ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਕੇਂਦਰ ਵੱਲੋਂ ਨੰਗਲ ਵਿਖੇ 12.7 ਲੱਖ ਮੀਟ੍ਰਿਕ ਟਨ ਸਮਰੱਥਾ ਵਾਲੇ ਨਵੇਂ ਯੂਰੀਆ ਪਲਾਂਟ ਨੂੰ ਮਨਜ਼ੂਰੀ

ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਕੇਂਦਰ ਵੱਲੋਂ ਨੰਗਲ ਵਿਖੇ 12.7 ਲੱਖ ਮੀਟ੍ਰਿਕ ਟਨ ਸਮਰੱਥਾ ਵਾਲੇ ਨਵੇਂ ਯੂਰੀਆ ਪਲਾਂਟ ਨੂੰ ਮਨਜ਼ੂਰੀ

ਕੇਂਦਰ ਸਰਕਾਰ ਨੇ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐੱਨ.ਐੱਫ.ਐੱਲ.) ਦੇ ਪੰਜਾਬ ਸਥਿਤ ਨੰਗਲ ਯੂਨਿਟ ਵਿਖੇ 12.7 ਲੱਖ ਮੀਟ੍ਰਿਕ ਟਨ (ਐੱਲ.ਐੱਮ.ਟੀ.) ਦੀ ਸਾਲਾਨਾ ਸਥਾਪਤ ਸਮਰੱਥਾ ਵਾਲਾ ਨਵਾਂ ਯੂਰੀਆ ਨਿਰਮਾਣ ਪਲਾਂਟ ਲਗਾਉਣ ਦੇ ਪ੍ਰਸਤਾਵ ਨੂੰ ਅਧਿਕਾਰਤ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫ਼ੈਸਲੇ ਨਾਲ ਨੰਗਲ ਯੂਨਿਟ ਦੀ ਮੌਜੂਦਾ ਉਤਪਾਦਨ ਸਮਰੱਥਾ 4.8 ਲੱਖ ਮੀਟ੍ਰਿਕ ਟਨ ਤੋਂ ਵਧ ਕੇ ਸਿੱਧੀ 12.7 ਲੱਖ ਮੀਟ੍ਰਿਕ ਟਨ ਹੋ ਜਾਵੇਗੀ, ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਨਵੀਂ ਨਿਵੇਸ਼ ਨੀਤੀ ਤਹਿਤ ਮਿਲੀ ਪ੍ਰਵਾਨਗੀ ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਦੇ ਖਾਦ ਵਿਭਾਗ ਵੱਲੋਂ 25 ਨਵੰਬਰ ਨੂੰ ਜਾਰੀ ਕੀਤੇ ਗਏ ਇੱਕ ਅਧਿਕਾਰਤ ਪੱਤਰ ਰਾਹੀਂ ਇਸ ਮਨਜ਼ੂਰੀ ਬਾਰੇ ਐੱਨ.ਐੱਫ.ਐੱਲ. ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨੂੰ ਸੂਚਿਤ ਕੀਤਾ ਗਿਆ ਹੈ। ਖਾਦ ਵਿਭਾਗ ਦੇ ਡਾਇਰੈਕਟਰ (ਯੂ.ਪੀ.ਪੀ.) ਅਮਰ ਕੁਸ਼ਵਾਹਾ ਵੱਲੋਂ ਜਾਰੀ ਇਸ ਪੱਤਰ ਅਨੁਸਾਰ, ਪ੍ਰਸਤਾਵ ਦੀ ਜਾਂਚ ‘ਯੂਰੀਆ ਲਈ ਰਾਸ਼ਟਰੀ ਨਿਵੇਸ਼ ਨੀਤੀ (NIPU)-2026’ ਦੀਆਂ ਵਿਵਸਥਾਵਾਂ ਤਹਿਤ ਕੀਤੀ ਗਈ ਸੀ, ਜਿਸ ਉਪਰੰਤ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਨੇ ਇਸ ਨੂੰ ਮਨਜ਼ੂਰੀ ਦਿੱਤੀ। ਜ਼ਿਕਰਯੋਗ ਹੈ ਕਿ ਖਾਦ ਖੇਤਰ ਵਿੱਚ ਆਤਮਨਿਰਭਰ ਭਾਰਤ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਇਸ ਨੀਤੀ ਨੂੰ 30 ਜੁਲਾਈ, 2026 ਨੂੰ ਨੋਟੀਫਾਈ ਕੀਤਾ ਗਿਆ ਸੀ। ਸਿਆਸੀ ਹਲਚਲ ਅਤੇ ਰੁਜ਼ਗਾਰ ਦੇ ਮੌਕੇ ਮਨਜ਼ੂਰੀ ਸਬੰਧੀ ਇਹ ਪੱਤਰ ਅੱਜ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਵੱਲੋਂ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਨੰਗਲ ਖੇਤਰ ਵਿੱਚ ਲਗਭਗ 3,000 ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਪੰਜਾਬ ਵਿੱਚ ਯੂਰੀਆ ਦੀ ਕਿੱਲਤ ਦੀ ਸਮੱਸਿਆ ਪੱਕੇ ਤੌਰ ’ਤੇ ਹੱਲ ਹੋ ਜਾਵੇਗੀ। ਸਿਆਸੀ ਪੱਖੋਂ ਇਹ ਮਨਜ਼ੂਰੀ ਸੂਬੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਸੁਭਾਸ਼ ਸ਼ਰਮਾ ਖ਼ੁਦ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਚਾਹਵਾਨ ਹਨ। ਬ੍ਰਾਊਨਫੀਲਡ ਸ਼੍ਰੇਣੀ ਤਹਿਤ ਹੋਵੇਗਾ ਨਿਰਮਾਣ ਕੇਂਦਰ ਦੀ ਇਹ ਮਨਜ਼ੂਰੀ ਇੱਕ ਖ਼ਾਸ ਸ਼ਰਤ ਦੇ ਨਾਲ ਆਈ ਹੈ, ਜਿਸ ਤਹਿਤ ਪ੍ਰਸਤਾਵਿਤ ਨਵਾਂ ਪਲਾਂਟ ਨੰਗਲ ਵਿਖੇ ਮੌਜੂਦਾ ਪੁਰਾਣੇ ਯੂਰੀਆ ਨਿਰਮਾਣ ਪਲਾਂਟ ਦੀ ਥਾਂ ’ਤੇ ਹੀ ਲਗਾਇਆ ਜਾਵੇਗਾ। ਇਸ ਪ੍ਰੋਜੈਕਟ ਨੂੰ 'ਬ੍ਰਾਊਨਫੀਲਡ ਸ਼੍ਰੇਣੀ' ਅਧੀਨ ਪ੍ਰਵਾਨਗੀ ਮਿਲੀ ਹੈ। ਇਸ ਦਾ ਭਾਵ ਹੈ ਕਿ ਕਿਸੇ ਵੱਖਰੀ ਜਗ੍ਹਾ ’ਤੇ ਬਿਲਕੁਲ ਨਵਾਂ ਢਾਂਚਾ ਖੜ੍ਹਾ ਕਰਨ ਦੀ ਬਜਾਏ, ਮੌਜੂਦਾ ਉਦਯੋਗਿਕ ਕੰਪਲੈਕਸ ਦਾ ਹੀ ਆਧੁਨਿਕੀਕਰਨ ਅਤੇ ਬਦਲਾਅ ਕੀਤਾ ਜਾਵੇਗਾ। ਲੰਬੇ ਸਮੇਂ ਤੋਂ ਲਟਕ ਰਹੀ ਮੰਗ ਹੋਈ ਪੂਰੀ ਨੰਗਲ ਵਿਖੇ ਭਾਰਤ ਦੇ ਸਭ ਤੋਂ ਪੁਰਾਣੇ ਖਾਦ ਨਿਰਮਾਣ ਪਲਾਂਟਾਂ ਵਿੱਚੋਂ ਇੱਕ ਸਥਿਤ ਹੈ। ਆਜ਼ਾਦੀ ਤੋਂ ਬਾਅਦ ਭਾਖੜਾ-ਨੰਗਲ ਖੇਤਰ ਵਿੱਚ ਸਥਾਪਤ ਕੀਤੇ ਗਏ ਇਸ ਐੱਨ.ਐੱਫ.ਐੱਲ. ਯੂਨਿਟ ਨੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਦੀਆਂ ਖਾਦ ਸਬੰਧੀ ਲੋੜਾਂ ਪੂਰੀਆਂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹਾਲਾਂਕਿ, ਸਮੇਂ ਦੇ ਨਾਲ ਪਲਾਂਟ ਦੀ ਪੁਰਾਣੀ ਹੋ ਰਹੀ ਮਸ਼ੀਨਰੀ, ਊਰਜਾ ਕੁਸ਼ਲਤਾ ਅਤੇ ਉਤਪਾਦਨ ਵਧਾਉਣ ਦੀ ਲੋੜ ਕਾਰਨ ਇਸ ਦੇ ਆਧੁਨਿਕੀਕਰਨ ਦੀ ਮੰਗ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸਿਆਸੀ ਨੁਮਾਇੰਦਿਆਂ ਵੱਲੋਂ ਲੰਬੇ ਸਮੇਂ ਤੋਂ ਉਠਾਈ ਜਾ ਰਹੀ ਸੀ। ਨਿਵੇਸ਼ ਅਤੇ ਸਮਾਂ-ਸੀਮਾ ਬਾਰੇ ਵੇਰਵੇ ਬਾਕੀ ਭਾਵੇਂ ਕਿ ਮਨਜ਼ੂਰੀ ਪੱਤਰ ਵਿੱਚ ਪ੍ਰੋਜੈਕਟ ਨੂੰ ਲਾਗੂ ਕਰਨ ਦੀ ਅਸਲ ਸਮਾਂ-ਸੀਮਾ, ਕੁੱਲ ਨਿਵੇਸ਼ ਅਤੇ ਉਸਾਰੀ ਸ਼ੁਰੂ ਹੋਣ ਦੀ ਤਰੀਕ ਬਾਰੇ ਅਜੇ ਕੋਈ ਸਪੱਸ਼ਟ ਵੇਰਵਾ ਨਹੀਂ ਦਿੱਤਾ ਗਿਆ ਹੈ, ਪਰ ਇਸ ਫ਼ੈਸਲੇ ਨੇ ਐੱਨ.ਐੱਫ.ਐੱਲ. ਨੰਗਲ ਯੂਨਿਟ ਦੇ ਨਵੀਨੀਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਸ ਨਾਲ ਜਿੱਥੇ ਦੇਸ਼ ਦੇ ਘਰੇਲੂ ਯੂਰੀਆ ਉਤਪਾਦਨ ਨੂੰ ਬਲ ਮਿਲੇਗਾ, ਉੱਥੇ ਹੀ ਪੰਜਾਬ ਦੇ ਇਸ ਸਰਹੱਦੀ ਇਲਾਕੇ ਵਿੱਚ ਮੁੜ ਉਦਯੋਗਿਕ ਵਿਕਾਸ ਦੀਆਂ ਉਮੀਦਾਂ ਜਾਗ ਉੱਠੀਆਂ ਹਨ।