ਗੈਂਗਸਟਰਾਂ ਵਿਰੁੱਧ ਪੰਜਾਬ ਪੁਲੀਸ ਦਾ ਵੱਡਾ ਐਕਸ਼ਨ: ਹਰ ਮਹੀਨੇ 60 ਅਪਰਾਧੀ ਕਾਬੂ, 2,500 ਤੋਂ ਵੱਧ ਹਥਿਆਰ ਬਰਾਮਦ

ਗੈਂਗਸਟਰਾਂ ਵਿਰੁੱਧ ਪੰਜਾਬ ਪੁਲੀਸ ਦਾ ਵੱਡਾ ਐਕਸ਼ਨ: ਹਰ ਮਹੀਨੇ 60 ਅਪਰਾਧੀ ਕਾਬੂ, 2,500 ਤੋਂ ਵੱਧ ਹਥਿਆਰ ਬਰਾਮਦ

ਪੰਜਾਬ ਵਿੱਚ ਸੰਗਠਿਤ ਅਪਰਾਧ ਅਤੇ ਗੈਂਗਸਟਰ ਨੈੱਟਵਰਕ ਵਿਰੁੱਧ ਪੰਜਾਬ ਪੁਲੀਸ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਵੱਡੀ ਸਫ਼ਲਤਾ ਸਾਹਮਣੇ ਆਈ ਹੈ। ਸੂਬੇ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਔਸਤਨ ਹਰ ਮਹੀਨੇ 60 ਗੈਂਗਸਟਰ ਜਾਂ ਰੋਜ਼ਾਨਾ ਲਗਪਗ ਦੋ ਅਪਰਾਧੀ ਪੁਲੀਸ ਦੀ ਗ੍ਰਿਫ਼ਤ ਵਿੱਚ ਆਏ ਹਨ। 6 ਅਪਰੈਲ 2022 ਨੂੰ ਐਂਟੀ-ਗੈਂਗਸਟਰ ਟਾਸਕ ਫ਼ੋਰਸ (AGTF) ਦੇ ਗਠਨ ਤੋਂ ਲੈ ਕੇ 10 ਨਵੰਬਰ 2026 ਤੱਕ ਸੂਬੇ ਵਿੱਚ ਕੁੱਲ 3,339 ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਅਪਰੈਲ 2022 ਤੋਂ ਹੁਣ ਤੱਕ ਪੁਲੀਸ ਨੇ 3,339 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ, ਜਦਕਿ 41 ਨੂੰ ਵੱਖ-ਵੱਖ ਮੁਕਾਬਲਿਆਂ ਵਿੱਚ ਢੇਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲੀਸ ਟੀਮਾਂ ਨੇ 1,293 ਅਪਰਾਧਿਕ ਮੋਡੀਊਲਾਂ ਦਾ ਪਰਦਾਫਾਸ਼ ਕਰਨ ਵਿੱਚ ਵੀ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡੀਜੀਪੀ ਨੇ ਸਪੱਸ਼ਟ ਕੀਤਾ ਕਿ ਇਹ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਚਲਾਇਆ ਜਾ ਰਿਹਾ ਇੱਕ ਕੇਂਦਰਿਤ ਅਪਰੇਸ਼ਨ ਹੈ, ਕਿਉਂਕਿ ਇਹਨਾਂ ਅਪਰਾਧੀਆਂ ਨੂੰ ਪਾਕਿਸਤਾਨ ਦੀ ISI ਅਤੇ ਕੈਨੇਡਾ ਸਮੇਤ ਹੋਰ ਵਿਦੇਸ਼ੀ ਧਰਤੀ 'ਤੇ ਬੈਠੇ ਭਾਰਤ-ਵਿਰੋਧੀ ਅਨਸਰਾਂ ਵੱਲੋਂ ਸ਼ਹਿ ਦਿੱਤੀ ਜਾ ਰਹੀ ਹੈ। ਹਥਿਆਰਾਂ ਦੀ ਬਰਾਮਦਗੀ ਅਤੇ AGTF ਦਾ ਯੋਗਦਾਨ ਅਪਰਾਧੀਆਂ ਵਿਰੁੱਧ ਕੀਤੀ ਗਈ ਇਸ ਵਿਆਪਕ ਕਾਰਵਾਈ ਦੌਰਾਨ ਪੁਲੀਸ ਨੇ 2,525 ਅਪਰਾਧਿਕ ਹਥਿਆਰ ਅਤੇ 755 ਵਾਹਨ ਵੀ ਜ਼ਬਤ ਕੀਤੇ ਹਨ। ਇਸ ਮੁਹਿੰਮ ਵਿੱਚ ਏਜੀਟੀਐੱਫ (AGTF) ਦੀ ਆਪਣੀ ਕਾਰਗੁਜ਼ਾਰੀ ਦੌਰਾਨ 503 ਗ੍ਰਿਫ਼ਤਾਰੀਆਂ, 10 ਅਪਰਾਧੀਆਂ ਨੂੰ ਢੇਰ ਕਰਨਾ, 196 ਮੋਡੀਊਲ ਭੰਗ ਕਰਨਾ, 421 ਹਥਿਆਰ ਅਤੇ 121 ਵਾਹਨ ਬਰਾਮਦ ਕਰਨਾ ਸ਼ਾਮਲ ਹੈ। ਬਾਕੀ ਦੀ ਕਾਰਵਾਈ ਫੀਲਡ ਯੂਨਿਟਾਂ ਵੱਲੋਂ ਅੰਜਾਮ ਦਿੱਤੀ ਗਈ ਹੈ, ਜਿਨ੍ਹਾਂ ਵਿੱਚ 2,836 ਗ੍ਰਿਫ਼ਤਾਰੀਆਂ, 31 ਗੈਂਗਸਟਰ ਢੇਰ, 1,097 ਮੋਡੀਊਲ ਭੰਗ, 2,104 ਹਥਿਆਰ ਅਤੇ 634 ਵਾਹਨ ਸ਼ਾਮਲ ਹਨ। ਵਿਦੇਸ਼ਾਂ 'ਚੋਂ 17 ਗੈਂਗਸਟਰਾਂ ਦੀ ਵਾਪਸੀ ਪੰਜਾਬ ਪੁਲੀਸ ਦੀ ਅੰਤਰਰਾਸ਼ਟਰੀ ਚੌਕਸੀ ਕਾਰਨ ਹੁਣ ਤੱਕ ਵਿਦੇਸ਼ਾਂ ਵਿੱਚ ਬੈਠੇ 17 ਨਾਮੀ ਗੈਂਗਸਟਰਾਂ ਨੂੰ ਡਿਪੋਰਟ (ਦੇਸ਼ ਨਿਕਾਲਾ) ਜਾਂ ਪ੍ਰਤਿਅਰਪਣ (Extradited) ਕਰਵਾ ਕੇ ਭਾਰਤ ਲਿਆਂਦਾ ਗਿਆ ਹੈ। ਇਹਨਾਂ ਵਿੱਚ ਯੂਏਈ (UAE) ਤੋਂ ਵਿੱਕੀ ਬਰਾੜ, ਅਮਰੀਕਾ (USA) ਤੋਂ ਅਨਮੋਲ ਬਿਸ਼ਨੋਈ, ਅਜ਼ਰਬਾਈਜਾਨ ਤੋਂ ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ, ਇੰਡੋਨੇਸ਼ੀਆ ਤੋਂ ਜੋਬਨ ਬਿੱਲਾ ਅਤੇ ਮਲੇਸ਼ੀਆ ਤੋਂ ਜੱਸਾ ਬਹਿਬਲ ਸ਼ਾਮਲ ਹਨ। ਹਾਲ ਹੀ ਵਿੱਚ 8 ਨਵੰਬਰ 2026 ਨੂੰ ਐੱਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ AGTF ਟੀਮ ਵੱਲੋਂ ਈਥੋਪੀਆ ਤੋਂ ਲਿਆਂਦਾ ਗਿਆ ਗੁਰਵਿੰਦਰ ਸਿੰਘ ਉਰਫ਼ ਅਫ਼ਰੀਦੀ ਅਫ਼ਰੀਕੀ ਮਹਾਦੀਪ ਤੋਂ ਪਹਿਲਾ ਅਜਿਹਾ ਮਾਮਲਾ ਹੈ। ਇਸ ਤੋਂ ਇਲਾਵਾ ਕੈਨੇਡਾ, ਫਿਲੀਪੀਨਜ਼, ਹਾਂਗਕਾਂਗ, ਅਰਮੀਨੀਆ, ਮੋਲਦੋਵਾ ਅਤੇ ਮੱਧ ਏਸ਼ੀਆ ਤੋਂ ਵੀ ਅਪਰਾਧੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਪੁਲੀਸ ਨੇ NCB-ਇੰਡੀਆ ਰਾਹੀਂ 49 ਰੈੱਡ ਕਾਰਨਰ ਨੋਟਿਸ ਅਤੇ 9 ਬਲੂ ਕਾਰਨਰ ਨੋਟਿਸ ਜਾਰੀ ਕਰਵਾਏ ਹਨ। ਇਨਾਮੀ ਸੂਚੀ ਅਤੇ ਸਰਗਰਮ ਗਿਰੋਹ ਪੰਜਾਬ ਪੁਲੀਸ ਵੱਲੋਂ 28 ਲੋੜੀਂਦੇ ਅਪਰਾਧੀਆਂ ਦੀ ਪਹਿਲੀ ਇਨਾਮੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ 9 ਅਪਰਾਧੀਆਂ 'ਤੇ 10-10 ਲੱਖ ਰੁਪਏ ਅਤੇ 19 'ਤੇ 5-5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਹਨਾਂ 28 ਵਿੱਚੋਂ 6 ਅਪਰਾਧੀਆਂ (ਜਿਵੇਂ ਕਿ ਜੋਬਨ ਬਿੱਲਾ, ਆਦਿਤਿਆ ਕਪੂਰ ਉਰਫ਼ ਮੱਖਣ, ਸ਼ਕਤੀ ਕੁਮਾਰ, ਜਸਕਰਨ ਸਿੰਘ ਉਰਫ਼ ਕੱਟਾ, ਰਾਜਿੰਦਰ ਸਿੰਘ ਉਰਫ਼ ਬਿੱਲਾ ਅਤੇ ਅਫ਼ਰੀਦੀ) ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਹਾਲਾਂਕਿ, 10 ਲੱਖ ਦੀ ਸ਼੍ਰੇਣੀ ਵਾਲੇ ਗੋਲਡੀ ਬਰਾੜ, ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ, ਹਰਵਿੰਦਰ ਸਿੰਘ ਉਰਫ਼ ਰਿੰਦਾ, ਸਤਬੀਰ ਸਿੰਘ ਉਰਫ਼ ਸੱਤਾ ਨੌਸ਼ਹਿਰਾ, ਬਲਵਿੰਦਰ ਸਿੰਘ ਉਰਫ਼ ਡੋਨੀ ਬਲ, ਪ੍ਰਭਦੀਪ ਸਿੰਘ ਉਰਫ਼ ਪ੍ਰਭ ਦਾਸੂਵਾਲ, ਗੌਰਵ ਪਟਿਆਲ ਉਰਫ਼ ਲੱਕੀ ਪਟਿਆਲ, ਸਰਵਣ ਸਿੰਘ ਉਰਫ਼ ਜੀਵਨ ਫ਼ੌਜੀ ਅਤੇ ਰੋਹਿਤ ਗੋਦਾਰਾ ਵਰਗੇ ਮੁੱਖ ਨਾਮ ਅਜੇ ਵੀ ਪੁਲੀਸ ਦੀ ਰਡਾਰ 'ਤੇ ਹਨ। ਸੂਬੇ ਵਿੱਚ ਇਸ ਵੇਲੇ 9 ਮੁੱਖ ਗਰੋਹ ਸਰਗਰਮ ਹਨ, ਜਿਨ੍ਹਾਂ ਦਾ ਸੰਚਾਲਨ ਜ਼ਿਆਦਾਤਰ ਵਿਦੇਸ਼ਾਂ ਤੋਂ ਹੋ ਰਿਹਾ ਹੈ। ਇਹਨਾਂ ਵਿੱਚ ਬੰਬੀਹਾ, ਗੋਪੀ ਘਨਸ਼ਾਮਪੁਰੀਆ, ਜੱਗੂ ਭਗਵਾਨਪੁਰੀਆ, ਹੈਰੀ ਚੱਠਾ, ਰਿੰਦਾ, ਲਾਰੈਂਸ ਬਿਸ਼ਨੋਈ-ਆਰਜ਼ੂ ਬਿਸ਼ਨੋਈ ਅਤੇ ਗੋਲਡੀ ਬਰਾੜ-ਰੋਹਿਤ ਗੋਦਾਰਾ ਗਰੋਹ ਸ਼ਾਮਲ ਹਨ। ਹੈਲਪਲਾਈਨ ਅਤੇ ਰੋਕੂ ਕਾਰਵਾਈ ਆਮ ਜਨਤਾ ਦੇ ਸਹਿਯੋਗ ਲਈ ਏਜੀਟੀਐੱਫ ਵੱਲੋਂ ਸ਼ੁਰੂ ਕੀਤੀ ਵਟਸਐਪ ਹੈਲਪਲਾਈਨ (93946-93946) 'ਤੇ ਹੁਣ ਤੱਕ 1,028 ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ 823 (80 ਫ਼ੀਸਦੀ) ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਹਨਾਂ ਸ਼ਿਕਾਇਤਾਂ ਦੇ ਆਧਾਰ 'ਤੇ 97 ਐੱਫਆਈਆਰਜ਼ (FIRs) ਦਰਜ ਕਰਕੇ 12 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਪੁਲੀਸ ਨੇ 24 ਵਿਅਕਤੀਆਂ ਨੂੰ ਰੋਕੂ ਹਿਰਾਸਤ (Preventive Detention) ਵਿੱਚ ਲਿਆ ਹੈ ਅਤੇ 119 ਲੋਕਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪੁਲੀਸ ਅਨੁਸਾਰ ਸੂਚਨਾ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖ ਕੇ ਨਕਦ ਇਨਾਮ ਦਿੱਤਾ ਜਾਂਦਾ ਹੈ।