ਸਹਿਯੋਗੀ ਵੱਲੋਂ ਚਾਕੂ ਮਾਰੇ ਜਾਣ ਦੇ ਬਾਵਜੂਦ ਭਾਰਤੀ ਪਾਇਲਟ ਸਮਿਤ ਮੱਛਾਰ ਨੇ ਬਚਾਈਆਂ 174 ਜਾਨਾਂ; PM ਮੋਦੀ ਅਤੇ ਨੇਤਨਯਾਹੂ ਨੇ ਕੀਤਾ ਸਲਾਹ

ਸਹਿਯੋਗੀ ਵੱਲੋਂ ਚਾਕੂ ਮਾਰੇ ਜਾਣ ਦੇ ਬਾਵਜੂਦ ਭਾਰਤੀ ਪਾਇਲਟ ਸਮਿਤ ਮੱਛਾਰ ਨੇ ਬਚਾਈਆਂ 174 ਜਾਨਾਂ; PM ਮੋਦੀ ਅਤੇ ਨੇਤਨਯਾਹੂ ਨੇ ਕੀਤਾ ਸਲਾਹ

ਇਜ਼ਰਾਇਲ ਅਤੇ ਭਾਰਤ ਦੇ ਚੋਟੀ ਦੇ ਨੇਤਾਵਾਂ ਨੇ ਫਲਾਈਦੁਬਈ ਦੇ ਇੱਕ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਕਥਿਤ ਕੋਸ਼ਿਸ਼ ਦੌਰਾਨ ਅਦੁੱਤੀ ਸਾਹਸ ਦਾ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਪਾਇਲਟ ਸਮਿਤ ਮੱਛਾਰ ਨੂੰ ‘ਹੀਰੋ’ ਕਰਾਰ ਦਿੱਤਾ ਹੈ। ਆਪਣੇ ਹੀ ਸਹਿਯੋਗੀ (ਕੋ-ਪਾਇਲਟ) ਵੱਲੋਂ ਚਾਕੂ ਮਾਰੇ ਜਾਣ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੇ ਬਾਵਜੂਦ ਸਮਿਤ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਉਡਾਣ ਵਿੱਚ ਸਵਾਰ 174 ਯਾਤਰੀਆਂ ਦੀ ਜਾਨ ਬਚਾ ਲਈ। ਇਜ਼ਰਾਇਲੀ ਅਧਿਕਾਰੀਆਂ ਅਨੁਸਾਰ, ਇਹ ਖ਼ਤਰਨਾਕ ਘਟਨਾ ਉਸ ਸਮੇਂ ਵਾਪਰੀ ਜਦੋਂ ਕੋ-ਪਾਇਲਟ ਨੇ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਾਇਲਟ ਨੂੰ ਚਾਕੂ ਮਾਰ ਕੇ ਜੈੱਟ ਨੂੰ 30 ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਲਗਪਗ 14,000 ਫੁੱਟ (4,267 ਮੀਟਰ) ਹੇਠਾਂ ਵੱਲ ਧੱਕ ਦਿੱਤਾ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਬੁਲਾਰੇ ਨੇ ਦੱਸਿਆ ਕਿ ਜਦੋਂ ਸਮਿਤ ਖੂਨ ਨਾਲ ਲਥਪਥ ਫਰਸ਼ 'ਤੇ ਪਏ ਸਨ, ਤਾਂ ਵੀ ਉਨ੍ਹਾਂ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਲਈ ਰਿਲੀਜ਼ ਬਟਨ ਦਬਾਉਣ ਵਿੱਚ ਸਫਲਤਾ ਹਾਸਲ ਕੀਤੀ। ਇਸ ਨਾਲ ਯਾਤਰੀਆਂ ਅਤੇ ਅਮਲੇ ਨੂੰ ਕੋ-ਪਾਇਲਟ 'ਤੇ ਕਾਬੂ ਪਾਉਣ ਦਾ ਮੌਕਾ ਮਿਲਿਆ, ਜਿਸ ਤੋਂ ਬਾਅਦ ਜਹਾਜ਼ ਵਿੱਚ ਮੌਜੂਦ ਪਾਇਲਟਾਂ ਦੀ ਦੂਜੀ ਜੋੜੀ ਨੇ ਸੂਝ-ਬੂਝ ਦਿਖਾਉਂਦੇ ਹੋਏ ਜੈੱਟ ਨੂੰ ਸਾਊਦੀ ਅਰਬ ਦੇ ਤਾਬੂਕ ਵਿੱਚ ਸੁਰੱਖਿਅਤ ਉਤਾਰ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਸਾਂਝੀ ਕਰਦਿਆਂ ਸਮਿਤ ਮੱਛਾਰ ਦੀ ਭਰਪੂਰ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭ ਤੋਂ ਵੱਡੇ ਖ਼ਤਰੇ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਅਟੁੱਟ ਸੰਕਲਪ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਸੈਂਕੜੇ ਜਾਨਾਂ ਬਚ ਗਈਆਂ ਅਤੇ ਇੱਕ ਵੱਡਾ ਦੁਖਾਂਤ ਟਲ ਗਿਆ। ਇਸ ਤੋਂ ਪਹਿਲਾਂ ਇਜ਼ਰਾਇਲੀ ਪ੍ਰਧਾਨ ਮੰਤری ਨੇਤਨਯਾਹੂ ਨੇ ਵੀ ਕਿਹਾ ਕਿ ਪਾਇਲਟ ਦੀ ਬਦੌਲਤ ਇਜ਼ਰਾਇਲੀ ਨਾਗਰਿਕਾਂ ਸਮੇਤ 174 ਲੋਕਾਂ ਦੀ ਜਾਨ ਬਚ ਗਈ ਹੈ ਅਤੇ ਸਾਰੇ ਯਾਤਰੀ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਹਨ। ਸਾਊਦੀ ਅਰਬ ਵਿੱਚ ਸਥਿਤ ਭਾਰਤੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਮਿਤ ਮੱਛਾਰ ਨੂੰ ਤਾਬੂਕ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਲੋੜੀਂਦਾ ਡਾਕਟਰੀ ਇਲਾਜ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੁੰਬਈ ਦੇ ਰਹਿਣ ਵਾਲੇ ਮੱਛਾਰ ਦੀ ਇਸ ਘਟਨਾ ਤੋਂ ਬਾਅਦ ਸਰਜਰੀ ਵੀ ਹੋਈ ਹੈ। ਉਨ੍ਹਾਂ ਦੀ ਲਿੰਕਡਇਨ ਪ੍ਰੋਫਾਈਲ ਮੁਤਾਬਕ, ਉਹ ਫਲਾਈਦੁਬਈ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਭਾਰਤ ਦੀ ਸਪਾਈਸਜੈੱਟ ਏਅਰਲਾਈਨ ਨਾਲ 11 ਸਾਲਾਂ ਤੋਂ ਵੱਧ ਸਮੇਂ ਤੱਕ ਕੰਮ ਕਰ ਚੁੱਕੇ ਹਨ। ਹਾਲੇ ਤੱਕ ਪਾਇਲਟਾਂ ਵਿਚਕਾਰ ਹੋਏ ਇਸ ਖ਼ਤਰਨਾਕ ਝਗੜੇ ਦਾ ਅਸਲ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਘਟਨਾ ਦੀ ਜਾਂਚ ਜਾਰੀ ਹੈ ਅਤੇ ਇਸ ਦੇ ਮੱਦੇਨਜ਼ਰ ਇਜ਼ਰਾਇਲ ਲਈ ਅਤੇ ਉੱਥੋਂ ਦੀਆਂ ਉਡਾਣਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਇਸਨੂੰ ਇੱਕ ਬਹੁਤ ਗੰਭੀਰ ਸੁਰੱਖਿਆ ਮਾਮਲਾ ਕਰਾਰ ਦਿੰਦਿਆਂ ਕਿਹਾ ਕਿ ਸਾਊਦੀ ਅਰਬ ਦੇ ਅਧਿਕਾਰੀ ਸੰਯੁਕਤ ਅਰਬ ਅਮੀਰਾਤ ਤੋਂ ਇਜ਼ਰਾਇਲ ਆ ਰਹੀ ਫਲਾਈਦੁਬਈ ਦੀ ਇਸ ਉਡਾਣ (FZ1073) ਦੇ ਕੋ-ਪਾਇਲਟ ਤੋਂ ਪੁੱਛਗਿੱਛ ਕਰਨਗੇ।