ਪੀਏਰ ਪੌਲੀਏਵ ਦੀ ਅਗਵਾਈ ਨੂੰ ਵੱਡਾ ਝਟਕਾ: MP ਸਕਾਟ ਏਚਿਸਨ ਛੱਡਣਗੇ ਸਰਗਰਮ ਰਾਜਨੀਤੀ

ਪੀਏਰ ਪੌਲੀਏਵ ਦੀ ਅਗਵਾਈ ਨੂੰ ਵੱਡਾ ਝਟਕਾ: MP ਸਕਾਟ ਏਚਿਸਨ ਛੱਡਣਗੇ ਸਰਗਰਮ ਰਾਜਨੀਤੀ

ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਸੰਸਦ ਮੈਂਬਰ ਸਕਾਟ ਏਚਿਸਨ (Scott Aitchison) ਇਸ ਸਾਲ ਦੇ ਅੰਤ ਤੱਕ ਸੰਸਦ ਦੀ ਆਪਣੀ ਸੀਟ ਤੋਂ ਅਸਤੀਫ਼ਾ ਦੇਣ ਜਾ ਰਹੇ ਹਨ। ਉਨ੍ਹਾਂ ਦੇ ਇੱਕ ਨੇੜਲੇ ਸੂਤਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ, ਜਦਕਿ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਰਸਮੀ ਐਲਾਨ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਕਰੀਬ 30 ਸਾਲ ਤੱਕ ਚੁਣੇ ਹੋਏ ਅਹੁਦਿਆਂ 'ਤੇ ਸੇਵਾਵਾਂ ਨਿਭਾਉਣ ਤੋਂ ਬਾਅਦ ਏਚਿਸਨ ਹੁਣ ਹੋਰ ਮੌਕਿਆਂ ਦੀ ਭਾਲ ਵਿੱਚ ਸਿਆਸਤ ਤੋਂ ਪਿੱਛੇ ਹਟਣ ਦਾ ਮਨ ਬਣਾ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਪਿਛਲੇ ਹਫ਼ਤੇ ਹੀ ਕੰਜ਼ਰਵੇਟਿਵ ਆਗੂ ਪੀਏਰ ਪੌਲੀਏਵ (Pierre Poilievre) ਨੂੰ ਆਪਣੇ ਇਸ ਫ਼ੈਸਲੇ ਬਾਰੇ ਸੂਚਿਤ ਕਰ ਦਿੱਤਾ ਸੀ। ਸਕਾਟ ਏਚਿਸਨ 2019 ਤੋਂ ਪੈਰੀ ਸਾਊਂਡ-ਮਸਕੋਕਾ (Parry Sound-Muskoka) ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। ਫੈਡਰਲ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ 2014 ਤੋਂ 2019 ਤੱਕ ਹੰਟਸਵਿਲ (Huntsville) ਦੇ ਮੇਅਰ ਵਜੋਂ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ 2022 ਵਿੱਚ ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੀ ਚੋਣ ਵੀ ਲੜੀ ਸੀ, ਪਰ ਉਸ ਵੇਲੇ ਉਹ ਪੀਏਰ ਪੌਲੀਏਵ ਤੋਂ ਹਾਰ ਗਏ ਸਨ। ਏਚਿਸਨ ਦਾ ਅਸਤੀਫ਼ਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਪਾਰਟੀ ਅੰਦਰ ਪੌਲੀਏਵ ਦੀ ਅਗਵਾਈ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਹਨ। ਪਿਛਲੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਪੌਲੀਏਵ ਦੇ ਸੰਸਦੀ ਗਰੁੱਪ ਤੋਂ ਅੱਲਗ ਹੋਣ ਵਾਲੇ ਏਚਿਸਨ ਅੱਠਵੇਂ ਮੈਂਬਰ ਹਨ। ਇਸ ਤੋਂ ਪਹਿਲਾਂ ਕ੍ਰਿਸ ਡੀ’ਐਂਟਰਮੋਂਟ, ਮਾਈਕਲ ਮਾ, ਮੈਟ ਜੇਨਰੌ ਅਤੇ ਮੈਰਿਲਿਨ ਗਲਾਡੂ ਕੰਜ਼ਰਵੇਟਿਵ ਪਾਰਟੀ ਛੱਡ ਕੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ, ਜਦਕਿ ਰਿਚਰਡ ਮਾਰਟਲ ਨੂੰ ਸੈਨੇਟ ਵਿੱਚ ਨਿਯੁਕਤੀ ਮਿਲੀ ਸੀ। ਲੈਰੀ ਬਰੌਕ ਅਤੇ ਕੈਥੇ ਵੈਗਨਟਾਲ ਨੇ ਵੀ ਫੈਡਰਲ ਸਿਆਸਤ ਤੋਂ ਸੰਨਿਆਸ ਲੈ ਲਿਆ ਸੀ, ਜਿਸ ਕਾਰਨ ਉਨ੍ਹਾਂ ਦੀਆਂ ਸੀਟਾਂ ਖਾਲੀ ਹੋ ਗਈਆਂ ਸਨ। ਸਕਾਟ ਏਚਿਸਨ ਦੇ ਜਾਣ ਨਾਲ ਪੀਏਰ ਪੌਲੀਏਵ ਦੀ ਅਗਵਾਈ ਹੇਠ ਕੰਜ਼ਰਵੇਟਿਵ ਸੰਸਦੀ ਗਰੁੱਪ ਵਿੱਚ ਇੱਕ ਹੋਰ ਸੀਟ ਘਟ ਜਾਵੇਗੀ। ਹਾਲੀਆ ਮੀਡੀਆ ਰਿਪੋਰਟਾਂ ਅਤੇ 'ਨੈਨੋਸ ਰਿਸਰਚ' (Nanos Research) ਦੇ ਸਰਵੇਖਣ ਅਨੁਸਾਰ ਪਾਰਟੀ ਦੀ ਚੋਣਵੀਂ ਹਮਾਇਤ ਵਿੱਚ ਵੀ ਵੱਡੀ ਗਿਰਾਵਟ ਦੇਖੀ ਗਈ ਹੈ। ਸਰਵੇਖਣ ਵਿੱਚ ਲਿਬਰਲਾਂ ਨੂੰ 49.9 ਫ਼ੀਸਦੀ ਅਤੇ ਕੰਜ਼ਰਵੇਟਿਵਾਂ ਨੂੰ ਮਹਿਜ਼ 27.9 ਫ਼ੀਸਦੀ ਹਮਾਇਤ ਮਿਲੀ ਹੈ। ਇਸ ਤੋਂ ਇਲਾਵਾ ਪਸੰਦੀਦਾ ਪ੍ਰਧਾਨ ਮੰਤਰੀ ਵਜੋਂ ਮਾਰਕ ਕਾਰਨੀ ਨੂੰ 61.5 ਫ਼ੀਸਦੀ ਜਦਕਿ ਪੌਲੀਏਵ ਨੂੰ ਕੇਵਲ 19.6 ਫ਼ੀਸਦੀ ਲੋਕਾਂ ਨੇ ਆਪਣੀ ਪਹਿਲੀ ਪਸੰਦ ਚੁਣਿਆ ਹੈ।