ਕਾਨਪੁਰ ਵਿੱਚ ਸਿਖਲਾਈ ਜਹਾਜ਼ ਹਾਦਸਾਗ੍ਰਸਤ, ਇੰਸਟ੍ਰਕਟਰ ਤੇ ਸਿਖਿਆਰਥੀ ਪਾਇਲਟ ਦੀ ਮੌਤ

ਕਾਨਪੁਰ ਵਿੱਚ ਸਿਖਲਾਈ ਜਹਾਜ਼ ਹਾਦਸਾਗ੍ਰਸਤ, ਇੰਸਟ੍ਰਕਟਰ ਤੇ ਸਿਖਿਆਰਥੀ ਪਾਇਲਟ ਦੀ ਮੌਤ

ਗੰਗਾ ਦੇ ਕੰਢੇ ਸਥਿਤ ਕਾਨਪੁਰ ਵਿੱਚ ਵੀਰਵਾਰ ਨੂੰ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਇੱਕ ਸਿਖਿਆਰਥੀ ਪਾਇਲਟ ਅਤੇ ਇੱਕ ਇੰਸਟ੍ਰਕਟਰ ਦੀ ਮੌਤ ਹੋ ਗਈ। ਪੁਲੀਸ ਕਮਿਸ਼ਨਰ ਰਘੁਬੀਰ ਲਾਲ ਨੇ ਦੱਸਿਆ ਕਿ ਗਰਗ ਏਵੀਏਸ਼ਨ ਵੱਲੋਂ ਚਲਾਇਆ ਜਾ ਰਿਹਾ ਇਟਲੀ ਵਿੱਚ ਬਣਿਆ ਟੇਕਨਾਮ (Tecnam) ਜਹਾਜ਼ ਸਵੇਰੇ ਕਰੀਬ 11:30 ਵਜੇ ਉਡਾਣ ਭਰਿਆ ਸੀ। ਲਗਭਗ 20 ਮਿੰਟ ਬਾਅਦ ਇਹ ਜਹਾਜ਼ ਕਾਤਰੀ ਖੇਤਰ ਵਿੱਚ ਨਾਥਾਪੁਰਵਾ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਗੁਜਰਾਤ ਨਾਲ ਸਬੰਧਤ ਇੰਸਟ੍ਰਕਟਰ ਸਚਿਨ ਭਾਟੀਆ ਅਤੇ ਕਰਨਾਟਕ ਦੇ ਸਿਖਿਆਰਥੀ ਪਾਇਲਟ ਅਭਿਸ਼ੇਕ ਪੁਜਾਰੀ ਦੀ ਮੌਤ ਹੋ ਗਈ। ਪੁਲੀਸ ਕਮਿਸ਼ਨਰ ਮੁਤਾਬਕ ਸਚਿਨ ਭਾਟੀਆ ਕੋਲ ਲਗਭਗ 3,000 ਘੰਟਿਆਂ ਦਾ ਉਡਾਣ ਤਜਰਬਾ ਸੀ। ਡੀਜੀਸੀਏ ਨੂੰ ਦਿੱਤੀ ਗਈ ਜਾਣਕਾਰੀ ਪੁਲੀਸ ਨੇ ਦੱਸਿਆ ਕਿ ਹਾਦਸੇ ਬਾਰੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਡੀਜੀਸੀਏ ਦੀ ਟੀਮ ਘਟਨਾ ਸਥਾਨ ’ਤੇ ਪਹੁੰਚ ਕੇ ਹਾਦਸੇ ਦੀ ਵਿਸਤ੍ਰਿਤ ਜਾਂਚ ਕਰੇਗੀ। ਫਿਲਹਾਲ ਜਹਾਜ਼ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਹਾਜ਼ ਤਕਨੀਕੀ ਖਰਾਬੀ, ਮੌਸਮ ਜਾਂ ਕਿਸੇ ਹੋਰ ਕਾਰਨ ਕਰਕੇ ਹਾਦਸੇ ਦਾ ਸ਼ਿਕਾਰ ਹੋਇਆ, ਇਸ ਬਾਰੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ। ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ ਹੈ। ਹਾਦਸਾਗ੍ਰਸਤ ਜਹਾਜ਼ ਦੇ ਨਾਲ-ਨਾਲ ਇਸ ਨਾਲ ਸਬੰਧਤ ਤਕਨੀਕੀ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।