ਡੀਪੀਐੱਸ ਰਾਜਪੁਰਾ ’ਚ ‘ਦਿ ਲਾਇਨ ਕਿੰਗ’ ਦਾ ਸਫਲ ਮੰਚਨ

ਡੀਪੀਐੱਸ ਰਾਜਪੁਰਾ ’ਚ ‘ਦਿ ਲਾਇਨ ਕਿੰਗ’ ਦਾ ਸਫਲ ਮੰਚਨ

ਰਾਜਪੁਰਾ : ਦਿੱਲੀ ਪਬਲਿਕ ਸਕੂਲ ਰਾਜਪੁਰਾ ਨੇ ਆਪਣੇ ਬੇਮਿਸਾਲ ਨਾਟਕ ‘ਦਿ ਲਾਇਨ ਕਿੰਗ’ ਦੇ ਮੰਚਨ ਨਾਲ ਨਾਟਕੀਆ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਨਾਟਕ ਹਿੰਮਤ, ਜ਼ਿੰਮੇਵਾਰੀ ਅਤੇ ਪਰਿਵਾਰ ਦੇ ਸ਼ਾਸ਼ਵਤ ਸੰਦੇਸ਼ ਨੂੰ ਉਜਾਗਰ ਕਰਦਾ ਹੈ। ਡੀਪੀਐੱਸ ਰਾਜਪੁਰਾ ਦੇ ਵਿਦਿਆਰਥੀਆਂ ਨੇ ਅਫਰੀਕੀ ਸਵਾਨਾ ਨੂੰ ਜਿਵੇਂ ਜਿਊਂਦਾ ਕਰ ਦਿੱਤਾ। ਸ਼ਾਨਦਾਰ ਅਦਾਕਾਰੀ, ਸੁੰਦਰ ਨਾਚਾਂ ਅਤੇ ਵਿਸ਼ੇਸ਼ ਡਿਜ਼ਾਇਨ ਕੀਤੀਆਂ ਪੁਸ਼ਾਕਾਂ ਨਾਲ, ਵਿਦਿਆਰਥੀਆਂ ਨੇ ਸਾਰੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਹਰੇਕ ਦ੍ਰਿਸ਼ ਵਿੱਚ ਮਹੀਨਿਆਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਟੀਮਵਰਕ ਸਪੱਸ਼ਟ ਦਿਸ ਰਿਹਾ ਸੀ। ਪ੍ਰੋਗਰਾਮ ਦੀ ਮੁੱਖ ਮਹਿਮਾਨ ਰਾਸ਼ਟਰੀ ਪੱਧਰ ਦੀ ਇੱਕ ਖਿਡਾਰਨ ਮਿਸ ਚਿਤਰਾਸ਼ੀ ਰਾਵਤ ਨੇ ਆਪਣੇ ਪਤੀ ਮਿਸਟਰ ਧ੍ਰੁਵਦਿੱਤਿਆ ਭਗਵਾਨਾਨੀ ਦੇ ਨਾਲ ਪਹੁੰਚ ਕੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ। ਮਿਸ ਚਿਤਰਾਸ਼ੀ ਰਾਵਤ, ਜੋ ਚੱਕ ਦੇ। ਇੰਡੀਆ ਵਿੱਚ ਕੋਮਲ ਚੌਟਾਲਾ ਦੇ ਕਿਰਦਾਰ ਲਈ ਪ੍ਰਸਿੱਧ ਹਨ, ਉਨ੍ਹਾਂ ਨੇ ਵਿਦਿਆਰਥੀਆਂ ਦੀ ਜ਼ਬਰਦਸਤ ਅਦਾਕਾਰੀ ਅਤੇ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਪ੍ਰੇਰਕ ਸ਼ਬਦਾਂ ਨੇ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਮਿਸਟਰ ਧ੍ਰੁਵਦਿੱਤਿਆ ਭਗਵਾਨਾਨੀ, ਇੱਕ ਪ੍ਰਸਿੱਧ ਅਭਿਨੇਤਾ ਜਿਹੜੇ ਫਾਈਟ, ਦ ਗ੍ਰੇ ਅਤੇ ਵੈੱਬ ਸਰੀਜ਼ ਡੈਮੇਜਡ ਵਿੱਚ ਆਪਣੇ ਕਿਰਦਾਰਾਂ ਲਈ ਮਸ਼ਹੂਰ ਹਨ, ਉਨ੍ਹਾਂ ਨੇ ਵੀ ਬੱਚਿਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ। ਇਸ ਪ੍ਰੋਗਰਾਮ ’ਚ ਕਈ ਮਹਿਮਾਨਾਂ, ਮਾਪੇ, ਦਾਦਾ-ਦਾਦੀ ਅਤੇ ਪਰਿਵਾਰਕ ਮੈਂਬਰ ਦੀ ਮੌਜੂਦਗੀ ਨੇ ਬੱਚਿਆਂ ਦਾ ਉਤਸ਼ਾਹ ਵਧਾਇਆ। ਡੀਪੀਐੱਸ ਰਾਜਪੁਰਾ ਦੀ ਪ੍ਰੋ ਵਾਈਸ ਚੇਅਰਪਰਸਨ ਡਾ. ਗੁਨਮੀਤ ਬਿੰਦਰਾ ਨੇ ਦਿ ਲਾਇਨ ਕਿੰਗ’ ਦੀ ਸਫਲਤਾ ਬਾਰੇ ਆਪਣੀਆਂ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਤੁਲਨਾ ਦੂਸਰਿਆਂ ਬੱਚਿਆਂ ਨਾਲ ਨਾ ਕਰਨ। ਉਨ੍ਹਾਂ ਨੇ ਮਾਪਿਆਂ, ਅਧਿਆਪਕਾਂ ਅਤੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕਾ ਗੀਤਿਕਾ ਚੰਦਰਾ ਨੇ ਪ੍ਰੋਗਰਾਮ ਦੀ ਸਫਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ।