ਸ੍ਰੀ ਮੁਕਤਸਰ ਸਾਹਿਬ : ਨੌਜਵਾਨ ਭਾਰਤ ਸਭਾ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਡਿਪਟੀ ਕਮਿਸ਼ਨਰ ਦਫਤਰ ਸ੍ਰੀ ਮੁਕਤਸਰ ਸਾਹਿਬ ਅੱਗੇ ਧਰਨਾ ਲਗਾ ਕੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸੂਬਾ ਵਿੱਤ ਸਕੱਤਰ ਨੌ ਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਪੰਜਾਬ ਅੰਦਰੋਂ ਨਸ਼ਾ ਵੀ ਖਤਮ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਵੀ ਦਿੱਤਾ ਜਾਵੇਗਾ ਪਰ ਹੋਇਆ ਉਸਦੇ ਉਲਟ ਲਗਾਤਾਰ ਪੰਜਾਬ ਅੰਦਰ ਨਸ਼ੇ ਵੱਧ ਰਹੇ ਹਨ, ਨਸ਼ਿਆਂ ਦੇ ਓਵਰਡੋਜ ਦੇ ਨਾਲ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਅੱਖਾਂ ਬੰਦ ਕਰਕੇ ਬੈਠੀ ਹੈ। ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਖੋਖਰ ਨੇ ਕਿਹਾ ਕਿ ਨਸ਼ਿਆਂ ਨੂੰ ਬੰਦ ਕਰਨ ਦੇ ਲਈ ਹਾਈਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ’ਚ ਕਮਿਸ਼ਨ ਬਣਾਇਆ ਜਾਵੇ ਜਿਸ ਵਿੱਚ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਸ਼ਾਮਿਲ ਕੀਤਾ ਜਾਵੇ ਤਾਂ ਜੋ ਪੁਲਿਸ ਮੁਲਾਜ਼ਮ ਜਾਂ ਕੋਈ ਸਿਆਸੀ ਲੀਡਰ ਨਸ਼ੇ ਦੇ ਧੰਦੇ ’ਚ ਸ਼ਾਮਿਲ ਹੈ ਉਸਤੇ ਵੀ ਕਾਰਵਾਈ ਕੀਤੀ ਜਾ ਸਕੇ, ਜੋ ਰਿਪੋਰਟ ਜੇਲ੍ਹਾਂ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਅਤੇ ਨਸ਼ਾ ਸਮਗਲਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਿੰਡ ਪੱਧਰ ਤੇ ਆਧੁਨਿਕ ਖੇਡ ਢਾਂਚਾ ਬਣਾਇਆ ਜਾਵੇ ਅਤੇ ਹਰ ਪੱਧਰ ਦੇ ਖਿਡਾਰੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸਾਰੇ ਸਰਕਾਰੀ ਅਦਾਰਿਆਂ ’ਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੇ ਲਈ ਸਾਰੇ ਮਹਿਕਮਿਆਂ ਦੀਆਂ ਤੁਰੰਤ ਭਰਤੀਆਂ ਖੋਲੀਆਂ ਜਾਣ।
ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਤੂੜੀ ਬਾਜ਼ਾਰ ਫਿਰੋਜ਼ਪੁਰ ’ਚ ਜੋ ਸ਼ਹੀਦ ਭਗਤ ਸਿੰਘ ਤੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਦਾ ਗੁਪਤ ਟਿਕਾਣਾ ਹੈ ਜੋ ਕਿ ਭਗਤ ਸਿੰਘ ਹੋਰਾਂ ਦੀ ਕ੍ਰਾਂਤੀਕਾਰੀ ਪਾਰਟੀ ਐਚਐਸ ਰਹੇ ਦਾ ਮੇਨ ਹੈਡ ਕੁਆਰਟਰ ਹੈ ਜਿਸ ਉੱਪਰ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਨਜਾਇਜ਼ ਕਬਜ਼ੇ ਨੂੰ ਤੁਰੰਤ ਛਡਵਾਇਆ ਜਾਵੇ, ਗੁਪਤ ਟਿਕਾਣੇ ਨੂੰ ਲਾਇਬ੍ਰੇਰੀ ਮਿਊਜ਼ਅਮ ਵਿੱਚ ਤਬਦੀਲ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੱਤਾ ’ਚ ਆਉਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦਾ ਨਾਮ ਵਰਤ ਕੇ ਸੱਤਾ ਦੇ ਵਿੱਚ ਤਾਂ ਆ ਗਈ ਪਰ ਭਗਤ ਸਿੰਘ ਤੇ ਉਸਦੇ ਸਾਥੀਆਂ ਦਾ ਰੁਲ ਰਿਹਾ ਗੁਪਤ ਟਿਕਾਣਾ ਬਚਾਉਣ ਵਾਲੇ ਪਾਸੇ ਧਿਆਨ ਨਹੀਂ ਦੇ ਰਹੀ। ਇਸ ਮੌਕੇ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਨ੍ਹਾਂ ਵਿਸ਼ਵਾਸ਼ ਦੁਆਇਆ ਕਿ ਜਲਦ ਹੀ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ ਤਾਂ ਜੋ ਮੰਗਾਂ ਦਾ ਹੱਲ ਹੋ ਸਕੇ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਇਹ ਸਾਰੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤੇ ਨੌਜਵਾਨ ਭਾਰਤ ਸਭਾ ਵੱਲੋਂ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਮਹਾਸਾ ਸਮਾਘ, ਵਿਜੇ ਕੁਮਾਰ, ਗੁਰਤੇਜ ਵੜਿੰਗ ਗੁਰਾਂਦਿੱਤਾ ਝਬੇਲਵਾਲੀ, ਜਸਵੀਰ ਸਿੰਘ ਕਾਲਾ, ਗਗਨਦੀਪ ਸਿੰਘ, ਨਿੰਮਾ ਹਰੀਕੇ, ਸੁਖਵੀਰ ਕੌਰ ਸੋਨੀ, ਮਮਤਾ ਅਜਾਦ ਨੇ ਵੀ ਸੰਬੋਧਨ ਕੀਤਾ।
Leave a Reply