'ਜੰਗ ਅਜੇ ਖਤਮ ਨਹੀਂ ਹੋਈ': ਅਲ-ਕਾਇਦਾ ਨੇ ਜਹਾਜ਼ਾਂ 'ਤੇ 9/11 ਅਤੇ 'ਫਲਾਈ-ਦੁਬਈ' ਵਾਂਗ ਹਮਲੇ ਕਰਨ ਦੀ ਦਿੱਤੀ ਧਮਕੀ
- ਵਿਦੇਸ਼
- (Asia/Kolkata)
ਅਤਿਵਾਦੀ ਸੰਗਠਨ ਅਲ-ਕਾਇਦਾ ਨੇ ਅਮਰੀਕਾ ਅਤੇ ਇਜ਼ਰਾਈਲ ਦੇ ਨਾਗਰਿਕਾਂ ਨੂੰ ਲਿਜਾ ਰਹੇ ਜਹਾਜ਼ਾਂ 'ਤੇ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਸੰਗਠਨ ਨੇ ਹਾਲ ਹੀ ਵਿੱਚ 30 ਸਤੰਬਰ ਨੂੰ 'ਫਲਾਈ-ਦੁਬਈ' ਫਲਾਈਟ ਵਿੱਚ ਕੈਪਟਨ ਸਮਿਤ ਮੱਛਾਰ 'ਤੇ ਹੋਏ ਹਮਲੇ ਅਤੇ 9/11 (ਅਮਰੀਕਾ) ਦੇ ਅਤਿਵਾਦੀ ਹਮਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਇਹ ਲੋਕ ਇਸਲਾਮ ਖਿਲਾਫ਼ ਲੜ ਰਹੇ ਹਨ।
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ, ਇਹ ਧਮਕੀ ਅਲ-ਕਾਇਦਾ ਸਮਰਥਕਾਂ ਵੱਲੋਂ ਜੁਲਾਈ ਵਿੱਚ ਸ਼ੁਰੂ ਕੀਤੇ ਗਏ ਹਫਤਾਵਾਰੀ ਮੈਗਜ਼ੀਨ 'ਅਲ-ਬਯਾਨ' ਦੇ ਤਾਜ਼ਾ ਅੰਕ ਵਿੱਚ ਛਪੀ ਹੈ। ਇਸ ਅਰਬੀ ਮੈਗਜ਼ੀਨ ਵਿੱਚ ਇੱਕ ਧਮਕੀ ਭਰਿਆ ਸੰਦੇਸ਼ ਦਿੱਤਾ ਗਿਆ ਹੈ, "ਜੰਗ ਅਜੇ ਖਤਮ ਨਹੀਂ ਹੋਈ ਹੈ। ਇਸਲਾਮ ਵਿਰੁੱਧ ਲੜਨ ਵਾਲੇ ਜ਼ਾਇਓਨਿਸਟਾਂ, ਅਮਰੀਕੀਆਂ ਅਤੇ ਹੋਰ ਸਾਰੇ ਕਾਫ਼ਰਾਂ ਦੇ ਜਹਾਜ਼ ਅਜੇ ਵੀ ਅਸਮਾਨ ਵਿੱਚ ਉੱਡ ਰਹੇ ਹਨ। ਇਨ੍ਹਾਂ ਨੂੰ 11 ਸਤੰਬਰ (9/11) ਅਤੇ 30 ਸਤੰਬਰ ('ਫਲਾਈ-ਦੁਬਈ' ਘਟਨਾ) ਵਾਂਗ ਨਿਸ਼ਾਨਾ ਬਣਾਇਆ ਜਾ ਸਕਦਾ ਹੈ।"
ਇਸ ਪੋਸਟ ਦੇ ਨਾਲ ਨਿਊਯਾਰਕ ਦੇ ਟਵਿਨ ਟਾਵਰਜ਼ ਨਾਲ ਟਕਰਾਉਂਦੇ ਹੋਏ ਇੱਕ ਜਹਾਜ਼ (9/11 ਹਮਲੇ) ਦੀ ਤਸਵੀਰ ਲਗਾਈ ਗਈ ਹੈ ਅਤੇ ਨਾਲ ਹੀ ਫਲਾਈ-ਦੁਬਈ ਵਾਲੀ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ, ਇਸ ਮੈਗਜ਼ੀਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਹੁਣ ਪਹਿਲਾਂ ਨਾਲੋਂ ਵੱਧ ਦੁਸ਼ਮਣ ਹਨ ਅਤੇ "ਅਮਰੀਕੀ ਸਾਮਰਾਜ" ਦਾ ਅੰਤ ਜ਼ਰੂਰ ਹੋਵੇਗਾ। ਇਹ ਲੇਖ ਸ਼ਨਿੱਚਰਵਾਰ ਨੂੰ ਟੈਲੀਗ੍ਰਾਮ ਚੈਨਲਾਂ 'ਤੇ ਵੀ ਸ਼ੇਅਰ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ।
30 ਸਤੰਬਰ ਨੂੰ ਫਲਾਈ-ਦੁਬਈ ਦੀ ਫਲਾਈਟ (FZ1073) ਦੁਬਈ ਤੋਂ ਤੇਲ ਅਵੀਵ (ਇਜ਼ਰਾਈਲ) ਜਾ ਰਹੀ ਸੀ। ਇਸ ਫਲਾਈਟ ਦਾ ਓਮਾਨੀ ਕੋ-ਪਾਇਲਟ, ਜਿਸਦਾ ਨਾਂ 'ਹਮਾਮ ਅਲ-ਹਮਾਮੀ' ਹੈ, ਨੇ ਜਹਾਜ਼ ਨੂੰ ਕਥਿਤ ਤੌਰ ਉੱਤੇ ਕਰੈਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਕਾਕਪਿਟ ਦੇ ਅੰਦਰ ਮੁੱਖ ਪਾਇਲਟ ਕੈਪਟਨ ਸਮਿਤ ਮੱਛਾਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ। ਜ਼ਖਮੀ ਹੋਣ ਦੇ ਬਾਵਜੂਦ ਕੈਪਟਨ ਮੱਛਾਰ ਨੇ ਹਿੰਮਤ ਕਰਕੇ ਅੰਦਰੋਂ ਦਰਵਾਜ਼ਾ ਖੋਲ੍ਹ ਦਿੱਤਾ। ਇਸ ਤੋਂ ਬਾਅਦ ਯਾਤਰੀਆਂ ਅਤੇ ਬਾਕੀ ਅਮਲੇ ਨੇ ਮਿਲ ਕੇ ਕੋ-ਪਾਇਲਟ ਨੂੰ ਕਾਬੂ ਕਰ ਲਿਆ ਅਤੇ ਜਹਾਜ਼ ਨੂੰ ਸਾਊਦੀ ਅਰਬ ਦੇ ਤਾਬੁਕ ਸ਼ਹਿਰ ਵਿੱਚ ਸੁਰੱਖਿਅਤ ਉਤਾਰ ਲਿਆ ਗਿਆ।
ਮੁਲਜ਼ਮ ਕੋ-ਪਾਇਲਟ ਹਮਾਮ ਅਲ-ਹਮਾਮੀ ਇਸ ਵੇਲੇ ਯੂ ਏ ਈ (UAE) ਦੀ ਹਿਰਾਸਤ ਵਿੱਚ ਹੈ। ਜਾਂਚ ਏਜੰਸੀਆਂ ਉਸਦੇ ਪਿਛੋਕੜ ਅਤੇ ਅਤਿਵਾਦੀਆਂ ਨਾਲ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ। ਉਸ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਓਸਾਮਾ ਬਿਨ ਲਾਦੇਨ ਅਤੇ ਅਯਮਨ ਅਲ-ਜ਼ਵਾਹਿਰੀ ਵਰਗੇ ਅਲ-ਕਾਇਦਾ ਦੇ ਵੱਡੇ ਨੇਤਾਵਾਂ ਤੋਂ ਕਾਫੀ ਪ੍ਰਭਾਵਿਤ ਸੀ।
Leave a Reply