ਡਾ. ਹਰਜੀਤ ਕੌਰ ਨੇ ਮਹਿਲਾ ਸਸ਼ਕਤੀਕਰਨ ਮੈਰਾਥਨ 'ਚ ਹਾਸਲ ਕੀਤਾ ਦੂਜਾ ਸਥਾਨ ਅਕਾਲ ਅਕੈਡਮੀ ਦਾ ਨਾਮ ਕੀਤਾ ਰੌਸ਼ਨ
- ਪੰਜਾਬ
- (Asia/Kolkata)
ਮਸਤੂਆਣਾ ਸਾਹਿਬ, (ਜਗਸੀਰ ਸਿੰਘ)- ਮਹਿਲਾਵਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ, ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਸਮਾਜ ਵਿੱਚ ਭਾਗੀਦਾਰੀ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਬਠਿੰਡਾ ਦੇ ਹਲਕਾ ਮੌੜ ਮੰਡੀ ਵਿਖੇ ਪੰਜਾਬ ਦੀ ਪਹਿਲੀ ਵਿਸ਼ੇਸ਼ 'ਮਹਿਲਾ ਸਸ਼ਕਤੀਕਰਨ ਮੈਰਾਥਨ' ਦਾ ਆਯੋਜਨ ਕੀਤਾ ਗਿਆ। ਪੰਜਾਬ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਅਤੇ ਸੀਨੀਅਰ ਵਾਈਸ ਚੇਅਰਪਰਸਨ ਸ੍ਰੀਮਤੀ ਰਪਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਕਰਵਾਈ ਗਈ ਇਸ ਮੈਰਾਥਨ ਵਿੱਚ ਸੰਤ ਅਤਰ ਸਿੰਘ ਅਕਾਲ ਅਕੈਡਮੀ, ਮਸਤੂਆਣਾ ਸਾਹਿਬ ਦੀ ਪੰਜਾਬੀ ਲੈਕਚਰਾਰ ਡਾ. ਹਰਜੀਤ ਕੌਰ ਨੇ 40 ਪਲੱਸ ਉਮਰ ਵਰਗ ਵਿੱਚ ਆਪਣੀ ਦ੍ਰਿੜ੍ਹ ਇੱਛਾ-ਸ਼ਕਤੀ ਅਤੇ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ। ਇਸ ਮੈਰਾਥਨ ਵਿੱਚ 12 ਤੋਂ 60 ਸਾਲ ਤੱਕ ਦੀਆਂ ਬੱਚੀਆਂ ਅਤੇ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਪਹੁੰਚੀਆਂ ਮਹਿਲਾਵਾਂ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਕਿਸੇ ਵੀ ਖੇਤਰ ਵਿੱਚ ਪੁਰਸ਼ਾਂ ਤੋਂ ਪਿੱਛੇ ਨਹੀਂ ਹਨ। ਡਾ. ਹਰਜੀਤ ਕੌਰ ਦੀ ਇਸ ਮਾਣਮੱਤੀ ਉਪਲਬਧੀ 'ਤੇ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੇ ਸਕੱਤਰ ਸਰਦਾਰ ਜਸਵੰਤ ਸਿੰਘ ਖਹਿਰਾ, ਅਕੈਡਮੀ ਦੇ ਪ੍ਰਿੰਸੀਪਲ ਸ੍ਰੀ ਵਿਜੇ ਪਲਾਹਾ ਅਤੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਮੁਬਾਰਕਬਾਦ ਦਿੱਤੀ ਗਈ। ਸ. ਜਸਵੰਤ ਸਿੰਘ ਖਹਿਰਾ ਅਤੇ ਪ੍ਰਿੰਸੀਪਲ ਵਿਜੇ ਪਲਾਹਾ ਨੇ ਕਿਹਾ ਕਿ ਡਾ. ਹਰਜੀਤ ਕੌਰ ਦੀ ਇਹ ਜਿੱਤ ਮੱਧ ਉਮਰ ਦੀਆਂ ਮਹਿਲਾਵਾਂ ਲਈ ਇੱਕ ਪ੍ਰੇਰਨਾਦਾਇਕ ਉਦਾਹਰਨ ਹੈ। ਜੇਕਰ ਮਨ ਵਿੱਚ ਜਜ਼ਬਾ ਹੋਵੇ ਤਾਂ ਉਮਰ ਕਿਸੇ ਵੀ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਦੀ। ਡਾ. ਹਰਜੀਤ ਕੌਰ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਨਿਯਮਿਤ ਕਸਰਤ, ਸਕਾਰਾਤਮਕ ਸੋਚ ਅਤੇ ਅਦਾਰੇ ਦੇ ਸਹਿਯੋਗ ਨੂੰ ਦਿੰਦਿਆਂ ਹੋਰਨਾਂ ਔਰਤਾਂ ਨੂੰ ਵੀ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਦਾ ਸੰਦੇਸ਼ ਦਿੱਤਾ।
Leave a Reply