ਪੰਚਕੂਲਾ 'ਚ ਸਕੂਲ ਬੱਸ ਹਾਦਸਾ: ਡਰਾਈਵਰ ਦੀ ਸੂਝਬੂਝ ਨਾਲ ਟਲਿਆ ਵੱਡਾ ਹਾਦਸਾ, ਮਾਮਲਾ ਸਮਝੌਤੇ ਨਾਲ ਨਿਪਟਿਆ

ਪੰਚਕੂਲਾ 'ਚ ਸਕੂਲ ਬੱਸ ਹਾਦਸਾ: ਡਰਾਈਵਰ ਦੀ ਸੂਝਬੂਝ ਨਾਲ ਟਲਿਆ ਵੱਡਾ ਹਾਦਸਾ, ਮਾਮਲਾ ਸਮਝੌਤੇ ਨਾਲ ਨਿਪਟਿਆ

ਪੰਚਕੂਲਾ ਦੇ ਸੈਕਟਰ-26 ਵਿੱਚ ਚਿਤਕਾਰਾ ਇੰਟਰਨੈਸ਼ਨਲ ਸਕੂਲ ਦੀ ਬੱਸ ਨਾਲ ਵਾਪਰੇ ਸੜਕ ਹਾਦਸੇ ਨੂੰ ਲੈ ਕੇ ਨਵਾਂ ਅੱਪਡੇਟ ਸਾਹਮਣੇ ਆਇਆ ਹੈ। ਪੁਲੀਸ ਦੇ ਅਨੁਸਾਰ ਇਹ ਹਾਦਸਾ ਇੱਕ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਵਾਪਰਿਆ। ਬੱਸ ਡਰਾਈਵਰ ਦੀ ਤੁਰੰਤ ਸੂਝਬੂਝ ਕਾਰਨ ਇੱਕ ਵੱਡਾ ਜਾਨੀ ਨੁਕਸਾਨ ਟਲ ਗਿਆ। ਚੰਡੀਮੰਦਰ ਥਾਣੇ ਦੇ ਐੱਸ.ਐੱਚ.ਓ. ਰਾਮਪਾਲ ਨੇ ਦੱਸਿਆ ਕਿ ਹੁਣ ਇਹ ਮਾਮਲਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਸੁਲਝਾ ਲਿਆ ਗਿਆ ਹੈ। ਪੁਲੀਸ ਮੁਤਾਬਕ ਹਾਦਸਾ ਸੜਕ 'ਤੇ ਬਣੇ ਟੀ-ਪੁਆਇੰਟ ਦੇ ਨੇੜੇ ਵਾਪਰਿਆ। ਐੱਸ.ਐੱਚ.ਓ. ਰਾਮਪਾਲ ਨੇ ਦੱਸਿਆ ਕਿ ਇੱਕ ਕਾਰ ਨੇ ਅਚਾਨਕ ਬਿਨਾਂ ਕੋਈ ਸੰਕੇਤ ਦਿੱਤੇ ਟੀ-ਪੁਆਇੰਟ ਵੱਲ ਮੋੜ ਕੱਟ ਲਿਆ। ਕਾਰ ਨਾਲ ਸਿੱਧੀ ਟੱਕਰ ਤੋਂ ਬਚਣ ਲਈ ਬੱਸ ਡਰਾਈਵਰ ਨੇ ਤੁਰੰਤ ਸਟੀਅਰਿੰਗ ਮੋੜਿਆ, ਪਰ ਇਸ ਦੌਰਾਨ ਬੱਸ 'ਤੇ ਉਸ ਦਾ ਕੰਟਰੋਲ ਖੋਹ ਗਿਆ ਅਤੇ ਬੱਸ ਹਾਦਸਾਗ੍ਰਸਤ ਹੋ ਗਈ। ਹਾਦਸੇ ਵਿੱਚ ਸ਼ਾਮਲ ਬੱਸ ਚਿਤਕਾਰਾ ਇੰਟਰਨੈਸ਼ਨਲ ਸਕੂਲ ਦੀ ਸੀ। ਉਸ ਸਮੇਂ ਬੱਸ ਵਿੱਚ ਕਰੀਬ 20 ਸਕੂਲੀ ਬੱਚੇ ਸਵਾਰ ਸਨ। ਖੁਸ਼ਕਿਸਮਤੀ ਨਾਲ ਸਾਰੇ ਬੱਚੇ ਸੁਰੱਖਿਅਤ ਰਹੇ ਅਤੇ ਇੱਕ ਵੱਡੀ ਅਣਹੋਣੀ ਟਲ ਗਈ। ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਦੇ ਇਲਾਕੇ ਦੇ ਲੋਕ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਬੱਸ ਵਿੱਚ ਫਸੇ ਅਤੇ ਡਰੇ ਹੋਏ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਉਨ੍ਹਾਂ ਦੀ ਮਦਦ ਕੀਤੀ। ਇਸੇ ਦੌਰਾਨ ਰਾਹਗੀਰਾਂ ਨੇ ਪੁਲੀਸ ਨੂੰ ਘਟਨਾ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲੀਸ ਦੀ ਐਮਰਜੈਂਸੀ ਰਿਸਪਾਂਸ ਵਹੀਕਲ (ERV) ਟੀਮ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਆਪਸੀ ਸਹਿਮਤੀ ਬਣ ਜਾਣ ਕਾਰਨ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।