ਦਿੱਲੀ 'ਚ ਸੰਸਦ ਮੈਂਬਰ ਪੱਪੂ ਯਾਦਵ 'ਤੇ ਜੁੱਤੀ ਸੁੱਟੀ, ਇੱਕ ਵਿਅਕਤੀ ਕੋਲੋਂ ਚਾਕੂ ਵੀ ਬਰਾਮਦ

ਦਿੱਲੀ 'ਚ ਸੰਸਦ ਮੈਂਬਰ ਪੱਪੂ ਯਾਦਵ 'ਤੇ ਜੁੱਤੀ ਸੁੱਟੀ, ਇੱਕ ਵਿਅਕਤੀ ਕੋਲੋਂ ਚਾਕੂ ਵੀ ਬਰਾਮਦ

ਬਿਹਾਰ ਦੇ ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੂੰ ਐਤਵਾਰ ਨੂੰ ਨਵੀਂ ਦਿੱਲੀ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਪ੍ਰੈੱਸ ਕਾਨਫਰੰਸ ਦੌਰਾਨ ਨਿਸ਼ਾਨਾ ਬਣਾਇਆ ਗਿਆ। ਘਟਨਾ ਦੌਰਾਨ ਇੱਕ ਵਿਅਕਤੀ ਵੱਲੋਂ ਕਥਿਤ ਤੌਰ 'ਤੇ ਉਨ੍ਹਾਂ ਵੱਲ ਜੁੱਤੀ ਸੁੱਟੀ ਗਈ, ਜਦਕਿ ਇੱਕ ਹਮਲਾਵਰ ਕੋਲੋਂ ਚਾਕੂ ਵੀ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜੁੱਤੀ ਸੁੱਟੇ ਜਾਣ ਤੋਂ ਬਾਅਦ ਪੱਪੂ ਯਾਦਵ ਦੇ ਸਮਰਥਕਾਂ ਅਤੇ ਹਮਲਾਵਰਾਂ ਵਿਚਾਲੇ ਧੱਕਾ-ਮੁੱਕੀ ਅਤੇ ਖਿੱਚੋਤਾਣ ਹੋਈ, ਜਿਸ ਕਾਰਨ ਮੌਕੇ 'ਤੇ ਹੰਗਾਮੇ ਵਾਲਾ ਮਾਹੌਲ ਬਣ ਗਿਆ। ਇਹ ਘਟਨਾ ਸੰਸਦ ਭਵਨ ਕੰਪਲੈਕਸ ਵਿੱਚ ਵਿਰੋਧੀ ਧਿਰ ਵੱਲੋਂ ਰਾਮ ਮੰਦਰ ਦੇ ਚੜ੍ਹਾਵੇ ਦੀ ਕਥਿਤ ਚੋਰੀ ਦੇ ਮੁੱਦੇ 'ਤੇ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਵਾਪਰੀ। ਪੁਲੀਸ ਅਨੁਸਾਰ, ਹਿਰਾਸਤ ਵਿੱਚ ਲਏ ਗਏ ਦੋ ਵਿਅਕਤੀਆਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੀ ਸਿਕੰਦਰਾਬਾਦ ਤਹਿਸੀਲ ਦੇ ਪਿੰਡ ਸ਼ਾਹਪਾਨੀ ਦੇ ਰਹਿਣ ਵਾਲੇ ਸੁਮਿਤ ਅਤੇ ਹੈਪੀ ਵਜੋਂ ਹੋਈ ਹੈ। ਸੁਮਿਤ ਵੱਲੋਂ ਕਥਿਤ ਹਮਲੇ ਤੋਂ ਬਾਅਦ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਕੀ ਹਮਲਾਵਰ ਪ੍ਰੈੱਸ ਕਾਨਫਰੰਸ ਵਿੱਚ ਚਾਕੂ ਲੈ ਕੇ ਪਹੁੰਚੇ ਸਨ। ਇਸੇ ਦੌਰਾਨ, ਪੱਪੂ ਯਾਦਵ ਦੇ ਕੁਝ ਸਮਰਥਕਾਂ ਕੋਲੋਂ ਵੀ ਇੱਕ ਚਾਕੂ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੱਪੂ ਯਾਦਵ ਨੇ ਦਾਅਵਾ ਕੀਤਾ ਕਿ ਹਮਲਾਵਰ ਉਨ੍ਹਾਂ ਦੀ ਹੱਤਿਆ ਕਰਨ ਦੇ ਇਰਾਦੇ ਨਾਲ ਆਏ ਸਨ। ਉਨ੍ਹਾਂ ਕਿਹਾ, "ਉਹ ਮੈਨੂੰ ਚਾਕੂ ਨਾਲ ਮਾਰਨ ਆਇਆ ਸੀ। ਮੈਨੂੰ ਮਾਰਨ ਦੀ ਸਾਜ਼ਿਸ਼ ਸੀ। ਮੈਂ ਸਨਾਤਨ ਦਾ ਅਪਮਾਨ ਨਹੀਂ ਕੀਤਾ। ਮੇਰੀ ਰਿਹਾਇਸ਼ 'ਤੇ ਮੇਰੇ 'ਤੇ ਹਮਲਾ ਕੀਤਾ ਗਿਆ।" ਪੱਪੂ ਯਾਦਵ ਦੇ ਮੀਡੀਆ ਕੋਆਰਡੀਨੇਟਰ ਜ਼ੈਦ ਖਾਨ ਨੇ ਦੋਸ਼ ਲਗਾਇਆ ਕਿ ਜਦੋਂ ਹਮਲਾਵਰ ਨੇ ਚਾਕੂ ਕੱਢਿਆ ਤਾਂ ਸਮਰਥਕਾਂ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਹ ਹਮਲਾਵਰ ਅਤੇ ਪੱਪੂ ਯਾਦਵ ਦੇ ਵਿਚਕਾਰ ਆ ਗਏ, ਜਿਸ ਕਾਰਨ ਉਨ੍ਹਾਂ ਨਾਲ ਕੁੱਟਮਾਰ ਹੋਈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਦਿੱਲੀ ਪੁਲੀਸ ਮੌਕੇ 'ਤੇ ਮੌਜੂਦ ਹੋਣ ਦੇ ਬਾਵਜੂਦ ਕੋਈ ਦਖ਼ਲ ਨਹੀਂ ਦੇ ਸਕੀ। ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਰਾਮ ਮੰਦਰ ਵਿੱਚ ਚੜ੍ਹਾਵੇ ਦੇ ਪੈਸਿਆਂ ਦੀ ਕਥਿਤ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਸੰਸਦ ਪਰਿਸਰ ਵਿੱਚ ਪ੍ਰਤੀਕਾਤਮਕ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਸੰਸਦ ਦੇ ਮਕਰ ਦੁਆਰ ਨੇੜੇ ਦਾਨ ਪੇਟੀਆਂ ਰੱਖੀਆਂ ਗਈਆਂ, ਜਿਨ੍ਹਾਂ ਵਿੱਚ ਰਾਹੁਲ ਗਾਂਧੀ ਸਮੇਤ ਹੋਰ ਸੰਸਦ ਮੈਂਬਰਾਂ ਨੇ ਪੈਸੇ ਪਾਏ। ਇਸੇ ਪ੍ਰਦਰਸ਼ਨ ਦੌਰਾਨ ਪੱਪੂ ਯਾਦਵ ਨੇ ਭਗਵੇਂ ਕੱਪੜੇ ਪਾ ਕੇ ਆਪਣੀਆਂ ਜੇਬਾਂ ਵਿੱਚ ਕੁਝ ਪੈਸੇ ਰੱਖੇ, ਜਿਸ ਨੂੰ ਵਿਰੋਧੀ ਧਿਰ ਦੇ ਦੋਸ਼ਾਂ ਦਾ ਪ੍ਰਤੀਕ ਦੱਸਿਆ ਗਿਆ। ਇਸ ਪ੍ਰਦਰਸ਼ਨ 'ਤੇ ਹਰਿਦੁਆਰ ਦੇ ਕੁਝ ਸਾਧੂਆਂ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਜੂਨਾ ਅਖਾੜੇ ਦੇ ਧਾਰਮਿਕ ਆਗੂਆਂ ਨੇ ਇਸ ਨੂੰ ਹਿੰਦੂ ਧਾਰਮਿਕ ਪਰੰਪਰਾਵਾਂ ਦਾ ਅਪਮਾਨ ਕਰਾਰ ਦਿੰਦਿਆਂ ਸੰਸਦ ਮੈਂਬਰ ਪੱਪੂ ਯਾਦਵ ਵਿਰੁੱਧ ਦੇਸ਼-ਵਿਆਪੀ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ।