ਭਾਰਤ ਵਿੱਚ ਪਹਿਲੀ ਵਾਰ ਖੇਡੀ ਜਾ ਸਕਦੀ ਹੈ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ, ਚੇਨਈ ਬਣ ਸਕਦਾ ਹੈ ਮੇਜ਼ਬਾਨ

ਭਾਰਤ ਵਿੱਚ ਪਹਿਲੀ ਵਾਰ ਖੇਡੀ ਜਾ ਸਕਦੀ ਹੈ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ, ਚੇਨਈ ਬਣ ਸਕਦਾ ਹੈ ਮੇਜ਼ਬਾਨ

ਆਸਟ੍ਰੇਲੀਆ ਦੀ ਮਸ਼ਹੂਰ ਬਿਗ ਬੈਸ਼ ਲੀਗ (BBL) ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਦੇ ਮੁਕਾਬਲੇ ਭਾਰਤ ਵਿੱਚ ਕਰਵਾਏ ਜਾਣ ਦੀ ਯੋਜਨਾ ਬਣਾਈ ਗਈ ਹੈ। ਪ੍ਰਸਤਾਵ ਅਨੁਸਾਰ, ਆਉਣ ਵਾਲੇ ਸੀਜ਼ਨ ਦਾ ਉਦਘਾਟਨੀ ਮੈਚ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ (ਚੇਪੌਕ) ਵਿੱਚ ਖੇਡਿਆ ਜਾ ਸਕਦਾ ਹੈ। ਇਸ ਸਬੰਧੀ ਅਧਿਕਾਰਤ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿਡਨੀ ਦੌਰੇ ਦੌਰਾਨ ਕੀਤੇ ਜਾਣ ਦੀ ਉਮੀਦ ਹੈ। ਜੇਕਰ ਇਸ ਯੋਜਨਾ ਨੂੰ ਅੰਤਿਮ ਰੂਪ ਮਿਲਦਾ ਹੈ ਤਾਂ ਸੀਜ਼ਨ ਦਾ ਪਹਿਲਾ ਮੈਚ 12 ਦਸੰਬਰ ਨੂੰ ਚੇਨਈ ਵਿੱਚ ਖੇਡਿਆ ਜਾਵੇਗਾ। ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਦੌਰੇ 'ਤੇ ਹਨ। ਆਸਟ੍ਰੇਲੀਅਨ ਮੀਡੀਆ ਰਿਪੋਰਟਾਂ ਅਨੁਸਾਰ, ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ ਮੈਲਬੌਰਨ ਰੇਨੇਗੇਡਜ਼ ਅਤੇ ਪਰਥ ਸਕੋਰਚਰਜ਼ ਵਿਚਾਲੇ ਮੁਕਾਬਲਾ ਕਰਵਾਉਣ ਦੀ ਯੋਜਨਾ ਹੈ। ਇਹ ਪ੍ਰਸਤਾਵ ਕ੍ਰਿਕਟ ਆਸਟ੍ਰੇਲੀਆ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦਰਮਿਆਨ ਹੋਣ ਵਾਲੇ ਅੰਤਿਮ ਸਮਝੌਤੇ 'ਤੇ ਨਿਰਭਰ ਕਰੇਗਾ। ਜੇਕਰ ਇਹ ਮੈਚ ਕਰਵਾਇਆ ਜਾਂਦਾ ਹੈ ਤਾਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਆਸਟ੍ਰੇਲੀਆ ਦੀ ਕਿਸੇ ਘਰੇਲੂ ਕ੍ਰਿਕਟ ਲੀਗ ਦਾ ਮੁਕਾਬਲਾ ਭਾਰਤੀ ਧਰਤੀ 'ਤੇ ਖੇਡਿਆ ਜਾਵੇਗਾ, ਜਿਸ ਨੂੰ ਕ੍ਰਿਕਟ ਜਗਤ ਵਿੱਚ ਇੱਕ ਅਹਿਮ ਮੀਲ ਪੱਥਰ ਵਜੋਂ ਦੇਖਿਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਇਸ ਪ੍ਰੋਜੈਕਟ 'ਤੇ ਕਈ ਮਹੀਨਿਆਂ ਤੋਂ ਕੰਮ ਚੱਲ ਰਿਹਾ ਹੈ। ਫਰਵਰੀ ਮਹੀਨੇ ਵਿੱਚ ਸੀਨੀਅਰ ਅਧਿਕਾਰੀ ਫਿਲ ਰਿਗਬੀ ਅਤੇ ਮਾਰਗੋਟ ਹਾਰਲੇ ਨੇ ਚੇਨਈ ਦਾ ਦੌਰਾ ਕਰਕੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਸੀ। ਇਸ ਤੋਂ ਬਾਅਦ ਕ੍ਰਿਕਟ ਆਸਟ੍ਰੇਲੀਆ ਦੇ ਪੰਜ ਮੈਂਬਰੀ ਵਫ਼ਦ ਨੇ ਐਮ.ਏ. ਚਿਦੰਬਰਮ ਸਟੇਡੀਅਮ ਦੀਆਂ ਸਹੂਲਤਾਂ ਦਾ ਨਿਰੀਖਣ ਕੀਤਾ ਅਤੇ BCCI ਦੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ BCCI ਅਤੇ ਤਾਮਿਲਨਾਡੂ ਕ੍ਰਿਕਟ ਐਸੋਸੀਏਸ਼ਨ ਨੇ ਇਸ ਪ੍ਰਸਤਾਵ ਨੂੰ ਸਕਾਰਾਤਮਕ ਹੁੰਗਾਰਾ ਦਿੱਤਾ ਹੈ, ਜਿਸ ਨਾਲ ਕ੍ਰਿਕਟ ਆਸਟ੍ਰੇਲੀਆ ਨੂੰ ਇਸ ਯੋਜਨਾ ਨੂੰ ਅੱਗੇ ਵਧਾਉਣ ਦਾ ਭਰੋਸਾ ਮਿਲਿਆ ਹੈ।