ ਤੁਰੰਤ ਕੂਟਨੀਤਕ ਦਖ਼ਲ ਦੀ ਮੰਗ ਵੀ ਕੀਤੀ ਗਈ ਹੈ। ਪੱਤਰ ਵਿੱਚ ਦਰਸਾਇਆ ਗਿਆ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਕੇਂਦਰ ਸਰਕਾਰ ਦੇ ਪ੍ਰਸ਼ਾਸਕੀ ਯਤਨਾਂ ਸਦਕਾ ਵਿਦੇਸ਼ਾਂ ਵਿੱਚ ਦੋ ਵਾਰ ਅਜਿਹੀਆਂ ਨਿਲਾਮੀਆਂ ਰੋਕਣ ਵਿੱਚ ਸਫ਼ਲਤਾ ਮਿਲੀ ਸੀ। ਅਜੈ ਜੱਗਾ ਨੇ ਕਿਹਾ ਕਿ ਮੌਜੂਦਾ ਨਿਲਾਮੀ ਸੂਚੀ ਵਿੱਚ ਇਨ੍ਹਾਂ ਵਸਤੂਆਂ ਦਾ ਮੂਲ ਚੰਡੀਗੜ੍ਹ, ਪ੍ਰਸ਼ਾਸਕੀ ਇਮਾਰਤ ਅਤੇ ਪੰਜਾਬ ਯੂਨੀਵਰਸਿਟੀ ਦਰਸਾਇਆ ਗਿਆ ਹੈ। ਉਨ੍ਹਾਂ ਦੇ ਅਨੁਸਾਰ ਇਹ ਸਪੱਸ਼ਟ ਕਰਦਾ ਹੈ ਕਿ ਇਹ ਵਸਤੂਆਂ ਭਾਰਤ ਦੀ ਸਭਿਆਚਾਰਕ ਅਤੇ ਆਰਕੀਟੈਕਚਰਲ ਵਿਰਾਸਤ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ 15 ਅਗਸਤ ਨੂੰ ਆਪਣਾ 80ਵਾਂ ਆਜ਼ਾਦੀ ਦਿਵਸ ਮਨਾਉਣ ਦੀ ਤਿਆਰੀ ਕਰ ਰਿਹਾ ਹੈ, ਉਸ ਸਮੇਂ ਭਾਰਤੀ ਵਿਰਾਸਤ ਨਾਲ ਜੁੜੀਆਂ ਵਸਤੂਆਂ ਦੀ ਵਿਦੇਸ਼ਾਂ ਵਿੱਚ ਨਿਲਾਮੀ ਚਿੰਤਾ ਦਾ ਵਿਸ਼ਾ ਹੈ। ਪੱਤਰ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਫਰਾਂਸ ਅਤੇ ਸਪੇਨ ਵਿੱਚ 2026 ਲਈ ਤੈਅ ਕੀਤੀਆਂ ਗਈਆਂ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀਆਂ ਨਿਲਾਮੀਆਂ ਭਾਰਤ ਸਰਕਾਰ ਦੇ ਦਖ਼ਲ ਤੋਂ ਬਾਅਦ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਅਜੈ ਜੱਗਾ ਨੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਇਹ ਮਾਮਲਾ ਅਮਰੀਕੀ ਸਰਕਾਰ ਅਤੇ ਸਬੰਧਤ ਏਜੰਸੀਆਂ ਕੋਲ ਉਠਾਇਆ ਜਾਵੇ। ਨਾਲ ਹੀ ਨਿਲਾਮੀ ਰੋਕਣ, ਵਸਤੂਆਂ ਦੀ ਮਾਲਕੀ ਅਤੇ ਨਿਰਯਾਤ ਦੀ ਕਾਨੂੰਨੀ ਜਾਂਚ ਕਰਵਾਉਣ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਕੂਟਨੀਤਕ ਅਤੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੀ ਅਪੀਲ ਵੀ ਕੀਤੀ ਗਈ ਹੈ।