ਮਾਂਟਰੀਅਲ ਦੇ ਯਹੂਦੀ ਇਲਾਕੇ ਵਿੱਚ ਫਾਇਰਿੰਗ, ਹਮਲਾਵਰ ਪੁਲਿਸ ਮੁਕਾਬਲੇ ਵਿੱਚ ਢੇਰ

ਮਾਂਟਰੀਅਲ ਦੇ ਯਹੂਦੀ ਇਲਾਕੇ ਵਿੱਚ ਫਾਇਰਿੰਗ, ਹਮਲਾਵਰ ਪੁਲਿਸ ਮੁਕਾਬਲੇ ਵਿੱਚ ਢੇਰ

ਕੈਨੇਡਾ ਦੇ ਸ਼ਹਿਰ ਮਾਂਟਰੀਅਲ ਵਿੱਚ ਸੋਮਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਇੱਕ ਪੁਲਿਸ ਅਧਿਕਾਰੀ, ਇੱਕ ਸਥਾਨਕ ਨਿਵਾਸੀ ਅਤੇ ਕਥਿਤ ਹਮਲਾਵਰ ਸ਼ਾਮਲ ਹਨ। ਫਿਲਹਾਲ ਹਮਲੇ ਦੇ ਉਦੇਸ਼ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਘਟਨਾ ਮਾਂਟਰੀਅਲ ਦੇ ਇੱਕ ਯਹੂਦੀ ਇਲਾਕੇ ਵਿੱਚ ਵਾਪਰੀ, ਜੋ ਆਪਣੇ ਕੋਸ਼ਰ ਰੈਸਟੋਰੈਂਟਾਂ ਅਤੇ ਸੁਪਰਮਾਰਕੀਟਾਂ ਲਈ ਜਾਣਿਆ ਜਾਂਦਾ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਂਟਰੀਅਲ ਪੁਲਿਸ ਮੁਖੀ ਫਾਦੀ ਡਾਗਰ ਨੇ ਦੱਸਿਆ ਕਿ ਸ਼ਹਿਰ ਦੇ ਕੋਟ-ਡੇਸ-ਨੀਗੇਸ ਖੇਤਰ ਵਿੱਚ ਹੋਈ ਇਸ ਗੋਲੀਬਾਰੀ ਦੌਰਾਨ ਇੱਕ ਹੋਰ ਪੁਲਿਸ ਅਧਿਕਾਰੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ। ਹਾਲਾਂਕਿ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਥਿਤ ਹਮਲਾਵਰ ਨੂੰ ਪੁਲਿਸ ਨੇ ਜਵਾਬੀ ਕਾਰਵਾਈ ਦੌਰਾਨ ਗੋਲੀ ਮਾਰ ਕੇ ਮੌਕੇ 'ਤੇ ਹੀ ਢੇਰ ਕਰ ਦਿੱਤਾ। ਪੁਲਿਸ ਮੁਖੀ ਦੇ ਅਨੁਸਾਰ ਪਿਛਲੇ 24 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਮਾਂਟਰੀਅਲ ਪੁਲਿਸ ਦਾ ਕੋਈ ਅਧਿਕਾਰੀ ਡਿਊਟੀ ਦੌਰਾਨ ਮਾਰਿਆ ਗਿਆ ਹੈ। ਮਾਂਟਰੀਅਲ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜਾਰੀ ਆਪਣੇ ਬਿਆਨ ਵਿੱਚ ਕਿਹਾ, “ਸਾਨੂੰ ਇਹ ਪੁਸ਼ਟੀ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੇ ਇੱਕ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ।” ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।