ਖ਼ਮਾਣੋ ਨੈਸ਼ਨਲ ਲੋਕ ਅਦਾਲਤ ’ਚ 183 ਕੇਸਾਂ ਦਾ ਮੌਕੇ ’ਤੇ ਨਿਪਟਾਰਾ

ਖ਼ਮਾਣੋ ਨੈਸ਼ਨਲ ਲੋਕ ਅਦਾਲਤ ’ਚ 183 ਕੇਸਾਂ ਦਾ ਮੌਕੇ ’ਤੇ ਨਿਪਟਾਰਾ

ਖਮਾਣੋਂ : ਲੋਕਾਂ ਨੂੰ ਸੌਖਾ ਅਤੇ ਛੇਤੀ ਨਿਆਂ ਦੇਣ ਦੇ ਟੀਚੇ ਨਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰੁਨ ਗੁਪਤਾ ਦੀ ਅਗਵਾਈ ਹੇਠ ਅੱਜ ਜੁਡੀਸ਼ੀਅਲ ਕੋਰਟ ਖਮਾਣੋਂ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਇਸ ਮੌਕੇ ਮਾਨਯੋਗ ਜੱਜ ਹਰੀਸ਼ ਕੁਮਾਰ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਖਮਾਣੋਂ ਦੀ ਅਦਾਲਤ ਨੇ ਲੋਕ ਅਦਾਲਤ ਦੇ ਖਮਾਣੋਂ ਬੈਂਚ ਵਜੋਂ ਕੰਮ ਕਰਦਿਆਂ ਕੁੱਲ 185 ਕੇਸਾਂ ਦੀ ਸੁਣਵਾਈ ਕੀਤੀ ਜਿਸ ਵਿੱਚ ਕੁੱਲ 183 ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਅਤੇ 5,903,650 ਦੀ ਕੁੱਲ ਰਕਮ ਦਾ ਅਵਾਰਡ ਕੀਤਾ ਗਿਆ। ਇਸ ਸਮੇਂ ਹਰੀਸ਼ ਕੁਮਾਰ ਨੇ ਲੋਕਾਂ ਨੂੰ ਲੋਕ ਅਦਾਲਤਾਂ ਦੇ ਲਾਭ ਦੱਸਦੇ ਹੋਏ ਇਹਨਾਂ ਅਦਾਲਤਾਂ ਤੋਂ ਸੌਖਾ ਅਤੇ ਛੇਤੀ ਨਿਆਂ ਲੈਣ ਲਈ ਪ੍ਰੇਰਤ ਕੀਤਾ ਅਤੇ ਕਿਹਾ ਕਿ ਲੋਕ ਅਦਾਲਤਾਂ ਰਾਹੀਂ ਆਪਸੀ ਰਜ਼ਾਮੰਦੀ ਮੁਤਾਬਕ ਦੋਵੇਂ ਧਿਰਾਂ ਝਗੜਾ ਖ਼ਤਮ ਕਰ ਸਕਦੀਆਂ ਹਨ। ਇਸ ਮੌਕੇ ਲੋਕ ਅਦਾਲਤ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਇੱਕ ਹੈਲਪ ਡੈਸਕ ਵੀ ਲਗਾਇਆ ਗਿਆ ਜਿੱਥੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ। ਬਾਰ ਐਸੋਸੀਏਸ਼ਨ ਖਮਾਣੋਂ ਦੇ ਸਮੂਹ ਵਕੀਲਾਂ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਲੋਕ ਅਦਾਲਤ ਵਿੱਚ ਆਉਣ ਵਾਲੇ ਲੋਕਾਂ ਦੀ ਲਈ ਚਾਹ ਅਤੇ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੌਰਵ ਜੋਸ਼ੀ, ਸਕੱਤਰ ਐਡਵੋਕੇਟ ਜੇਬੀ ਰਾਣਾ, ਸਾਬਕਾ ਪ੍ਰਧਾਨ ਸਤਿੰਦਰਪਾਲ ਸਿੰਘ ਬਾਜਵਾ ਤੇ ਐਡਵੋਕੇਟ ਚਰਨਪਾਲ ਸਿੰਘ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕਰਕੇ ਲੋਕਾਂ ਨੂੰ ਲੋਕ ਅਦਾਲਤਾਂ ਦੇ ਲਾਭ ਸਬੰਧੀ ਜਾਣਕਾਰੀ ਦਿੱਤੀ।