ਚੋਣ ਮੈਦਾਨ 'ਚ ਉਤਰਨਗੇ ਸਾਬਕਾ ED ਅਧਿਕਾਰੀ: ਹਲਕਾ ਕਰਤਾਰਪੁਰ ਤੋਂ ਚੋਣ ਲੜ ਸਕਦੇ ਹਨ ਨਿਰੰਜਣ ਸਿੰਘ
- ਪੰਜਾਬ
- (Asia/Kolkata)
ਐਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਦੀ ਰਾਜਨੀਤੀ ਵਿੱਚ ਸਰਗਰਮ ਐਂਟਰੀ ਦਾ ਰਸਤਾ ਸਾਫ਼ ਹੋ ਗਿਆ ਹੈ। ਉਹ ਜਲਦ ਹੀ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਿੱਚ ਸ਼ਾਮਲ ਹੋ ਕੇ ਵਿਧਾਨ ਸਭਾ ਚੋਣ ਲੜਨ ਜਾ ਰਹੇ ਹਨ। ਦੋਵਾਂ ਧਿਰਾਂ ਵਿਚਾਲੇ ਪਾਰਟੀ 'ਚ ਸ਼ਮੂਲੀਅਤ ਨੂੰ ਲੈ ਕੇ ਰਸਮੀ ਗੱਲਬਾਤ ਮੁਕੰਮਲ ਹੋ ਚੁੱਕੀ ਹੈ। ਅਹਿਮ ਸੂਤਰਾਂ ਮੁਤਾਬਕ ਨਿਰੰਜਣ ਸਿੰਘ ਬੁੱਧਵਾਰ ਨੂੰ ਜਲੰਧਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਵਿੱਚ ਸ਼ਾਮਲ ਹੋਣ ਦਾ ਰਸਮੀ ਐਲਾਨ ਕਰਨਗੇ। ਇਸ ਸਬੰਧ ਵਿੱਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਅਤੇ ਬਾਪੂ ਤਰਸੇਮ ਸਿੰਘ ਨੇ ਜਲੰਧਰ ਦੀ ਅਟਵਾਲ ਕਲੋਨੀ ਸਥਿਤ ਨਿਰੰਜਣ ਸਿੰਘ ਦੀ ਰਿਹਾਇਸ਼ 'ਤੇ ਪਹੁੰਚ ਕੇ ਉਨ੍ਹਾਂ ਨਾਲ ਇੱਕ ਗੁਪਤ ਮੀਟਿੰਗ ਕੀਤੀ। ਇਸ ਬੈਠਕ ਵਿੱਚ ਪਾਰਟੀ ਆਗੂ ਬਾਬੂ ਸਿੰਘ ਬਰਾੜ ਅਤੇ ਸਾਬਕਾ ਡੀ.ਐੱਸ.ਪੀ. ਬਲਵਿੰਦਰ ਸਿੰਘ ਸੇਖੋਂ ਵੀ ਮੌਜੂਦ ਸਨ। ਮੀਟਿੰਗ ਦੌਰਾਨ ਨਿਰੰਜਣ ਸਿੰਘ ਨੇ ਪਾਰਟੀ ਵਿੱਚ ਸ਼ਾਮਲ ਹੋਣ ਦੀ ਹਾਮੀ ਭਰ ਦਿੱਤੀ। ਸੂਤਰਾਂ ਅਨੁਸਾਰ ਪਾਰਟੀ ਉਨ੍ਹਾਂ ਨੂੰ ਹਲਕਾ ਕਰਤਾਰਪੁਰ ਤੋਂ ਆਪਣਾ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਇੱਕ ਸਾਫ਼-ਸੁਥਰੀ ਛਵੀ ਵਾਲੇ ਸਾਬਕਾ ਅਧਿਕਾਰੀ ਦੇ ਆਉਣ ਨਾਲ ਦੋਆਬਾ ਖੇਤਰ ਵਿੱਚ ਪਾਰਟੀ ਨੂੰ ਵੱਡਾ ਸਿਆਸੀ ਲਾਭ ਮਿਲੇਗਾ। ਜ਼ਿਕਰਯੋਗ ਹੈ ਕਿ ਈ.ਡੀ. ਅਧਿਕਾਰੀ ਵਜੋਂ ਨਿਰੰਜਣ ਸਿੰਘ ਉਸ ਸਮੇਂ ਚਰਚਾ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਬਹੁ-ਚਰਚਿਤ ਭੋਲਾ ਡਰੱਗ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਸੀ। ਉਸ ਜਾਂਚ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਸਾਬਕਾ ਮੰਤਰੀਆਂ ਤੋਂ ਵੀ ਪੁੱਛਗਿੱਛ ਕੀਤੀ ਸੀ। ਸਾਲ 2015 ਵਿੱਚ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦਾ ਤਬਾਦਲਾ ਕੋਲਕਾਤਾ ਕਰ ਦਿੱਤਾ ਗਿਆ ਸੀ, ਜਿਸ 'ਤੇ ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਸੀ। ਨਿਰੰਜਣ ਸਿੰਘ ਮਈ 2021 ਵਿੱਚ ਜਲੰਧਰ ਤੋਂ ਹੀ ਆਪਣੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਪਤਾ ਲੱਗਾ ਹੈ ਕਿ 'ਅਕਾਲੀ ਦਲ ਵਾਰਿਸ ਪੰਜਾਬ ਦੇ' ਹੋਰ ਵੀ ਅਜਿਹੇ ਸਾਬਕਾ ਨੌਕਰਸ਼ਾਹਾਂ ਅਤੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਰਹੀ ਹੈ, ਜਿਨ੍ਹਾਂ ਦਾ ਸੇਵਾਕਾਲ ਬੇਦਾਗ਼ ਅਤੇ ਸਾਫ਼-ਸੁਥਰਾ ਰਿਹਾ ਹੈ। ਇਸ ਪੂਰੇ ਮਾਮਲੇ 'ਤੇ ਪਾਰਟੀ ਦੀ ਅਗਵਾਈ ਕਰ ਰਹੇ ਮਨਪ੍ਰੀਤ ਸਿੰਘ ਇਆਲੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ।
Leave a Reply