ਲੁਧਿਆਣਾ ਵਿੱਚ ਨਿਹੰਗ ਸਿੰਘਾਂ ਦਾ ਡੀਸੀ ਦਫ਼ਤਰ ਬਾਹਰ ਚੱਕਾ ਜਾਮ, ਫਿਰੋਜ਼ਪੁਰ ਰੋਡ 'ਤੇ ਆਵਾਜਾਈ ਠੱਪ

ਲੁਧਿਆਣਾ ਵਿੱਚ ਨਿਹੰਗ ਸਿੰਘਾਂ ਦਾ ਡੀਸੀ ਦਫ਼ਤਰ ਬਾਹਰ ਚੱਕਾ ਜਾਮ, ਫਿਰੋਜ਼ਪੁਰ ਰੋਡ 'ਤੇ ਆਵਾਜਾਈ ਠੱਪ

ਤਿੰਨ ਸਾਲ ਪਹਿਲਾਂ ਲਲਤੋਂ ਇਲਾਕੇ ਵਿੱਚ ਹੋਏ ਨਿਹੰਗ ਸਿੰਘ ਫ਼ਤਹਿਵੀਰ ਸਿੰਘ ਦੇ ਕਤਲ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਨਿਹੰਗ ਸਿੰਘਾਂ ਨੇ ਸੋਮਵਾਰ ਨੂੰ ਡਿਪਟੀ ਕਮਿਸ਼ਨਰ (ਡੀਸੀ) ਦਫ਼ਤਰ ਦੇ ਬਾਹਰ ਫਿਰੋਜ਼ਪੁਰ ਰੋਡ ਨੂੰ ਦੋਵਾਂ ਪਾਸਿਆਂ ਤੋਂ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਸਵੇਰੇ ਕਰੀਬ 10 ਵਜੇ ਤੋਂ ਮੁੱਖ ਸੜਕ ਦੇ ਵਿਚਕਾਰ ਦਰੀਆਂ ਵਿਛਾ ਕੇ ਧਰਨਾ ਸ਼ੁਰੂ ਕਰ ਦਿੱਤਾ। ਚੱਕਾ ਜਾਮ ਕਾਰਨ ਫਿਰੋਜ਼ਪੁਰ ਰੋਡ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਇਸ ਕਾਰਨ ਆਮ ਲੋਕਾਂ, ਯਾਤਰੀਆਂ ਅਤੇ ਜ਼ਿਲ੍ਹਾ ਕਚਿਹਰੀ ਅਤੇ ਪੁਲੀਸ ਕਮਿਸ਼ਨਰ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਕੇ 'ਤੇ ਪੁਲੀਸ ਦੇ ਸੀਨੀਅਰ ਅਧਿਕਾਰੀ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਸਥਿਤੀ ਨੂੰ ਸਧਾਰਨ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ। ਧਰਨੇ 'ਤੇ ਬੈਠੇ ਨਿਹੰਗ ਸਿੰਘਾਂ ਨੇ ਪੁਲੀਸ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਦੋਸ਼ ਲਾਇਆ ਕਿ ਕਰੀਬ ਤਿੰਨ ਸਾਲ ਪਹਿਲਾਂ ਨਿਹੰਗ ਫ਼ਤਹਿਵੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ, ਪਰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਪੁਲੀਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਦੋਸ਼ੀ ਅਜੇ ਵੀ ਖੁੱਲ੍ਹੇਆਮ ਘੁੰਮ ਰਹੇ ਹਨ। ਪ੍ਰਦਰਸ਼ਨਕਾਰੀਆਂ ਦੇ ਆਗੂਆਂ ਨੇ ਦੱਸਿਆ ਕਿ ਉਹ ਇਨਸਾਫ਼ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਦੇ ਆ ਰਹੇ ਹਨ, ਪਰ ਹਰ ਵਾਰ ਉਨ੍ਹਾਂ ਨੂੰ ਸਿਰਫ਼ ਭਰੋਸੇ ਹੀ ਮਿਲੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਕਾਰਨ ਮਜਬੂਰਨ ਉਨ੍ਹਾਂ ਨੂੰ ਸੜਕ 'ਤੇ ਉਤਰ ਕੇ ਚੱਕਾ ਜਾਮ ਕਰਨਾ ਪਿਆ। ਨਿਹੰਗ ਸਿੰਘਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਠੋਸ ਕਾਰਵਾਈ ਦਾ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ ਅਤੇ ਫ਼ਤਹਿਵੀਰ ਸਿੰਘ ਦੇ ਕਥਿਤ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਧਰਨਾ ਅਤੇ ਚੱਕਾ ਜਾਮ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।