ਰੱਖੜ ਪੁੰਨਿਆ ਮੇਲੇ ਦੌਰਾਨ ਬਾਬਾ ਬਕਾਲਾ ’ਚ ਨੌਜਵਾਨ ਨਿਹੰਗ ਸਿੰਘ ਦੀ ਲਾਸ਼ ਮਿਲੀ

ਰੱਖੜ ਪੁੰਨਿਆ ਮੇਲੇ ਦੌਰਾਨ ਬਾਬਾ ਬਕਾਲਾ ’ਚ ਨੌਜਵਾਨ ਨਿਹੰਗ ਸਿੰਘ ਦੀ ਲਾਸ਼ ਮਿਲੀ

ਰੱਖੜ ਪੁੰਨਿਆ ਦੇ ਮੇਲੇ ਵਾਲੀ ਰਾਤ ਕਸਬਾ ਬਾਬਾ ਬਕਾਲਾ ਵਿਖੇ ਇੱਕ ਨੌਜਵਾਨ ਨਿਹੰਗ ਸਿੰਘ ਦੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਚਰਚਾ ਬਣ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਸਿਵਲ ਹਸਪਤਾਲ ਬਾਬਾ ਬਕਾਲਾ ਦੇ ਪਿਛਲੇ ਪਾਸੇ ਨਿਹੰਗ ਬਾਣੇ ਵਿੱਚ ਇੱਕ ਨੌਜਵਾਨ ਮ੍ਰਿਤਕ ਹਾਲਤ ਵਿੱਚ ਮਿਲਿਆ। ਉਸ ਦੀ ਛਾਤੀ ਅਤੇ ਹੱਥ ’ਤੇ ਗੋਲੀ ਲੱਗਣ ਦੇ ਨਿਸ਼ਾਨ ਸਨ। ਪੁਲੀਸ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਰਾਤ ਕਰੀਬ ਸਾਢੇ ਨੌਂ ਵਜੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਰੱਖਵਾ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਾਜਾ ਸਿੰਘ ਪੁੱਤਰ ਸਰਬਜੀਤ ਸਿੰਘ, ਵਾਸੀ ਮਗਲਾਣੀ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਬਿਆਸ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਦੇ ਪਿਛਲੇ ਪਾਸੇ ਨਿਹੰਗ ਬਾਣੇ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਛਾਤੀ ਅਤੇ ਹੱਥ ’ਤੇ ਗੋਲੀ ਲੱਗਣ ਦੇ ਨਿਸ਼ਾਨ ਪਾਏ ਗਏ ਹਨ। ਪੁਲੀਸ ਅਧਿਕਾਰੀ ਮੁਤਾਬਕ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਘਟਨਾ ਸਬੰਧੀ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਦੇ ਹੋਰ ਵੇਰਵੇ ਜਾਂਚ ਪੂਰੀ ਹੋਣ ਤੋਂ ਬਾਅਦ ਸਾਹਮਣੇ ਆਉਣਗੇ।