ਬ੍ਰਿਟਿਸ਼ ਕੋਲੰਬੀਆ ਗੈਂਗ ਵਾਰ ਮਾਮਲਾ: ਮਨਿੰਦਰ ਧਾਲੀਵਾਲ ਤੇ ਸਤਿੰਦਰ ਗਿੱਲ ਦੇ ਕਤਲ 'ਚ ਗੁਰਸਿਮਰਨ ਸਹੋਤਾ ਨੂੰ ਸੁਣਾਈ ਗਈ ਦੋਹਰੀ ਉਮਰ ਕੈਦ

ਬ੍ਰਿਟਿਸ਼ ਕੋਲੰਬੀਆ ਗੈਂਗ ਵਾਰ ਮਾਮਲਾ: ਮਨਿੰਦਰ ਧਾਲੀਵਾਲ ਤੇ ਸਤਿੰਦਰ ਗਿੱਲ ਦੇ ਕਤਲ 'ਚ ਗੁਰਸਿਮਰਨ ਸਹੋਤਾ ਨੂੰ ਸੁਣਾਈ ਗਈ ਦੋਹਰੀ ਉਮਰ ਕੈਦ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਵਿਸਲਰ ਵਿੱਚ ਸਾਲ 2022 ਦੌਰਾਨ ਇੱਕ ਹੋਟਲ ਦੇ ਬਾਹਰ 'ਬ੍ਰਦਰਜ਼ ਕੀਪਰਜ਼' ਗੈਂਗ ਦੇ ਮੈਂਬਰ ਅਤੇ ਉਸਦੇ ਸਾਥੀ ਦੇ ਹੋਏ ਦੋਹਰੇ ਕਤਲ ਦੇ ਮਾਮਲੇ ਵਿੱਚ ਪੰਜਾਬ ਨਾਲ ਸਬੰਧਤ ਭਾਰਤੀ ਮੂਲ ਦੇ ਇੱਕ ਹੋਰ ਨੌਜਵਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ 29 ਸਾਲਾ ਗੁਰਸਿਮਰਨ ਸਹੋਤਾ ਨੂੰ 24 ਜੁਲਾਈ, 2022 ਨੂੰ ਹੋਈ ਯੋਜਨਾਬੱਧ (ਟਾਰਗੇਟਿਡ) ਗੋਲੀਬਾਰੀ ਦੌਰਾਨ ਮਨਿੰਦਰ ਧਾਲੀਵਾਲ ਦੇ ਫਸਟ-ਡਿਗਰੀ ਕਤਲ ਅਤੇ ਉਸਦੇ ਦੋਸਤ ਸਤਿੰਦਰ ਗਿੱਲ ਦੇ ਸੈਕਿੰਡ-ਡਿਗਰੀ ਕਤਲ ਲਈ ਦੋ ਉਮਰ ਕੈਦ ਦੀਆਂ ਸਜ਼ਾਵਾਂ ਦਾ ਹੁਕਮ ਸੁਣਾਇਆ ਹੈ। ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਮੀਰੀਅਮ ਗ੍ਰੋਪਰ ਨੇ ਸਪੱਸ਼ਟ ਕੀਤਾ ਕਿ ਇਹ ਦੋਵੇਂ ਸਜ਼ਾਵਾਂ ਨਾਲੋ-ਨਾਲ ਚੱਲਣਗੀਆਂ ਅਤੇ ਸਹੋਤਾ 25 ਸਾਲਾਂ ਤੱਕ ਪੈਰੋਲ ਦਾ ਹੱਕਦਾਰ ਨਹੀਂ ਹੋਵੇਗਾ। ਅਦਾਲਤ ਨੇ ਉਸ 'ਤੇ ਉਮਰ ਭਰ ਲਈ ਹਥਿਆਰ ਰੱਖਣ 'ਤੇ ਪਾਬੰਦੀ ਲਗਾਉਣ ਦੇ ਨਾਲ-ਨਾਲ ਡੀ.ਐਨ.ਏ. (DNA) ਆਰਡਰ ਵੀ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸੇ ਮਾਮਲੇ ਵਿੱਚ ਸਹੋਤਾ ਦੇ ਸਾਥੀ, 25 ਸਾਲਾ ਤਨਵੀਰ ਖੱਖ ਨੂੰ ਬੁੱਧਵਾਰ ਨੂੰ ਮਨਿੰਦਰ ਧਾਲੀਵਾਲ ਦੇ ਫਸਟ-ਡਿਗਰੀ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਵਿੱਚ ਉਸਨੂੰ ਵੀ 25 ਸਾਲਾਂ ਤੱਕ ਪੈਰੋਲ ਨਹੀਂ ਮਿਲ ਸਕੇਗੀ। ਚਾਰ ਹਫ਼ਤਿਆਂ ਤੱਕ ਚੱਲੀ ਅਦਾਲਤੀ ਸੁਣਵਾਈ ਤੋਂ ਬਾਅਦ ਸਤੰਬਰ ਮਹੀਨੇ ਵਿੱਚ ਇੱਕ ਜਿਊਰੀ ਨੇ ਦੋਵਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜਿਊਰੀ ਨੇ ਜਿੱਥੇ ਦੋਵਾਂ ਨੂੰ ਮਨਿੰਦਰ ਧਾਲੀਵਾਲ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ, ਉੱਥੇ ਹੀ ਸਤਿੰਦਰ ਗਿੱਲ ਦੇ ਕਤਲ ਲਈ ਸਿਰਫ਼ ਸਹੋਤਾ ਨੂੰ ਹੀ ਦੋਸ਼ੀ ਪਾਇਆ ਗਿਆ ਸੀ। ਦਰਅਸਲ, ਜਿਊਰੀ ਵੱਲੋਂ ਫੈਸਲੇ 'ਤੇ ਵਿਚਾਰ-ਵਟਾਂਦਰਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਜੱਜ ਨੇ ਤਨਵੀਰ ਖੱਖ ਨੂੰ ਦੂਜੇ ਕਤਲ ਦੇ ਦੋਸ਼ ਤੋਂ ਬਰੀ ਕਰਨ ਦੇ ਨਿਰਦੇਸ਼ ਦੇ ਦਿੱਤੇ ਸਨ। ਇਹ ਸਨਸਨੀਖੇਜ਼ ਦੋਹਰਾ ਕਤਲ ਕਾਂਡ ਵਿਸਲਰ ਵਿਲੇਜ ਦੇ ਸਨਡਾਇਲ ਹੋਟਲ ਦੇ ਬਾਹਰ ਵਾਪਰਿਆ ਸੀ, ਜਿੱਥੇ ਸਨਡਾਇਲ ਕ੍ਰੇਸੈਂਟ ਦੇ 4300 ਬਲਾਕ ਵਿੱਚ ਦੋਵਾਂ ਪੀੜਤਾਂ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਹਮਲੇ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦੋਂਕਿ ਦੂਜੇ ਨੇ ਹਸਪਤਾਲ ਲਿਜਾਣ ਤੋਂ ਬਾਅਦ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ ਸੀ। ਆਰ.ਸੀ.ਐਮ.ਪੀ. (RCMP) ਦੀ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਆਪਣੀ ਜਾਂਚ ਵਿੱਚ ਪਾਇਆ ਸੀ ਕਿ ਇਹ ਹਮਲਾ ਪੂਰੀ ਤਰ੍ਹਾਂ ਯੋਜਨਾਬੱਧ ਸੀ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਚੱਲ ਰਹੀ ਗੈਂਗ ਵਾਰ ਦਾ ਨਤੀਜਾ ਸੀ। ਕੈਨੇਡੀਅਨ ਕਾਨੂੰਨ ਅਨੁਸਾਰ, ਫਸਟ-ਡਿਗਰੀ ਕਤਲ ਦੇ ਦੋਸ਼ ਵਿੱਚ ਸਿੱਧੇ ਤੌਰ 'ਤੇ ਉਮਰ ਕੈਦ ਦੀ ਸਜ਼ਾ ਹੁੰਦੀ ਹੈ, ਜਿਸ ਵਿੱਚ 25 ਸਾਲ ਪੂਰੇ ਹੋਣ ਤੋਂ ਬਾਅਦ ਹੀ ਪੈਰੋਲ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ, ਜਦੋਂਕਿ ਸੈਕਿੰਡ-ਡਿਗਰੀ ਕਤਲ ਵਿੱਚ ਵੀ ਉਮਰ ਕੈਦ ਹੁੰਦੀ ਹੈ ਪਰ ਪੈਰੋਲ ਦੀ ਸਮਾਂ-ਸੀਮਾ ਅਦਾਲਤ ਵੱਲੋਂ ਨਿਰਧਾਰਤ ਕੀਤੀ ਜਾਂਦੀ ਹੈ।