ਜ਼ਿੰਬਾਬਵੇ ਦੀ ਕਰੀਬਾ ਝੀਲ ਵਿੱਚ ਕਿਸ਼ਤੀ ਪਲਟੀ, 15 ਲੋਕਾਂ ਦੀ ਮੌਤ; 27 ਲਾਪਤਾ

ਜ਼ਿੰਬਾਬਵੇ ਦੀ ਕਰੀਬਾ ਝੀਲ ਵਿੱਚ ਕਿਸ਼ਤੀ ਪਲਟੀ, 15 ਲੋਕਾਂ ਦੀ ਮੌਤ; 27 ਲਾਪਤਾ

ਜ਼ਿੰਬਾਬਵੇ ਦੀ ਕਰੀਬਾ ਝੀਲ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ, ਜਦਕਿ 27 ਹੋਰ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਹ ਜਾਣਕਾਰੀ ਜ਼ਿੰਬਾਬਵੇ ਦੀ ਕੌਮੀ ਆਫ਼ਤ ਪ੍ਰਬੰਧਨ ਏਜੰਸੀ ਵੱਲੋਂ ਦਿੱਤੀ ਗਈ ਹੈ। ਏਜੰਸੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਕਿਸ਼ਤੀ 90 ਲੋਕਾਂ ਨੂੰ ਲਿਜਾਣ ਦੀ ਸਮਰੱਥਾ ਰੱਖਦੀ ਸੀ, ਪਰ ਇਸ ਵਿੱਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਇਸ ਕਾਰਨ ਹਾਦਸੇ ਦੇ ਪਿੱਛੇ ਓਵਰਲੋਡਿੰਗ ਨੂੰ ਇੱਕ ਮਹੱਤਵਪੂਰਨ ਕਾਰਨ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਮੁਹਿੰਮ ਦੌਰਾਨ ਹੁਣ ਤੱਕ 77 ਲੋਕਾਂ ਨੂੰ ਸੁਰੱਖਿਅਤ ਬਚਾ ਕੇ ਝੀਲ ਦੇ ਇੱਕ ਛੋਟੇ ਟਾਪੂ ਤੱਕ ਪਹੁੰਚਾਇਆ ਗਿਆ ਹੈ। ਉਨ੍ਹਾਂ ਨੂੰ ਉਥੋਂ ਵਾਪਸ ਲਿਆਉਣ ਲਈ ਕਿਸ਼ਤੀਆਂ ਭੇਜੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਜ਼ਿੰਬਾਬਵੇ ਦੇ ਸਰਕਾਰੀ ਪ੍ਰਸਾਰਕ ‘ਜ਼ੈੱਡ ਬੀ ਸੀ’ ਵੱਲੋਂ ਜਾਰੀ ਕੀਤੀ ਵੀਡੀਓ ਵਿੱਚ ਤੇਜ਼ ਰਫ਼ਤਾਰ ਵਾਲੀਆਂ ਕੁਝ ਕਿਸ਼ਤੀਆਂ ਹਾਦਸਾਗ੍ਰਸਤ ਕਿਸ਼ਤੀ ਵੱਲ ਜਾਂਦੀਆਂ ਦਿਖਾਈ ਦਿੱਤੀਆਂ। ਵੀਡੀਓ ਵਿੱਚ ਇੱਕ ਹੈਲੀਕਾਪਟਰ ਵੀ ਘਟਨਾ ਸਥਾਨ ਦੇ ਉੱਪਰ ਚੱਕਰ ਲਾਉਂਦਾ ਨਜ਼ਰ ਆ ਰਿਹਾ ਹੈ। ਜ਼ਿੰਬਾਬਵੇ ਦੀ ਸਿਵਲ ਪ੍ਰੋਟੈਕਸ਼ਨ ਯੂਨਿਟ ਨੇ ਦੱਸਿਆ ਕਿ ਟਿਕਟਾਂ ਦੀ ਵਿਕਰੀ ਨਾਲ ਜੁੜੇ ਅੰਕੜਿਆਂ ਮੁਤਾਬਕ ਕਿਸ਼ਤੀ ਵਿੱਚ 114 ਯਾਤਰੀ ਅਤੇ ਅਮਲੇ ਦੇ ਪੰਜ ਮੈਂਬਰ ਸਵਾਰ ਸਨ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਸੰਭਵ ਹੈ ਕਿ ਕਿਸ਼ਤੀ ਵਿੱਚ ਅਜਿਹੇ ਬੱਚੇ ਵੀ ਸਵਾਰ ਹੋਣ, ਜਿਨ੍ਹਾਂ ਲਈ ਟਿਕਟ ਦੀ ਲੋੜ ਨਹੀਂ ਹੁੰਦੀ। ਕਰੀਬਾ ਝੀਲ ਜ਼ਿੰਬਾਬਵੇ ਅਤੇ ਜ਼ਾਂਬੀਆ ਦੋਵਾਂ ਵੱਲੋਂ ਸਾਂਝੀ ਕੀਤੀ ਜਾਂਦੀ ਹੈ। ਦੋਵਾਂ ਦੇਸ਼ਾਂ ਵਿਚਾਲੇ ਅਧਿਕਾਰਤ ਸਰਹੱਦ ਇਸ ਝੀਲ ਦੇ ਵਿਚਕਾਰੋਂ ਲੰਘਦੀ ਹੈ।