ਪਟਾਕਿਆਂ ਦੀ ਦੁਕਾਨ ਵਿੱਚ ਜ਼ਬਰਦਸਤ ਧਮਾਕੇ ਮਗਰੋਂ ਲੱਗੀ ਭਿਆਨਕ ਅੱਗ, ਜਾਂਚ ਸ਼ੁਰੂ

ਪਟਾਕਿਆਂ ਦੀ ਦੁਕਾਨ ਵਿੱਚ ਜ਼ਬਰਦਸਤ ਧਮਾਕੇ ਮਗਰੋਂ ਲੱਗੀ ਭਿਆਨਕ ਅੱਗ, ਜਾਂਚ ਸ਼ੁਰੂ

ਸੰਗਰੂਰ ਦੀ ਸਬਜ਼ੀ ਮੰਡੀ ਵਿੱਚ ਬੀਤੀ ਰਾਤ ਇੱਕ ਪਟਾਕਿਆਂ ਦੀ ਦੁਕਾਨ ਵਿੱਚ ਭਿਆਨਕ ਧਮਾਕਾ ਹੋ ਗਿਆ, ਜਿਸ ਕਾਰਨ ਦੁਕਾਨ ਦੀ ਛੱਤ ਉੱਡ ਗਈ। ਧਮਾਕੇ ਤੋਂ ਬਾਅਦ ਲੱਗੀ ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰ ਲਿਆ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਕਈ ਘੰਟਿਆਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਸਥਾਨਕ ਲੋਕਾਂ ਅਤੇ ਦੁਕਾਨ ਦੇ ਮਾਲਿਕ ਦਾ ਦਾਅਵਾ ਹੈ ਕਿ ਘਟਨਾ ਵੇਲੇ ਦੁਕਾਨ ਵਿੱਚ ਕੋਈ ਪਟਾਕੇ ਮੌਜੂਦ ਨਹੀਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਧਮਾਕਾ ਅਤੇ ਅੱਗ ਬਿਜਲੀ ਦੇ ਖੰਭਿਆਂ ਵਿੱਚ ਹੋਈ ਸਪਾਰਕਿੰਗ ਕਾਰਨ ਲੱਗੀ। ਦੁਕਾਨ ਮਾਲਿਕ ਅਤੇ ਇਲਾਕਾ ਵਾਸੀਆਂ ਨੇ ਨਗਰ ਕੌਂਸਲ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨੇੜੇ ਪਏ ਕੂੜੇ ਦੇ ਡੰਪ ਕਾਰਨ ਪਹਿਲਾਂ ਵੀ ਦੁਕਾਨ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਬੀਤੀ ਰਾਤ ਨਗਰ ਕੌਂਸਲ ਦੀ ਇੱਕ ਗੱਡੀ ਦੁਕਾਨ ਨਾਲ ਟਕਰਾਈ, ਜਿਸ ਤੋਂ ਬਾਅਦ ਬਿਜਲੀ ਦੇ ਖੰਭਿਆਂ ਵਿੱਚ ਸਪਾਰਕਿੰਗ ਹੋਈ ਅਤੇ ਅੱਗ ਲੱਗ ਗਈ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ, ਜਿਸ ਕਾਰਨ ਉਨ੍ਹਾਂ ਦਾ ਪੱਖ ਸਾਹਮਣੇ ਨਹੀਂ ਆ ਸਕਿਆ। ਅਧਿਕਾਰੀਆਂ ਦਾ ਪੱਖ ਆਉਣ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ। ਫਿਲਹਾਲ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਧਮਾਕੇ ਤੇ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ।