ਲੋਕ ਅਦਾਲਤ ਵਿੱਚ 1978 ਕੇਸਾਂ ਦਾ ਨਿਪਟਾਰਾ, 8 ਕਰੋੜ ਰੁਪਏ ਤੋਂ ਵੱਧ ਦੀ ਰਕਮ ਮੁਆਵਜ਼ੇ ਵਜੋਂ ਸੈਟਲ

ਲੋਕ ਅਦਾਲਤ ਵਿੱਚ 1978 ਕੇਸਾਂ ਦਾ ਨਿਪਟਾਰਾ, 8 ਕਰੋੜ ਰੁਪਏ ਤੋਂ ਵੱਧ ਦੀ ਰਕਮ ਮੁਆਵਜ਼ੇ ਵਜੋਂ ਸੈਟਲ

ਕਪੂਰਥਲਾ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਨੈਸ਼ਨਲ ਲੋਕ ਅਦਾਲਤ ਸ੍ਰੀ ਹਰਪਾਲ ਸਿੰਘ ਜ਼ਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਦੀ ਪ੍ਰਧਾਨਗੀ ਹੇਠ ਲਾਈ ਗਈ । ਨੈਸ਼ਨਲ ਲੋਕ ਅਦਾਲਤ ’ਚ ਜੂਡੀਸ਼ੀਅਲ ਤੇ ਰੈਵਨਿਊ ਅਦਾਲਤਾਂ ਵੱਲੋਂ ਲਗਭਗ 8360 ਕੇਸ ਸ਼ਾਮਲ ਕੀਤੇ ਗਏ, ਜਿਨ੍ਹਾਂ ’ਚੋਂ 1978 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤੇ ਲਗਭਗ 81511321/ ਰੁਪਏ ਦੀ ਰਕਮ ਮੁਆਵਜ਼ੇ ਵੱਜੋਂ ਸੈਟਲ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਕਚਹਿਰੀ ਕਪੂਰਥਲਾ ਵਿਖੇ 8, ਸਬ-ਡਵੀਜ਼ਨ ਫਗਵਾੜਾ ਵਿਖੇ 2, ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ 2 ਤੇ ਸਬ-ਡਵੀਜਨ ਭੁਲੱਥ ਵਿਖੇ 1 ਅਤੇ ਰੈਵੀਨਿਊ ਦੇ 3 ਬੈਂਚ ਗਠਿਤ ਕੀਤੇ ਗਏ। ਲੋਕ ਅਦਾਲਤ ’ਚ ਕ੍ਰਿਮਨਲ ਕੰਪਾਊਂਡਏਬਲ, ਧਾਰਾ 138 ਐਨ.ਆਈ.ਐਕਟ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ. ਕੇਸ, ਲੇਬਰ ਮੈਟਰਸ, ਬਿਜਲੀ ਤੇ ਪਾਣੀ ਦੇ ਬਿੱਲਾਂ ਸਬੰਧੀ ਮਾਮਲੇ, ਵਿਵਾਹਿਕ ਮਾਮਲੇ, ਲੈਂਡ ਐਕੂਜੀਸ਼ਨ ਕੇਸ, ਸਰਵਿਸ ਮੈਟਰਸ, ਰੈਵਨਿਊ ਕੇਸ ਤੇ ਹੋਰ ਸਿਵਲ ਮੈਟਰਸ, ਰੈਂਟ, ਇੰਜਕਸ਼ਨ ਸੂਟ, ਸਪੈਸਫਿਕ ਪ੍ਰਫੋਰਮੈਂਸ ਵਗੈਰਾ ਦੇ ਲੰਬਿਤ ਅਤੇ ਪ੍ਰੀ-ਲਿਟੀਗੇਟਿਵ ਕੇਸ ਸ਼ਾਮਿਲ ਕੀਤੇ ਗਏ। ਇਸ ਮੌਕੇ ਹਰਪਾਲ ਸਿੰਘ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਕਪੂਰਥਲਾ ਨੇ ਦੱਸਿਆ ਕਿ ਲੋਕ ਅਦਾਲਤ ’ਚ ਕੇਸ ਨਿਪਟਾਉਣ ਨਾਲ ਸਮਾਂ ਤੇ ਪੈਸਾ ਦੋਵਾਂ ਦੀ ਬੱਚਤ ਹੁੰਦੀ ਹੈ, ਇਸ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕਿਸੇ ਵੀ ਉੱਚ ਅਦਾਲਤ ’ਚ ਨਹੀਂ ਲਾਈ ਜਾ ਸਕਦੀ ਹੈ ਤੇ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ’ਚ ਦੋਵਾਂ ਧਿਰਾਂ ਦੀ ਜਿੱਤ ਹੁੰਦੀ ਹੈ। ਅਦਾਲਤ ਵੱਲੋਂ ਦੀਵਾਨੀ ਕੇਸਾਂ ’ਚ ਲੱਗੀ ਕੋਰਟ ਫ਼ੀਸ ਵੀ ਸੰਬੰਧਤ ਧਿਰ ਨੂੰ ਵਾਪਸ ਕੀਤੀ ਜਾਂਦੀ ਹੈ, ਜਿਸ ਨਾਲ ਸਬੰਧਿਤ ਧਿਰਾਂ ਨੂੰ ਵਿੱਤੀ ਲਾਭ ਹੁੰਦਾ ਹੈ। ਕਪੂਰਥਲਾ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਸੰਜੀਵ ਜੋਸ਼ੀ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਕਪੂਰਥਲਾ, ਰਾਣਾ ਕੰਵਰਦੀਪ ਕੌਰ ਚਾਹਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਕਪੂਰਥਲਾ, ਗੁਰਮੀਤ ਟਿਵਾਣਾ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਕਪੂਰਥਲਾ, ਸੁਮਨ ਪਾਠਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਕਪੂਰਥਲਾ,ਵਿਨੀਤਾ ਲੂਥਰਾ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ , ਨਵਜੀਤ ਪਾਲ ਕੌਰ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) , ਭਾਵਨਾ ਭਾਰਤੀ, ਸਿਵਲ ਜੱਜ (ਜੂ.ਡੀ.) ਤੇ ਮੁਕੇਸ਼ ਬਾਂਸਲ ਚੇਅਰਮੈਨ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਵੱਲੋਂ ਕੀਤੀ ਗਈ। ਇਸ ਮੌਕੇ ਰਾਜਵੰਤ ਕੌਰ, ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਨੇ ਦੱਸਿਆ ਕਿ ਨੈਸ਼ਨਲ ਲੋਕ ਅਦਾਲਤ 8 ਮਾਰਚ 2025 ਨੂੰ ਲੱਗੇਗੀ।