ਆਸ਼ਿਆਨਾ ਬਿਰਧ ਆਸ਼ਰਮ ਵਿਖੇ ‘ਸਾਡੇ ਬਜ਼ੁਰਗ ਸਾਡਾ ਮਾਣ’ ਪ੍ਰੋਗਰਾਮ ਕਰਵਾਇਆ

ਆਸ਼ਿਆਨਾ ਬਿਰਧ ਆਸ਼ਰਮ ਵਿਖੇ ‘ਸਾਡੇ ਬਜ਼ੁਰਗ ਸਾਡਾ ਮਾਣ’ ਪ੍ਰੋਗਰਾਮ ਕਰਵਾਇਆ

ਸਰਕਾਰੀ ਸਕੂਲ ਦੇ ਬੱਚਿਆਂ ਨੇ ਬਜ਼ੁਰਗਾਂ ਨਾਲ ਕੀਤੀ ਗੱਲਬਾਤ ਸਿਹਤ ਵਿਭਾਗ ਵੱਲੋਂ ਕੀਤਾ ਗਿਆ ਮੈਡੀਕਲ ਚੈੱਕਅੱਪ (ਜਗਸੀਰ ਸਿੰਘ)- ਆਸ਼ਿਆਨਾ ਬਿਰਧ ਆਸ਼ਰਮ, ਮਲੇਰਕੋਟਲਾ ਵਿਖੇ ਲਾਈਫ ਲਾਈਨ ਟਰੱਸਟ ਵੱਲੋਂ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਸਾਡੇ ਬਜ਼ੁਰਗ ਸਾਡਾ ਮਾਣ’ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਆਸ਼ਿਆਨਾ ਬਿਰਧ ਆਸ਼ਰਮ ਵਿੱਚ ਰਹਿ ਰਹੇ ਸਾਰੇ ਬਜ਼ੁਰਗਾਂ ਦਾ ਸਿਹਤ ਵਿਭਾਗ ਵੱਲੋਂ ਮੈਡੀਕਲ ਚੈੱਕਅੱਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਭੇਟ ਕੀਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਬਿਰਧ ਆਸ਼ਰਮ ਦੇ ਸੁਪਰਡੈਂਟ ਹਰਬਾਗ ਸਿੰਘ ਮਨਵੀ ਨੇ ਦੱਸਿਆ ਕਿ ਸਾਡੇ ਸਤਿਕਾਰਯੋਗ ਡੀ.ਐੱਸ.ਐੱਸ.ਓ. ਮੈਡਮ ਲਵਲੀਨ ਕੌਰ ਵੱਲੋਂ ਸਮੇਂ-ਸਮੇਂ ’ਤੇ ਬਜ਼ੁਰਗਾਂ ਲਈ ਇਸ ਤਰ੍ਹਾਂ ਦੇ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਉਹ ਬਜ਼ੁਰਗ ਰਹਿੰਦੇ ਹਨ, ਜਿਹੜੇ ਆਪਣੀ ਨਿੱਤ ਦੀ ਕਿਰਿਆ ਵੀ ਖੁਦ ਨਹੀਂ ਕਰ ਸਕਦੇ। ਲਾਈਫ ਲਾਈਨ ਟਰੱਸਟ ਦੇ ਚੇਅਰਮੈਨ ਅਤੇ ਸਮੂਹ ਮੈਂਬਰਾਂ ਅਤੇ ਸਟਾਫ਼ ਦੇ ਸਾਂਝੇ ਯਤਨਾਂ ਸਦਕਾ ਇਨ੍ਹਾਂ ਬਜ਼ੁਰਗਾਂ ਦੀ ਸੇਵਾ-ਸੰਭਾਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਆਯੋਜਿਤ ‘ਸਾਡੇ ਬਜ਼ੁਰਗ ਸਾਡਾ ਮਾਣ’ ਪ੍ਰੋਗਰਾਮ ਤਹਿਤ ਸਰਕਾਰੀ ਸਕੂਲ ਮਲੇਰਕੋਟਲਾ ਦੇ ਬੱਚਿਆਂ ਨੇ ਵੀ ਭਾਗ ਲਿਆ। ਬੱਚਿਆਂ ਨੇ ਇੱਥੇ ਪਹੁੰਚ ਕੇ ਬਜ਼ੁਰਗਾਂ ਨਾਲ ਬੈਠ ਕੇ ਗੱਲਾਂ-ਬਾਤਾਂ ਕੀਤੀਆਂ ਅਤੇ ਉਨ੍ਹਾਂ ਤੋਂ ਜ਼ਿੰਦਗੀ ਦੇ ਬਹੁਤ ਸਾਰੇ ਫ਼ਲਸਫ਼ੇ ਅਤੇ ਤਜਰਬੇ ਗ੍ਰਹਿਣ ਕੀਤੇ। ਇਸ ਮੌਕੇ ਵੈਦ ਮੋਹਨ ਲਾਲ ਧਮਾਨ, ਪੱਪੂ ਪ੍ਰਧਾਨ, ਚੇਅਰਮੈਨ ਡਾ. ਅਵਿਨਾਸ਼ ਰਾਣਾ, ਰਜੇਸ਼ ਕੁਮਾਰੀ (ਲਾਈਫ ਲਾਈਨ ਟਰੱਸਟ), ਸਤਨਾਮ ਸਿੰਘ, ਹੁਸ਼ਿਆਰ ਸਿੰਘ, ਸੁਨੀਤਾ ਰਾਣੀ, ਗੁਰਜੀਤ ਕੌਰ, ਗੁਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਅਤੇ ਬਜ਼ੁਰਗ ਮੌਜੂਦ ਸਨ।