ਪ੍ਰਧਾਨ ਬਣਨ ਤੋਂ ਬਾਅਦ ਐਕਸ਼ਨ ਮੋਡ 'ਚ ਪਰਗਟ ਸਿੰਘ: ਅੱਜ ਦਿੱਲੀ 'ਚ ਹਾਈਕਮਾਂਡ ਨਾਲ ਅਹਿਮ ਬੈਠਕ
- ਪੰਜਾਬ
- (Asia/Kolkata)
ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਪਰਗਟ ਸਿੰਘ ਅੱਜ ਰਾਜਧਾਨੀ ਦਿੱਲੀ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਅਹਿਮ ਮੁਲਾਕਾਤ ਕਰਨਗੇ। ਪ੍ਰਧਾਨ ਵਜੋਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਪਰਗਟ ਸਿੰਘ ਲਗਾਤਾਰ ਦਿੱਲੀ ਵਿੱਚ ਹੀ ਮੌਜੂਦ ਹਨ ਅਤੇ ਇਸ ਦੌਰਾਨ ਉਹ ਪੰਜਾਬ ਨਾਲ ਸਬੰਧਤ ਹਰ ਛੋਟੇ-ਵੱਡੇ ਕਾਂਗਰਸੀ ਆਗੂ ਨਾਲ ਲਗਾਤਾਰ ਰਾਬਤਾ ਕਾਇਮ ਕਰ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਦਿੱਲੀ ਦੌਰੇ ਦੌਰਾਨ ਬੀਤੇ ਦਿਨ ਪਰਗਟ ਸਿੰਘ ਨੇ ਭਾਰਤ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨਾਲ ਵੀ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ। ਦਿੱਲੀ ਦੇ ਮਹੱਤਵਪੂਰਨ ਦੌਰੇ ਅਤੇ ਹਾਈਕਮਾਂਡ ਨਾਲ ਬੈਠਕਾਂ ਕਰਨ ਤੋਂ ਬਾਅਦ ਪਰਗਟ ਸਿੰਘ 6 ਅਕਤੂਬਰ ਨੂੰ ਪੰਜਾਬ ਵਾਪਸ ਪਰਤਣਗੇ। ਪੰਜਾਬ ਆਉਣ ਤੋਂ ਬਾਅਦ ਉਹ ਚੰਡੀਗੜ੍ਹ ਵਿੱਚ ਸੂਬਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਉੱਚ-ਪੱਧਰੀ ਮੀਟਿੰਗ ਕਰਨਗੇ। ਇਸ ਮੀਟਿੰਗ ਦਾ ਮੁੱਖ ਮਕਸਦ ਪਾਰਟੀ ਦੇ ਅੰਦਰੂਨੀ ਮਤਭੇਦਾਂ ਅਤੇ ਧੜੇਬਾਜ਼ੀ ਨੂੰ ਖ਼ਤਮ ਕਰਨਾ ਹੈ, ਤਾਂ ਜੋ ਆਗਾਮੀ ਚੋਣਾਂ ਦੀ ਲੜਾਈ ਲਈ ਪਾਰਟੀ ਨੂੰ ਪੂਰੀ ਤਰ੍ਹਾਂ ਇਕਜੁੱਟ ਕੀਤਾ ਜਾ ਸਕੇ।
Leave a Reply