ਮਾਈਨਿੰਗ ਵਿਭਾਗ ਦੀ ਵੱਡੀ ਕਾਰਵਾਈ, ਛੇ ਗੈਰ-ਕਾਨੂੰਨੀ ਮਾਈਨਿੰਗ ਸਾਈਟਾਂ 'ਤੇ ਕੇਸ ਦਰਜ

ਮਾਈਨਿੰਗ ਵਿਭਾਗ ਦੀ ਵੱਡੀ ਕਾਰਵਾਈ, ਛੇ ਗੈਰ-ਕਾਨੂੰਨੀ ਮਾਈਨਿੰਗ ਸਾਈਟਾਂ 'ਤੇ ਕੇਸ ਦਰਜ

ਪੰਜਾਬ ਮਾਈਨਜ਼ ਐਂਡ ਜੀਓਲੋਜੀ ਵਿਭਾਗ ਨੇ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਜੁਲਾਈ 2026 ਦੌਰਾਨ ਛੇ ਅਣਅਧਿਕਾਰਤ ਮਾਈਨਿੰਗ ਸਾਈਟਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕੀਤੀ ਹੈ। ਵਿਭਾਗ ਵੱਲੋਂ ਕੀਤੀਆਂ ਜਾਂਚਾਂ ਦੌਰਾਨ ਇਨ੍ਹਾਂ ਥਾਵਾਂ 'ਤੇ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਖੁਦਾਈ ਹੋਣ ਦੇ ਸਬੂਤ ਮਿਲੇ ਹਨ, ਜਦਕਿ ਇਨ੍ਹਾਂ ਲਈ ਕੋਈ ਵੀ ਅਧਿਕਾਰਤ ਮਨਜ਼ੂਰੀ ਜਾਂ ਪਰਮਿਟ ਜਾਰੀ ਨਹੀਂ ਕੀਤਾ ਗਿਆ ਸੀ। ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਗੁਰਤੇਜ ਸਿੰਘ ਗਰਚਾ ਨੇ ਦੱਸਿਆ ਕਿ ਐਸ.ਡੀ.ਓ. ਪ੍ਰਦੀਪ ਕੁਮਾਰ ਅਤੇ ਜੂਨੀਅਰ ਇੰਜੀਨੀਅਰ-ਕਮ-ਮਾਈਨਿੰਗ ਇੰਸਪੈਕਟਰਾਂ ਵੱਲੋਂ ਮੌਕੇ 'ਤੇ ਕੀਤੀਆਂ ਜਾਂਚਾਂ ਦੌਰਾਨ ਖੇੜੀ ਜੱਟਾਂ, ਮੁਕੰਦਪੁਰ, ਹੈਬਤਪੁਰ, ਬਿਜਨਪੁਰ, ਡੇਰਾਬੱਸੀ ਖੇਤਰ ਦੀ ਇੱਕ ਹੋਰ ਸਾਈਟ ਅਤੇ ਰਾਮਪੁਰ ਸੈਣੀਆਂ ਵਿੱਚ ਗੈਰ-ਕਾਨੂੰਨੀ ਖੁਦਾਈ ਦੀ ਪੁਸ਼ਟੀ ਹੋਈ। ਵਿਭਾਗ ਅਨੁਸਾਰ ਇਨ੍ਹਾਂ ਛੇ ਸਥਾਨਾਂ 'ਤੇ 12.79 ਲੱਖ ਘਣ ਫੁੱਟ ਤੋਂ ਵੱਧ ਸਮੱਗਰੀ ਦੀ ਗੈਰ-ਕਾਨੂੰਨੀ ਖੁਦਾਈ ਹੋਣ ਦਾ ਸ਼ੱਕ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਲਗਭਗ 6.55 ਲੱਖ ਘਣ ਫੁੱਟ ਖੁਦਾਈ ਇੱਕ ਸਥਾਨ 'ਤੇ ਦਰਜ ਕੀਤੀ ਗਈ। ਜਾਂਚ ਰਿਪੋਰਟ ਵਿੱਚ ਸਾਰੀਆਂ ਸਾਈਟਾਂ ਦੇ ਜੀ.ਪੀ.ਐੱਸ. ਕੋਆਰਡੀਨੇਟ ਵੀ ਦਰਜ ਕੀਤੇ ਗਏ ਹਨ। ਗੁਰਤੇਜ ਸਿੰਘ ਗਰਚਾ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਸਥਾਨ ਲਈ ਛੋਟੇ ਖਣਿਜਾਂ ਜਾਂ ਮਿੱਟੀ ਦੀ ਖੁਦਾਈ ਸਬੰਧੀ ਕੋਈ ਮਨਜ਼ੂਰੀ ਜਾਂ ਪਰਮਿਟ ਜਾਰੀ ਨਹੀਂ ਕੀਤਾ ਗਿਆ ਸੀ। ਜ਼ਮੀਨ ਦੀ ਮਲਕੀਅਤ ਅਤੇ ਸਬੰਧਤ ਖਸਰਾ ਨੰਬਰਾਂ ਦੀ ਪੁਸ਼ਟੀ ਲਈ ਮਾਲ ਵਿਭਾਗ ਨੂੰ ਨਿਸ਼ਾਨਦੇਹੀ ਕਰਨ ਲਈ ਪੱਤਰ ਭੇਜਿਆ ਗਿਆ ਹੈ। ਨਿਸ਼ਾਨਦੇਹੀ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੇ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ, 1957 ਦੀ ਧਾਰਾ 4(1) ਅਤੇ 21(1) ਤਹਿਤ ਅਪਰਾਧਿਕ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਜੁਲਾਈ ਮਹੀਨੇ ਦੌਰਾਨ ਕਈ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਡੇਰਾਬੱਸੀ ਵਿੱਚ ਇੱਕ ਮਾਮਲਾ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਕਾਰਵਾਈ ਦੌਰਾਨ ਸਰਕਾਰੀ ਅਧਿਕਾਰੀਆਂ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ਾਂ ਨਾਲ ਸਬੰਧਿਤ ਹੈ। ਇਸੇ ਤਰ੍ਹਾਂ ਹੰਡੇਸਰਾ ਦੇ ਟਾਂਗਰੀ ਦਰਿਆ ਖੇਤਰ ਵਿੱਚ ਲਗਭਗ 40.50 ਲੱਖ ਘਣ ਫੁੱਟ ਮਿੱਟੀ ਦੀ ਕਥਿਤ ਗੈਰ-ਕਾਨੂੰਨੀ ਖੁਦਾਈ ਸਬੰਧੀ ਵੀ ਇੱਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਬਿਜਨਪੁਰ, ਪੀਰ ਮੁੱਛੱਲਾ ਅਤੇ ਘਡੋਲੀ ਵਿੱਚ ਵੀ ਗੈਰ-ਕਾਨੂੰਨੀ ਮਾਈਨਿੰਗ ਨਾਲ ਜੁੜੇ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਿਜਨਪੁਰ ਵਿਖੇ ਇੱਕ ਜਾਂਚ ਦੌਰਾਨ ਜੇ.ਸੀ.ਬੀ. ਮਸ਼ੀਨ ਨਾਲ ਗੈਰ-ਕਾਨੂੰਨੀ ਖੁਦਾਈ ਜਾਰੀ ਮਿਲੀ, ਪਰ ਕਾਰਵਾਈ ਤੋਂ ਪਹਿਲਾਂ ਹੀ ਮਸ਼ੀਨ ਚਾਲਕ ਜੇ.ਸੀ.ਬੀ. ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਪੀਰ ਮੁੱਛੱਲਾ ਨੇੜੇ ਘੱਗਰ ਦਰਿਆ ਵਿੱਚੋਂ ਕਥਿਤ ਤੌਰ 'ਤੇ ਬਜਰੀ ਦੀ ਗੈਰ-ਕਾਨੂੰਨੀ ਖੁਦਾਈ ਕਰਨ ਦੇ ਦੋਸ਼ਾਂ ਹੇਠ ਵੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਮਾਈਨਿੰਗ ਵਿਭਾਗ ਨੇ ਕਿਹਾ ਕਿ ਇਹ ਕਾਰਵਾਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਮਾਈਨਿੰਗ 'ਤੇ ਰੋਕ ਲਗਾਉਣ ਲਈ ਚਲਾਈ ਜਾ ਰਹੀ ਲਗਾਤਾਰ ਮੁਹਿੰਮ ਦਾ ਹਿੱਸਾ ਹੈ। ਵਿਭਾਗ ਅਨੁਸਾਰ ਮਾਲ ਵਿਭਾਗ ਦੀ ਨਿਸ਼ਾਨਦੇਹੀ ਰਿਪੋਰਟ ਅਤੇ ਪੁਲਿਸ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਆਉਣ ਵਾਲੇ ਸਮੇਂ ਵਿੱਚ ਹੋਰ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।