ਕੰਦੋਵਾਲੀਆ ਖੇਤਰ 'ਚ ਗੋਲੀਬਾਰੀ: ਪੁਲਿਸ ਹਿਰਾਸਤ 'ਚੋਂ ਫ਼ਰਾਰ ਹੋਇਆ ਦੋਸ਼ੀ ਮੁਕਾਬਲੇ ਦੌਰਾਨ ਮਾਰਿਆ ਗਿਆ
- ਪੰਜਾਬ
- (Asia/Kolkata)
ਅੰਮ੍ਰਿਤਸਰ ਵਿੱਚ ਇੱਕ ਵੱਡੀ ਕਾਰਵਾਈ ਦੌਰਾਨ ਪੁਲਿਸ ਨੇ ਏ.ਐੱਸ.ਆਈ. (ASI) 'ਤੇ ਗੋਲੀ ਚਲਾਉਣ ਵਾਲੇ ਸ਼ੂਟਰ ਨੂੰ ਇੱਕ ਮੁੱਠਭੇੜ ਦੌਰਾਨ ਢੇਰ ਕਰ ਦਿੱਤਾ ਹੈ। ਪੁਲਿਸ ਅਤੇ ਦੋਸ਼ੀ ਵਿਚਕਾਰ ਹੋਏ ਇਸ ਐਨਕਾਊਂਟਰ ਦੌਰਾਨ ਦੋਵਾਂ ਧਿਰਾਂ ਵੱਲੋਂ ਕਈ ਰਾਊਂਡ ਫਾਇਰਿੰਗ ਕੀਤੀ ਗਈ, ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਹੈ। ਕੰਦੋਵਾਲੀਆ ਖੇਤਰ 'ਚ ਹੋਇਆ ਪੁਲਿਸ ਮੁਕਾਬਲਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਕਰਨਬੀਰ ਸਿੰਘ ਕੁਝ ਦਿਨ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ। ਜਦੋਂ ਉਸ ਦੀ ਭਾਲ ਵਿੱਚ ਜੁਟੀ ਪੁਲਿਸ ਟੀਮ ਨੇ ਉਸ ਨੂੰ ਅੰਮ੍ਰਿਤਸਰ ਦਿਹਾਤੀ ਖੇਤਰ ਦੇ ਕੰਦੋਵਾਲੀਆ ਇਲਾਕੇ ਵਿੱਚ ਘੇਰ ਲਿਆ, ਤਾਂ ਉਸ ਨੇ ਆਤਮਸਮਰਪਣ ਕਰਨ ਦੀ ਬਜਾਏ ਪੁਲਿਸ ਟੀਮ 'ਤੇ ਸਿੱਧੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੱਕ ਪੁਲਿਸ ਅਧਿਕਾਰੀ ਨੂੰ ਗੋਲੀ ਲੱਗ ਗਈ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਦੋਸ਼ੀ ਕਰਨਬੀਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਦੀ ਹਸਪਤਾਲ ਲੈ ਕੇ ਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ। ASI 'ਤੇ ਚਲਾਈ ਸੀ ਗੋਲੀ, ਹਿਰਾਸਤ 'ਚੋਂ ਹੋ ਗਿਆ ਸੀ ਫ਼ਰਾਰ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਦੋਸ਼ੀ ਕਰਨਬੀਰ ਸਿੰਘ ਨੇ ਏ.ਐੱਸ.ਆਈ. ਜਸਵੰਤ ਸਿੰਘ 'ਤੇ ਜਾਨਲੇਵਾ ਹਮਲਾ ਕਰਦਿਆਂ ਗੋਲੀ ਮਾਰ ਦਿੱਤੀ ਸੀ। ਹਾਲਾਂਕਿ, ਏ.ਐੱਸ.ਆਈ. ਵਾਲ-ਵਾਲ ਬਚ ਗਏ ਸਨ ਅਤੇ ਜ਼ਖ਼ਮੀ ਹਾਲਤ ਵਿੱਚ ਵੀ ਖ਼ੁਦ ਮੋਟਰਸਾਈਕਲ ਚਲਾ ਕੇ ਪੁਲਿਸ ਸਟੇਸ਼ਨ ਪਹੁੰਚੇ ਸਨ, ਜਿੱਥੋਂ ਸਾਥੀ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਸੀ। ਇਸ ਵਾਰਦਾਤ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ। ਪਰ ਬੁੱਧਵਾਰ ਰਾਤ ਨੂੰ ਜਦੋਂ ਪੁਲਿਸ ਟੀਮ ਹਥਿਆਰ ਬਰਾਮਦ ਕਰਨ ਲਈ ਉਸ ਨੂੰ ਮਜੀਠਾ ਖੇਤਰ ਵਿੱਚ ਲੈ ਕੇ ਗਈ, ਤਾਂ ਉਹ ਪੁਲਿਸ ਨੂੰ ਚਕਮਾ ਦੇ ਕੇ ਹਿਰਾਸਤ 'ਚੋਂ ਫ਼ਰਾਰ ਹੋ ਗਿਆ ਸੀ। ਉਸ ਦੇ ਫ਼ਰਾਰ ਹੋਣ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਸੀ। ਸ਼ਨੀਵਾਰ ਨੂੰ ਘੇਰਾਬੰਦੀ ਦੌਰਾਨ ਹੋਈ ਜਵਾਬੀ ਫਾਇਰਿੰਗ ਵਿੱਚ ਦੋਸ਼ੀ ਮਾਰਿਆ ਗਿਆ।
Leave a Reply