ਯੂਕਰੇਨ 'ਚ ਰੂਸੀ ਡਰੋਨ ਹਮਲੇ ਵਿੱਚ ਬਾਲ-ਬਾਲ ਬਚੇ ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ
- ਵਿਦੇਸ਼
- (Asia/Kolkata)
ਯੂਕਰੇਨ-ਪੋਲੈਂਡ ਸਰਹੱਦ ਨੇੜੇ ਸਥਿਤ ਯਾਹੋਦਿਨ ਵਿੱਚ ਇੱਕ ਵੱਡਾ ਡਰੋਨ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰੂਸੀ ਡਰੋਨ ਨੇ ਇੱਕ ਰੇਲਗੱਡੀ ਨੂੰ ਨਿਸ਼ਾਨਾ ਬਣਾਇਆ, ਜਿਸ ਤੋਂ ਕੁਝ ਸਮਾਂ ਪਹਿਲਾਂ ਹੀ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਤੇ ਯੂਰਪ ਦੇ ਕਈ ਉੱਚ ਸੁਰੱਖਿਆ ਅਧਿਕਾਰੀ ਇਸੇ ਰੇਲ ਮਾਰਗ ਤੋਂ ਲੰਘੇ ਸਨ। ਇਸ ਹਮਲੇ ਵਿੱਚ ਰੇਲਗੱਡੀ ਦੇ ਇੰਜਣ ਨੂੰ ਨੁਕਸਾਨ ਪਹੁੰਚਿਆ ਹੈ, ਪਰ ਰਾਹਤ ਦੀ ਗੱਲ ਇਹ ਹੈ ਕਿ ਕਿਸੇ ਵੀ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਯੂਕਰੇਨੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ, ਹਮਲੇ ਤੋਂ ਠੀਕ ਪਹਿਲਾਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਯੂਕਰੇਨ ਦੀ ਸਰਕਾਰੀ ਰੇਲ ਕੰਪਨੀ ਨੇ ਦੱਸਿਆ ਕਿ ਮੌਜੂਦਾ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਰੇਲਗੱਡੀ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਰਵਾਨਾ ਕਰ ਦਿੱਤਾ ਗਿਆ ਸੀ ਅਤੇ ਹਮਲੇ ਤੋਂ ਮਾਤਰ 15 ਮਿੰਟ ਪਹਿਲਾਂ ਯਾਤਰੀਆਂ ਨੂੰ ਜਗ੍ਹਾ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਹਮਲੇ ਵਾਲੀ ਥਾਂ ਪੋਲੈਂਡ ਦੀ ਸਰਹੱਦ ਤੋਂ ਸਿਰਫ਼ ਦੋ ਕਿਲੋਮੀਟਰ ਦੂਰ ਹੈ। ਦੂਜੇ ਪਾਸੇ, ਰੂਸ ਨੇ ਪੱਛਮੀ ਯੂਕਰੇਨ ਵਿੱਚ ਰੇਲਵੇ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਯੂਕਰੇਨੀ ਰੇਲ ਅਧਿਕਾਰੀਆਂ ਦਾ ਸ਼ੱਕ ਹੈ ਕਿ ਡਰੋਨ ਦਾ ਅਸਲ ਨਿਸ਼ਾਨਾ ਉਹ ਰੇਲਗੱਡੀ ਹੋ ਸਕਦੀ ਸੀ ਜਿਸ ਵਿੱਚ ਅੰਤਰਰਾਸ਼ਟਰੀ ਡਿਪਲੋਮੈਟ ਅਤੇ ਵਿਦੇਸ਼ੀ ਅਧਿਕਾਰੀ ਸਫ਼ਰ ਕਰ ਰਹੇ ਸਨ। ਘਟਨਾ ਦੇ ਸਮੇਂ ਯਾਹੋਦਿਨ ਸਟੇਸ਼ਨ ’ਤੇ ਇੱਕ ਹੋਰ ਰੇਲਗੱਡੀ ਵਿੱਚ ਸਵਾਰ ਅਮਰੀਕਾ ਦੇ ਸਾਬਕਾ ਖੁਫੀਆ ਮੁਖੀ ਡੇਵਿਡ ਪੈਟ੍ਰੇਅਸ ਨੇ ਇਸ ਘਟਨਾ ਨੂੰ ਬੇਹੱਦ ਡਰਾਉਣੀ ਦੱਸਿਆ। ਇਸ ਹਮਲੇ ਤੋਂ ਬਾਅਦ ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਰੂਸੀ ਕਾਰਵਾਈ ਦੀ ਕੜੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਆਮ ਲੋਕ ਹਰ ਰੋਜ਼ ਅਜਿਹੇ ਬੇਤੁਕੇ ਅਤੇ ਖ਼ਤਰਨਾਕ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ। ਜੌਹਨਸਨ ਨੇ ਯੂਕਰੇਨ ਦੇ ਸਹਿਯੋਗੀ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਯੂਕਰੇਨ ਨੂੰ ਹੋਰ ਹਵਾਈ ਰੱਖਿਆ ਪ੍ਰਣਾਲੀਆਂ (Air Defense Systems) ਮੁਹੱਈਆ ਕਰਵਾਉਣ। ਯੂਕਰੇਨ ਦੇ ਵਿਦੇਸ਼ ਮੰਤਰੀ ਆਂਦ੍ਰੀ ਸਿਬਿਹਾ ਨੇ ਕਿਹਾ ਕਿ ਪੋਲੈਂਡ ਦੀ ਸਰਹੱਦ ਨੇੜੇ ਹੋਇਆ ਇਹ ਹਮਲਾ ਯੂਰਪੀ ਸੰਘ ਅਤੇ ਨਾਟੋ (NATO) ਦੇ ਦਰਵਾਜ਼ੇ ਤੱਕ ਰੂਸੀ ਹਮਲਿਆਂ ਦੇ ਵਧਦੇ ਖ਼ਤਰੇ ਵੱਲ ਇਸ਼ਾਰਾ ਕਰਦਾ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੋਲੈਂਡ ਦੇ ਪ੍ਰਧਾਨ ਮੰਤਰੀ ਡੌਨਲਡ ਟਸਕ ਨੇ ਐਮਰਜੈਂਸੀ ਬੈਠਕ ਬੁਲਾ ਕੇ ਸਥਿਤੀ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਹਵਾਈ ਯਾਤਰਾ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਯੂਕਰੇਨ ਵਿੱਚ ਲੱਖਾਂ ਲੋਕਾਂ ਲਈ ਰੇਲ ਨੈੱਟਵਰਕ ਹੀ ਆਵਾਜਾਈ ਦਾ ਮੁੱਖ ਸਾਧਨ ਹੈ, ਜਿਸ ਨੂੰ ਰੂਸ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
Leave a Reply