ਕੰਪਿਊਟਰ ਅਧਿਆਪਕਾਂ ਨੇ ਸੂਬਾ ਸਰਕਾਰ ਦੀ ਅਰਥੀ ਫੂਕੀ

ਕੰਪਿਊਟਰ ਅਧਿਆਪਕਾਂ ਨੇ ਸੂਬਾ ਸਰਕਾਰ ਦੀ ਅਰਥੀ ਫੂਕੀ

ਨਵਾਂਸ਼ਹਿਰ - ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਜ਼ਿਲ੍ਹਾ ਸ਼ਭਸ ਨਗਰ ਵੱਲੋਂ ਅੱਜ ਇੱਕ ਵਿਸ਼ਾਲ ਮਾਰਚ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਕੰਪਿਊਟਰ ਅਧਿਆਪਕਾਂ ਦੇ ਨਾਲ ਨਾਲ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਵੀ ਭਰਵੀਂ ਗਿਣਤੀ ਵਿਚ ਸ਼ਮੂਲੀਅਤ ਕਰਦੇ ਹੋਏ ਕੰਪਿਊਟਰ ਅਧਿਆਪਕਾਂ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕੀਤੀ ਅਤੇ ਸਰਕਾਰ ਦੇ ਅਣਦੇਖੀ ਭਰੇ ਵਤੀਰੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ। ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਵਿਚ ਸੇਵਾਵਾਂ ਨਿਭਾਅ ਰਹੇ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ 126 ਦਿਨਾਂ ਤੋਂ ਸੰਗਰੂਰ ਦੇ ਡੀਸੀ ਦਾ ਦਫਤਰ ਅੱਗੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਪਰ ਸਰਕਾਰ ਦੀ ਅਣਦੇਖੀ ਦੇ ਚਲਦੇ ਹੁਣ ਕੰਪਿਊਟਰ ਅਧਿਆਪਕ ਆਗੂ ਜੋਨੀ ਸਿੰਗਲਾ ਵੱਲੋਂ 22 ਦਸੰਬਰ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੀ ਗੂੰਜ ਹੁਣ ਪੂਰੇ ਪੰਜਾਬ ਵਿਚ ਸੁਣਾਈ ਦੇ ਰਹੀ ਹੈ। ਜ਼ਿਲ੍ਹਾ ਆਗੂ ਲਖਵੀਰ ਸਿੰਘ, ਭੁਪਿੰਦਰ ਸਿੰਘ ਭਟੋਆ, ਅਮਰਜੀਤ, ਨਰੇਸ਼ ਕੁਮਾਰ, ਵਰਿੰਦਰ ਕੁਮਾਰ, ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਲ 2011 ਵਿਚ ਤਤਕਾਲੀ ਪੰਜਾਬ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰ ਦਿੱਤਾ ਸੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਉਵੇਂ ਉਵੇਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੇ ਸਾਰੇ ਹੱਕ ਬਹਾਲ ਕਰਨ ਦੀ ਬਜਾਏ ਇੱਕ-ਇੱਕ ਕਰਕੇ ਉਨ੍ਹਾਂ ਦੇ ਅਧਿਕਾਰਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਵਰਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਨ੍ਹਾਂ ਦੀਆਂ ਪੈੜਾਂ ’ਤੇ ਹੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਹੋਰਨਾਂ ਰੈਗੂਲਰ ਕਰਮਚਾਰੀਆਂ ਨੂੰ ਛੇਵੇਂ ਪੇ ਕਮਿਸ਼ਨ ਦਾ ਲਾਭ ਦਿੱਤਾ ਗਿਆ ਹੈ, ਉੱਥੇ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਨੂੰ ਇਸ ਲਾਭ ਤੋਂ ਵਾਂਝਾ ਰੱਖਿਆ ਗਿਆ ਹੈ। ਇਸੇ ਤਰ੍ਹਾਂ ਰੈਗੂਲਰ ਹੋਣ ਤੋਂ 13 ਸਾਲ ਮਗਰੋਂ ਵੀ ਅੱਜ ਤੱਕ ਕਿਸੇ ਵੀ ਕੰਪਿਊਟਰ ਅਧਿਆਪਕ ਨੂੰ ਮੈਡੀਕਲ ਰਿਐਂਬਰਸਮੈਂਟ ਵਰਗੀ ਜ਼ਰੂਰੀ ਸਹਾਇਤਾ ਨਹੀਂ ਦਿੱਤੀ ਗਈ, ਜਿਸਦੇ ਚਲਦੇ ਪਿਛਲੇ ਸਮੇਂ ਦੌਰਾਨ ਕਈ ਕੰਪਿਊਟਰ ਅਧਿਆਪਕ ਗੰਭੀਰ ਬਿਮਾਰੀਆਂ ਦੇ ਚਲਦੇ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਕਿਉਂਕਿ ਉਹ ਆਰਥਿਕ ਤੰਗੀ ਹੋਣ ਕਾਰਨ ਮਹਿੰਗੇ ਇਲਾਜ ਕਰਨ ਵਿਚ ਅਸਮਰੱਥ ਰਹੇ। ਇੰਨਾ ਹੀ ਨਹੀਂ, ਵਰਤਮਾਨ ਵਿਚ ਵੀ ਕਈ ਕੰਪਿਊਟਰ ਅਧਿਆਪਕ ਖੁਦ ਜਾਂ ਉਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਵੱਖ-ਵੱਖ ਗੰਭੀਰ ਬਿਮਾਰੀਆਂ ਤੋਂ ਪੀੜਿਤ ਹਨ। ਜੋ ਕਿ ਮੈਡੀਕਲ ਰਿਐਂਬਰਸਮੈਂਟ ਵਰਗੀ ਜ਼ਰੂਰੀ ਸਹਾਇਤਾ ਨਾ ਮਿਲਣ ਕਰਕੇ ਆਪਣਾ ਇਲਾਜ ਕਰਾਉਣ ਵਿਚ ਅਸਮਰਥ ਹਨ, ਪਰ ਸਰਕਾਰ ਇਸ ਗੰਭੀਰ ਸਮੱਸਿਆ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ। ਜਿਸ ਕਾਰਨ ਇੱਕ ਸਤੰਬਰ ਤੋਂ ਸੰਗਰੂਰ ਵਿਖੇ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਹਨ ਪਰ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਉਨ੍ਹਾਂ ਦੀ ਗੱਲ ਸੁਣਨਾ ਵੀ ਜਾਇਜ਼ ਨਹੀਂ ਸਮਝਿਆ, ਜਿਸ ਕਰਕੇ ਮਜਬੂਰ ਹੋ ਕੇ ਉਨ੍ਹਾਂ ਨੇ ਮਰਨ ਵਰਤ ਤੇ ਬੈਠਣ ਦਾ ਫੈਸਲਾ ਲਿਆ ਹੈ ਅਤੇ ਅੱਜ ਉਨਾਂ ਦਾ ਸਾਥੀ ਜੋਨੀ ਸਿੰਗਲਾ ਪਿਛਲੇ ਪੰਜ ਦਿਨਾਂ ਤੋਂ ਮਰਨ ਵਰਤ ਤੇ ਡਟਿਆ ਹੋਇਆ ਹੈ। ਕੀ ਹਨ ਮੰਗਾ? ਆਗੂਆਂ ਨੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੋਈ ਵੀ ਨਵੀਂ ਮੰਗ ਨਹੀਂ ਹੈ ਸਿਰਫ ਇਹੀ ਮੰਗ ਹੈ ਕਿ ਉਨ੍ਹਾਂ ਦੇ ਰੈਗੂਲਰ ਆਰਡਰਾਂ ਦੇ ਅਨੁਸਾਰ ਉਨਾਂ ਦੇ ਸਾਰੇ ਲਾਭ ਬਹਾਲ ਕੀਤੇ ਜਾਣ। ਉਨ੍ਹਾਂ ਨੂੰ ਛੇਵੇਂ ਪੇ ਕਮਿਸ਼ਨ ਦਾ ਲਾਭ ਦਿੰਦੇ ਹੋਏ ਸਿੱਖਿਆ ਵਿਭਾਗ ਵਿਚ ਮਰਜ ਕੀਤਾ ਜਾਵੇ ਅਤੇ ਜਿਨਾਂ ਕੰਪਿਊਟਰ ਅਧਿਆਪਕਾਂ ਦੇ ਪਿਛਲੇ ਸਮੇਂ ਦੌਰਾਨ ਕਿਸੇ ਵੀ ਕਾਰਨ ਕਰਕੇ ਮੌਤ ਹੋ ਚੁੱਕੀ ਹੈ। ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਬਣਦੀ ਵਿੱਤੀ ਸਹਾਇਤਾ ਦਿੰਦੇ ਹੋਏ ਸਰਕਾਰੀ ਨੌਕਰੀ ਦਿੱਤੀ ਜਾਵੇ। ਕੰਪਿਊਟਰ ਅਧਿਆਪਕਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਮਾਂ ਰਹਿੰਦੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ ਸਰਕਾਰ ਦੇ ਖਿਲਾਫ ਇੱਕ ਵੱਡਾ ਜਨ ਅੰਦੋਲਨ ਛੇੜ ਦੇਣਗੇ। ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।।ਇਸ ਮੌਕੇ ਡੀਟੀਐਫ਼ ਤੋਂ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ, ਗੁਰਦਿਆਲ ਸਿੰਘ ਮਾਨ, ਨਰਿੰਜਣ ਜੋਤ ਸਿੰਘ, ਜਗਦੀਸ਼ ਰਾਏ ਸ਼ਾਮਲ ਹੋਏ।