ਅਸਲਾ ਲਾਇਸੈਂਸ ਵੰਡ 'ਚ ਵੱਡੀਆਂ ਬੇਨਿਯਮੀਆਂ: ਸਿਆਸੀ ਸਰਪ੍ਰਸਤੀ ਹੇਠ ਅਪਰਾਧਿਕ ਪਿਛੋਕੜ ਵਾਲਿਆਂ ਨੇ ਬਣਵਾਏ ਲਾਇਸੈਂਸ, ਪੁਲੀਸ ਵੱਲੋਂ ਮਾਮਲੇ ਦਰਜ

ਅਸਲਾ ਲਾਇਸੈਂਸ ਵੰਡ 'ਚ ਵੱਡੀਆਂ ਬੇਨਿਯਮੀਆਂ: ਸਿਆਸੀ ਸਰਪ੍ਰਸਤੀ ਹੇਠ ਅਪਰਾਧਿਕ ਪਿਛੋਕੜ ਵਾਲਿਆਂ ਨੇ ਬਣਵਾਏ ਲਾਇਸੈਂਸ, ਪੁਲੀਸ ਵੱਲੋਂ ਮਾਮਲੇ ਦਰਜ

ਪੰਜਾਬ ਵਿੱਚ ਲਾਇਸੈਂਸੀ ਹਥਿਆਰਾਂ ਦੇ ਮਾਮਲੇ ਵਿੱਚ ਵੱਡੇ ਖੁਲਾਸੇ ਸਾਹਮਣੇ ਆਏ ਹਨ, ਜਿੱਥੇ ਕਥਿਤ ਸਿਆਸੀ ਸਰਪ੍ਰਸਤੀ ਅਤੇ ਤੱਥ ਛੁਪਾ ਕੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਵੀ ਅਸਲਾ ਲਾਇਸੈਂਸ ਹਾਸਲ ਕਰਨ ਵਿੱਚ ਸਫ਼ਲ ਹੋ ਗਏ। ਤਾਜ਼ਾ ਆਂਕੜਿਆਂ ਅਨੁਸਾਰ ਇਸ ਵੇਲੇ ਪੂਰੇ ਪੰਜਾਬ ਵਿੱਚ 3.80 ਲੱਖ ਤੋਂ ਵੱਧ ਲੋਕਾਂ ਕੋਲ ਲਾਇਸੈਂਸੀ ਹਥਿਆਰ ਮੌਜੂਦ ਹਨ। ਪੁਲੀਸ ਨੇ ਨਿਯਮਾਂ ਦੀ ਉਲੰਘਣਾ ਕਰਕੇ ਲਾਇਸੈਂਸ ਹਾਸਲ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਜ਼ਿਲ੍ਹਾ ਸੂਬੇ ਵਿੱਚ ਪਹਿਲੇ ਸਥਾਨ 'ਤੇ ਅਸਲਾ ਲਾਇਸੈਂਸਾਂ ਦੀ ਗਿਣਤੀ ਦੇ ਲਿਹਾਜ਼ ਨਾਲ ਬਠਿੰਡਾ ਜ਼ਿਲ੍ਹਾ ਪੂਰੇ ਪੰਜਾਬ ਵਿੱਚ ਪਹਿਲੇ ਨੰਬਰ 'ਤੇ ਹੈ, ਜਿੱਥੇ 29 ਹਜ਼ਾਰ ਤੋਂ ਵੱਧ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਬਾਅਦ 26 ਹਜ਼ਾਰ ਤੋਂ ਵੱਧ ਲਾਇਸੈਂਸਾਂ ਨਾਲ ਮੋਗਾ ਜ਼ਿਲ੍ਹਾ ਦੂਜੇ ਸਥਾਨ 'ਤੇ ਹੈ, ਜਦਕਿ ਸ਼ਾਹੀ ਸ਼ਹਿਰ ਪਟਿਆਲਾ 25 ਹਜ਼ਾਰ ਤੋਂ ਵੱਧ ਲਾਇਸੈਂਸਧਾਰਕਾਂ ਨਾਲ ਤੀਜੇ ਨੰਬਰ 'ਤੇ ਆਉਂਦਾ ਹੈ। ਇਸ ਦੇ ਉਲਟ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਵਿੱਚ ਸਭ ਤੋਂ ਘੱਟ ਲਗਭਗ 2,200 ਅਸਲਾ ਲਾਇਸੈਂਸਧਾਰਕ ਹਨ। ਤੱਥ ਛੁਪਾ ਕੇ ਅਤੇ ਪਤਾ ਬਦਲ ਕੇ ਬਣਵਾਏ ਗਏ ਲਾਇਸੈਂਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਈ ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਵਿਅਕਤੀਆਂ ਨੇ ਆਪਣੀ ਅਪਰਾਧਿਕ ਪਿਛੋਕੜ ਛੁਪਾ ਕੇ ਲਾਇਸੈਂਸ ਹਾਸਲ ਕੀਤੇ। ਜ਼ੀਰਕਪੁਰ ਦੇ ਇੱਕ ਪ੍ਰਾਪਰਟੀ ਕਾਰੋਬਾਰੀ ਰਾਜ ਕੁਮਾਰ ਖ਼ਿਲਾਫ਼ ਜ਼ੀਰਕਪੁਰ ਅਤੇ ਦੋਰਾਹਾ ਵਿਖੇ ਅਪਰਾਧਿਕ ਕੇਸ ਦਰਜ ਸਨ। ਅਕਤੂਬਰ 2021 ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਮੁਹਾਲੀ ਵੱਲੋਂ ਉਸ ਦੀ ਅਰਜ਼ੀ ਰੱਦ ਕੀਤੇ ਜਾਣ ਤੋਂ ਬਾਅਦ, ਉਸ ਨੇ ਸਾਲ 2025 ਵਿੱਚ ਆਧਾਰ ਕਾਰਡ 'ਤੇ ਮੋਗਾ ਦਾ ਪਤਾ ਅਪਡੇਟ ਕਰਵਾ ਕੇ ਅਤੇ ਕੇਸਾਂ ਦੀ ਜਾਣਕਾਰੀ ਛੁਪਾ ਕੇ ਮੋਗਾ ਤੋਂ ਲਾਇਸੈਂਸ ਹਾਸਲ ਕਰ ਲਿਆ ਅਤੇ 30 ਬੋਰ ਦਾ ਪਿਸਤੌਲ ਖਰੀਦ ਲਿਆ। ਇਸੇ ਵਿਅਕਤੀ ਨੇ 2024 ਵਿੱਚ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਕੋਟਲਾ ਬਜਵਾੜਾ ਦੇ ਪਤੇ 'ਤੇ ਪਾਸਪੋਰਟ ਵੀ ਬਣਵਾਇਆ ਸੀ। ਇਸੇ ਤਰ੍ਹਾਂ ਨਸ਼ਾ ਤਸਕਰੀ ਸਮੇਤ ਕਈ ਮਾਮਲਿਆਂ ਵਿੱਚ ਨਾਮਜ਼ਦ ਗੁਰਵਿੰਦਰ ਸਿੰਘ ਨੇ ਵੀ ਸਾਲ 2024 ਵਿੱਚ ਅਸਲਾ ਲਾਇਸੈਂਸ ਹਾਸਲ ਕਰਕੇ ਪਿਸਤੌਲ ਅਤੇ 315 ਬੋਰ ਦੀ ਰਾਈਫ਼ਲ ਖਰੀਦ ਲਈ ਸੀ। ਇਸ ਤੋਂ ਇਲਾਵਾ, ਸੰਗਰੂਰ ਨਾਲ ਸਬੰਧਤ ਇੱਕ ਗੈਂਗਸਟਰ, ਜਿਸ 'ਤੇ 20 ਅਪਰਾਧਿਕ ਮਾਮਲੇ ਦਰਜ ਸਨ, ਨੇ ਵੀ 2010 ਵਿੱਚ ਮੋਗਾ ਦਾ ਫਰਜ਼ੀ ਪਤਾ ਦਰਜ ਕਰਵਾ ਕੇ ਲਾਇਸੈਂਸ ਬਣਾ ਲਿਆ ਸੀ। ਪੁਲੀਸ ਵੱਲੋਂ ਮਾਮਲੇ ਦਰਜ ਅਤੇ ਗ੍ਰਿਫ਼ਤਾਰੀਆਂ ਸੂਬੇ ਵਿੱਚ ਅਸਲਾ ਲਾਇਸੈਂਸ ਜਾਰੀ ਕਰਨ ਲਈ ਨਿਯਮਾਂ ਅਨੁਸਾਰ ਥਾਣਾ ਮੁਖੀ, ਸਬੰਧਤ ਡੀ.ਐੱਸ.ਪੀ. ਅਤੇ ਐੱਸ.ਐੱਸ.ਪੀ. ਦੀ ਸਿਫ਼ਾਰਸ਼ ਤੋਂ ਬਾਅਦ ਹੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤੱਥ ਛੁਪਾ ਕੇ ਲਾਇਸੈਂਸ ਹਾਸਲ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰਾਂ ਅਨੁਸਾਰ ਜੇਕਰ ਮਾਮਲੇ ਦੀ ਹੋਰ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ ਤਾਂ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।