ਪੜਤਾਲੀਆ ਕਮੇਟੀ ਦਾ ਸਮਾਂ ਵਧਾਏ ਜਾਣ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਤਿੱਖਾ ਪ੍ਰਤੀਕਰਮ, ਕਿਹਾ- ਸਮਾਂ ਕਮੇਟੀ ਨੂੰ ਨਹੀਂ ਮੈਨੂੰ ਦਿੱਤਾ ਗਿਐ...

ਪੜਤਾਲੀਆ ਕਮੇਟੀ ਦਾ ਸਮਾਂ ਵਧਾਏ ਜਾਣ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਤਿੱਖਾ ਪ੍ਰਤੀਕਰਮ, ਕਿਹਾ- ਸਮਾਂ ਕਮੇਟੀ ਨੂੰ ਨਹੀਂ ਮੈਨੂੰ ਦਿੱਤਾ ਗਿਐ...

ਤਲਵੰਡੀ ਸਾਬੋ : ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਪਿਛਲੇ ਦਿਨਾਂ ਚ ਲੱਗੇ ਕਥਿਤ ਸੰਗੀਨ ਇਲਜ਼ਾਮਾਂ ਤੋਂ ਬਾਅਦ ਜਿੱਥੇ ਸ਼੍ਰੋਮਣੀ ਕਮੇਟੀ ਨੇ ਉਨਾਂ ਦੀਆਂ ਜਥੇਦਾਰ ਵਜੋਂ ਸੇਵਾਵਾਂ 15 ਦਿਨਾਂ ਲਈ ਬਰਖਾਸਤ ਕਰ ਦਿੱਤੀਆਂ ਸਨ ਉੱਥੇ ਜਾਂਚ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਨੂੰ ਅੱਜ ਅੰਤ੍ਰਿਗ ਕਮੇਟੀ ਦੀ ਇਕੱਤਰਤਾ ਮਗਰੋਂ ਇੱਕ ਮਹੀਨੇ ਦਾ ਹੋਰ ਸਮਾਂ ਦੇਣ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੀਡੀਓ ਬਿਆਨ ਜਾਰੀ ਕਰਕੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਵੀਡੀਓ ਬਿਆਨ ਰਾਹੀਂ ਸਿੰਘ ਸਾਹਿਬ ਨੇ ਕਿਹਾ ਕਿ ਮੇਰੇ ਖਿਲਾਫ ਜਿਹੜੀ ਅਣਅਧਿਕਾਰਿਤ ਪੜਤਾਲੀਆ ਕਮੇਟੀ ਬਣਾਈ ਸੀ ਉਸਦਾ ਇੱਕ ਮਹੀਨੇ ਦਾ ਸਮਾਂ ਨਹੀ ਵਧਾਇਆ ਗਿਆ ਬਲਕਿ ਮੇਰਾ ਇੱਕ ਮਹੀਨੇ ਦਾ ਸਮਾਂ ਵਧਾਇਆ ਗਿਐ ਕਿ ਤੈਨੂੰ ਇਸੇ ਤਰ੍ਹਾਂ ਲਟਕਾ ਕੇ ਰੱਖਾਂਗੇ,ਨਾ ਜਿਉਂਦਿਆਂ ਚ ਅਤੇ ਨਾ ਮਰਦਿਆਂ ਚ ਛੱਡਾਂਗੇ।ਉਨਾਂ ਅੱਗੇ ਕਿਹਾ ਕਿ ਮੇਰੇ ਖਿਲਾਫ ਜੋ ਦੋਸ਼ ਲਾਏ ਹਨ ਉਸ ਅਧੀਨ ਭਾਂਵੇ ਮੇਰੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣ ਪਰ ਮੈਂ ਘਬਰਾਹੁਣ ਵਾਲਿਆਂ ਚ ਨਹੀ,ਮੈਂ ਅਡੋਲ ਸੀ ਅਤੇ ਅਡੋਲ ਰਹਾਂਗਾ।ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਮੌਕੇ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਅਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਜੇਕਰ ਇਹ ਬਚਦੀ ਹੈ ਤਾਂ ਇਸ ਨੂੰ ਬਚਾਉਣਾ ਚਾਹੀਦਾ ਹੈ।ਉਨਾਂ ਨੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਕਿ ਵਿਅਕਤੀ ਕਦੇ ਪਾਰਟੀਆਂ ਨਹੀ ਹੁੰਦੀਆਂ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਹਨ,ਬੰਦੇ ਚਲੇ ਜਾਣਗੇ ਪਰ ਅਕਾਲੀ ਦਲ ਰਹੇਗਾ ਇਸਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉ,ਨਾਲ ਹੀ ਉਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਉਸ ਸੂਰਤ ਚ ਬਚੇਗਾ ਜੇ ਸਾਡੀਆਂ ਪ੍ਰੰਪਰਾਵਾਂ ਬਚਣਗੀਆਂ ਅਤੇ ਸਾਡੀਆਂ ਮਰਿਯਾਦਾਵਾਂ ਬਚਣਗੀਆਂ। ਉਨਾਂ ਨੇ ਉਕਤ ਵੀਡੀਓ ਬਿਆਨ ਰਾਹੀਂ ਸਮੁੱਚੇ ਸਿੱਖ ਪੰਥ ਨੂੰ ਵੀ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ ਅਕਸਰ ਹੀ ਤਾਅਨਾ ਜਾਂ ਉਲਾਂਭਾ ਦਿੰਦੇ ਸੀ ਕਿ ਜਥੇਦਾਰ ਅਜਿਹਾ ਹੋਣਾ ਚਾਹੀਦੈ ਜਿਸ ਚ ਹਿੰਮਤ ਹੋਵੇ,ਦ੍ਰਿੜਤਾ ਹੋਵੇ,ਦਲੇਰੀ ਹੋਵੇ ਜਿਵੇਂ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਟਿਹਰੇ ਚ ਖੜਾ ਕੀਤਾ ਉਵੇਂ ਉਹ ਵੀ ਵੱਡੇ ਵੱਡੇ ਬਾਦਸ਼ਾਹਾਂ ਵਰਗਿਆਂ ਨੂੰ ਕਟਿਹਰੇ ਚ ਖੜਾ ਕਰ ਸਕੇ ਅਤੇ ਹੁਣ ਜੇਕਰ ਅਸੀਂ ਅਜਿਹਾ ਕੀਤੈ ਤਾਂ ਉਸਦੀ ਸਜ਼ਾ ਭੁਗਤ ਰਹੇ ਹਾਂ।ਉਨਾਂ ਕਿਹਾ ਕਿ ਇਹ ਸਜ਼ਾ ਸਾਡੇ ਲਈ ਸਜ਼ਾ ਬਣਕੇ ਨਾ ਰਹਿ ਜਾਵੇ ਇਸਲਈ ਸਮੁੱਚੇ ਪੰਥ ਨੂੰ ਅਪੀਲ ਹੈਕਿ ਜਿਹੜੇ ਫੇਕ ਪੇਜ਼ ਬਣਾਕੇ ਉਸਤੋਂ ਗੰਦੀਆਂ ਗੱਲਾਂ ਸਾਡੇ ਖਿਲਾਫ ਕਰਦੇ ਨੇ ਸਮੁੱਚਾ ਖਾਲਸਾ ਪੰਥ ਉਨਾਂ ਖਿਲਾਫ ਲਾਮਬੰਦ ਹੋਵੇ।