ਅਮਰਜੀਤ ਚਾਵਲਾ ਮਾਮਲੇ 'ਚ ਹੋਰ ਖ਼ੁਲਾਸੇ ਕਰਨ ਦਾ ਦਾਅਵਾ ਕਰਨ ਵਾਲੀ ਰੂਪ ਕੌਰ ਸੰਧੂ 'ਤੇ ਡਿੱਗੀ ਗਾਜ

ਅਮਰਜੀਤ ਚਾਵਲਾ ਮਾਮਲੇ 'ਚ ਹੋਰ ਖ਼ੁਲਾਸੇ ਕਰਨ ਦਾ ਦਾਅਵਾ ਕਰਨ ਵਾਲੀ ਰੂਪ ਕੌਰ ਸੰਧੂ 'ਤੇ ਡਿੱਗੀ ਗਾਜ

ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਸੰਯੁਕਤ ਸਕੱਤਰ  ਰੂਪ ਕੌਰ ਸੰਧੂ ਵਿਰੁੱਧ ਕੜਾ ਸੰਗਠਨਾਤਮਕ ਐਕਸ਼ਨ ਲੈਂਦਿਆਂ ਉਨ੍ਹਾਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਹ ਕਾਰਵਾਈ ਰੂਪ ਕੌਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਵਿਵਾਦ ਵਰਗੇ ਕਈ ਹੋਰ ਮਾਮਲਿਆਂ ਦਾ ਖ਼ੁਲਾਸਾ ਕਰਨ ਦੇ ਕੀਤੇ ਦਾਅਵੇ ਤੋਂ ਤੁਰੰਤ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਇਸ ਫੈਸਲੇ ਦੀ ਅਧਿਕਾਰਤ ਪੁਸ਼ਟੀ ਕਰਦਿਆਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਰੂਪ ਕੌਰ ਨੂੰ ਲਗਾਤਾਰ ਅਨੁਸ਼ਾਸਨਹੀਣਤਾ ਕਰਨ ਅਤੇ ਗਲਤ ਆਚਰਣ ਦੇ ਗੰਭੀਰ ਦੋਸ਼ਾਂ ਤਹਿਤ ਪਾਰਟੀ ਤੋਂ ਬਾਹਰ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਡੂੰਘੀ ਵੀਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰੂਪ ਕੌਰ ਸੰਧੂ ਨੇ ਲੰਘੀ 19 ਸਤੰਬਰ ਨੂੰ ਬਹਿਰੀਨ ਤੋਂ ਆਈ ਇੱਕ ਔਰਤ ਨੂੰ ਮੀਡੀਆ ਸਾਹਮਣੇ ਲਿਆ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਵਿੱਚ ਵਾਪਰੀ ਘਟਨਾ ਸਬੰਧੀ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਐੱਫ.ਆਈ.ਆਰ. (FIR) ਵਿੱਚ ਲਗਾਏ ਗਏ ਦੋਸ਼ਾਂ ਦੀ ਪ੍ਰੋੜ੍ਹਤਾ ਕੀਤੀ ਸੀ। ਇਸ ਤੋਂ ਬਾਅਦ ਲੰਘੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਰੂਪ ਕੌਰ ਨੇ ਦਾਅਵਾ ਕੀਤਾ ਸੀ ਕਿ ਬਹਿਰੀਨ ਦੀ ਔਰਤ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਕਈ ਹੋਰ ਔਰਤਾਂ ਨੇ ਵੀ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੇ ਨਾਲ ਹੋਏ ਮਾੜੇ ਅਨੁਭਵ ਸਾਂਝੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਔਰਤਾਂ ਨੇ ਅਜਿਹੇ ਕਈ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਨਾਂ ਲਏ ਹਨ, ਜਿਨ੍ਹਾਂ ਦੀ ਪੰਜਾਬ ਅਤੇ ਵਿਦੇਸ਼ਾਂ ਵਿੱਚ ਧਾਰਮਿਕ ਤੇ ਸਿਆਸੀ ਖੇਤਰਾਂ ਵਿੱਚ ਚੰਗੀ ਪੈਠ ਹੈ। ਰੂਪ ਕੌਰ ਨੇ ਬਿਨਾਂ ਕਿਸੇ ਦਾ ਨਾਂ ਲਏ ਇਲਜ਼ਾਮ ਲਾਇਆ ਸੀ ਕਿ ਇਹਨਾਂ ਵਿੱਚੋਂ ਕੁਝ ਵਿਅਕਤੀ ਪ੍ਰਮੁੱਖ ਪੰਥਕ ਹਲਕਿਆਂ ਨਾਲ ਸਬੰਧਤ ਹਨ। ਰੂਪ ਕੌਰ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਵਿਅਕਤੀਆਂ ਦੀ ਪਛਾਣ ਜਨਤਕ ਕਰਨਗੇ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਠੋਸ ਸਬੂਤ ਪੇਸ਼ ਕਰਕੇ ਸਖ਼ਤ ਕਾਰਵਾਈ ਦੀ ਮੰਗ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਦਾ ਖ਼ਦਸ਼ਾ ਵੀ ਜਤਾਇਆ ਸੀ, ਪਰ ਨਾਲ ਹੀ ਕਿਹਾ ਸੀ ਕਿ ਜੇਕਰ ਉਹ ਸੁਰੱਖਿਅਤ ਰਹੇ ਤਾਂ ਇਹ ਖ਼ੁਲਾਸੇ ਜਾਰੀ ਰੱਖਣਗੇ।